ਬੀ.ਐਫ.ਜੀ.ਆਈ. ਦਾ 8ਵਾਂ ਅੰਤਰਰਾਸ਼ਟਰੀ ਫੈਸਟ ਵਿਬਗਿਓਰ-20 ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

706

ਅੰਤਰਰਾਸ਼ਟਰੀ ਮੇਲੇ ਵਿਚ 25 ਤੋਂ ਵਧੇਰੇ ਦੇਸ਼ਾਂ ਦੇ ਡੈਲੀਗੇਟਾਂ ਨੇ ਭਾਗ ਲਿਆ
ਬਠਿੰਡਾ/ 3 ਫਰਵਰੀ/ ਬਲਵਿੰਦਰ ਸਿੰਘ ਭੁੱਲਰ

ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਫਲਾਇੰਗ ਫੈਦਰਜ਼ ਦੇ ਸਹਿਯੋਗ ਨਾਲ ਆਯੋਜਿਤ ਅੱਠਵਾਂ ਅੰਤਰਰਾਸ਼ਟਰੀ ਫੈਸਟ ’ਵਿਬਗਿਓਰ-20’ ਪੂਰੇ ਜ਼ੋਬਨ ਤੇ ਆ ਕੇ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਦੂਜੇ ਦਿਨ ਸਫ਼ਲਤਾਪੂਰਵਕ ਸਮਾਪਤ ਹੋਇਆ। ਵਿਬਗਿਓਰ-20 ਸੰਸਥਾ ਦਾ ਸਾਲਾਨਾ ਫੈਸਟ ਹੈ ਜੋ ਹਰ ਸਾਲ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਸੱਭਿਆਚਾਰਕ ਵਟਾਂਦਰੇ ਲਈ ਹਿੱਸਾ ਲੈਂਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਕਨੀਕੀ ਅਤੇ ਮੈਨੇਜਮੈਂਟ ਬਾਰੇ ਗਿਆਨ ਅਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਦੇ ਹਨ। ਅਖੀਰਲੇ ਦਿਨ ਦੇ ਇਸ ਸ਼ਾਨਦਾਰ ਸਮਾਗਮ ਦੇ ਮੁੱਖ ਮਹਿਮਾਨ ਸ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਸਨ ਜਦੋਂ ਕਿ ਸ. ਅਜੀਤ ਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ੍ਹ, ਸ੍ਰੀ ਨਰਿੰਦਰ ਭਾਰਗਵ (ਐਸ.ਐਸ.ਪੀ., ਮਾਨਸਾ), ਸ. ਰਜਿੰਦਰ ਸਿੰਘ ਰਾਜਾ (ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ, ਸੰਗਰੂਰ), ਸ. ਬਿਕਰਮਜੀਤ ਸਿੰਘ ਮੋਫ਼ਰ (ਚੇਅਰਮੈਨ, ਜ਼ਿਲ੍ਹਾ ਪਰੀਸ਼ਦ, ਮਾਨਸਾ) ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਬੀ.ਐਫ.ਜੀ.ਆਈ. ਦੇ ਚੇਅਰਮੈਨ, ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਸਮੇਤ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਹ ਮਾਣ ਹੈ ਕਿ ਇਸ 8ਵੇਂ ਕੌਮਾਂਤਰੀ ਫੈਸਟ ਵਿੱਚ 25 ਤੋਂ ਵੱਧ ਦੇਸ਼ਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਅੰਤਰਰਾਸ਼ਟਰੀ ਮੇਲਾ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਨੌਜਵਾਨ ਇਸ ਫੈਸਟ ਦੀ ਬਹੁਤ ਹੀ ਸ਼ਿੱਦਤ ਨਾਲ ਪੂਰਾ ਸਾਲ ਉਡੀਕ ਕਰਦੇ ਹਨ। ਉਨ੍ਹਾਂ ਨੇ ਬੀ.ਐਡ.ਜੀ.ਆਈ. ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਟੀਚਿਆਂ ਬਾਰੇ ਮਹਿਮਾਨਾਂ ਨੂੰ ਜਾਣੂ ਕਰਵਾਇਆ। ਮੁੱਖ ਮਹਿਮਾਨ ਸ. ਰਵਨੀਤ ਸਿੰਘ ਬਿੱਟੂ ਐਮ.ਪੀ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਪਹਿਲੂ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਲੱਚਰ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨਾ ਸੁਨਣ ਲਈ ਨੋਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਗੀਤ ਸੱਚਾਈ ਤੋ ਕੋਹਾਂ ਦੂਰ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਮੋਹਰੀ ਭੁਮਿਕਾ ਨਿਭਾਊਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਸ. ਰਵਨੀਤ ਸਿੰਘ ਬਿੱਟੂ ਨੇ ਹਰ ਸਾਲ ਅਜਿਹਾ ਵਿਲੱਖਣ ਸੱਤ ਰੰਗਾਂ ਦੇ ਸੁਮੇਲ ਵਾਲਾ ਅੰਤਰਰਾਸ਼ਟਰੀ ਮੇਲਾ ’ਵਿਬਗਿਓਰ’ ਆਯੋਜਿਤ ਕਰਨ ਲਈ ਬੀ.ਐਫ.ਜੀ.ਆਈ. ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਸਮਾਜਿਕ ਸੇਵਾਵਾਂ ਵਿੱਚ ਦਿੱਤੇ ਯੋਗਦਾਨ ਲਈ ਸੰਸਥਾ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਇਕਾਈਆਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਪਿੰਡ ਦੌਲਾ ਦੀ ਇਕਾਈ ਨੇ ਪਹਿਲਾ ਇਨਾਮ ਹਾਸਲ ਕਰਕੇ 51ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਅਤੇ ਹੋਰਨਾਂ ਨੇ 31ਹਜ਼ਾਰ, 21 ਹਜ਼ਾਰ, 11 ਹਜਾਰ ਅਤੇ 51 ਸੌ ਰੁਪਏ ਦੇ ਇਨਾਮ ਜਿੱਤੇ। ਇਸ ਮੌਕੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚੋਂ ਦੂਜਾ ਸਥਾਨ ਹਾਸਲ ਕਰਨ ਵਾਲੀ ਬਾਬਾ ਫ਼ਰੀਦ ਕਾਲਜ ਦੀ ਗਿੱਧਾ ਟੀਮ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਜਤਿੰਦਰ ਕੁਮਾਰ ਗਾਬਾ ਨੂੰ ਵੀ ਸਨਮਾਨਿਤ ਕੀਤਾ ਜਿਸ ਨੇ ਇੱਕ ਮਿਸਾਲ ਕਾਇਮ ਕਰਦੇ ਹੋਏ ਸਾਲ 2019 ਦੌਰਾਨ ਆਪਣਾ 50 ਕਿਲੋ ਭਾਰ ਘਟਾ ਕੇ ਹੋਰਨਾਂ ਨੂੰ ਵੀ ਸਿਹਤਮੰਦ ਜ਼ਿੰਦਗੀ ਜੀਣ ਲਈ ਪ੍ਰੇਰਿਤ ਕੀਤਾ ਹੈ ।
ਗਲੋਬਲ ਵਿਲੇਜ ਵਿੱਚ ਇਜ਼ਿਪਟ, ਜਿੰਬਾਬਵੇ, ਰਵਾਡਾਂ, ਮੋਰਾਕੋ, ਸੀਰੀਆ, ਨਾਈਜ਼ੀਰੀਆ, ਜਾਂਬੀਆ , ਯੁਗਾਡਾਂ ਆਦਿ ਵੱਖ-ਵੱਖ 25 ਤੋਂ ਵਧੇਰੇ ਦੇਸ਼ਾਂ ਦੇ ਡੈਲੀਗੇਟਾਂ ਨੇ ਆਪਣੇ-ਆਪਣੇ ਦੇਸ਼ ਦੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਅਤੇ ਇਸ ਮੇਲੇ ਦਾ ਖ਼ੂਬ ਆਨੰਦ ਮਾਣਿਆ। ਅੰਤਰਰਾਸ਼ਟਰੀ ਪੇਸ਼ਕਾਰੀਆਂ ਵਿੱਚ ਵੱਖ-ਵੱਖ ਦੇਸ਼ਾਂ ਦੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਜਿਨ੍ਹਾਂ ਵਿੱਚ ਰਵਾਂਡਾ ਡਾਂਸ, ਨਾਇਜੀਰੀਅਨ ਡਾਂਸ ਅਤੇ ਸੱਭਿਆਚਾਰਕ ਸ਼ੋਅ ਵਰਗੀਆਂ ਅੰਤਰਰਾਸ਼ਟਰੀ ਪੇਸ਼ਕਾਰੀਆਂ ਵੀ ਹਾਜ਼ਰੀਨਾਂ ਦੀ ਖਿੱਚ ਦਾ ਕੇਂਦਰ ਰਹੀਆਂ । ਸੱਭਿਆਚਾਰਕ ਵੰਨਗੀਆਂ, ਰਾਜਸਥਾਨੀ ਨਾਚ, ਭੰਗੜਾ, ਪੱਛਮੀ ਡਾਂਸ, ਫੋਕ ਆਰਕੈਸਟਰਾ ਆਦਿ ਪੇਸ਼ਕਾਰੀਆਂ ਨੇ ਵੀ ਖੂਬ ਰੌਣਕਾਂ ਲਾਈਆਂ। ਕੇ.ਟੀ.ਐਮ. ਬਾਈਕਸ ਵੱਲੋਂ ਸਟੰਟਮੈਨਾਂ ਨੇ ਹੈਰਾਨਕੁੰਨ ਬਾਈਕ ਸਟੰਟ ਦਿਖਾ ਕੇ ਨੋਜਵਾਨਾਂ ਦਾ ਭਰਪੂਰ ਮੰਨੋਰੰਜਨ ਕੀਤਾ । ਇਸ ਫੈਸਟ ਵਿੱਚ ਇੰਡੀਅਨ ਏਅਰ ਫੋਰਸ ਵੱਲੋਂ ਵੀ ਪ੍ਰਦਰਸ਼ਨੀ ਲਗਾਈ ਗਈ ਜਿਥੇ ਨੋਜਵਾਨਾਂ ਨੇ ਏਅਰ ਫੋਰਸ ਨਾਲ ਜੁੜਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਟੀ.ਪੀ.ਆਰ. ਅਤੇ ਫਲਾਇੰਗ ਫੈਦਰਜ਼ ਦੀ ਸਟਾਲ ਖ਼ਾਸ ਖਿੱਚ ਦਾ ਕੇਂਦਰ ਬਣੀ ਰਹੀ । ਅਮਿਊਜ਼ਮੈਂਟ ਪਾਰਕ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਝੂਲਿਆਂ ਅਤੇ ਚੰਡੋਲਾਂ ਦਾ ਆਨੰਦ ਮਾਣਿਆ । ਫੂਡ ਕੋਰਟ ਵਿੱਚ ਵੱਖ ਵੱਖ ਸਟਾਲਾਂ ਨੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਆਕਰਸ਼ਤ ਕੀਤਾ ਜਿੱਥੇ ਹਰ ਇੱਕ ਨੇ ਵੱਖ-ਵੱਖ ਪਕਵਾਨਾਂ ਦਾ ਆਨੰਦ ਮਾਣਿਆ। ਮੁੱਖ ਮੰਚ ਤੇ ਅੱਜ ਪੰਜਾਬੀ ਗਾਇਕ ਜਸ ਬਾਜਵਾ, ਦੀ ਲੈਂਡਰਜ਼, ਬਾਣੀ ਸੰਧੂ, ਖ਼ਾਨ ਭੈਣੀ ਅਤੇ ਪੈਨੀ ਦੀ ਗਾਇਕੀ ਨੇ ਮੰਨੋਰੰਜਨ ਦਾ ਅਜਿਹਾ ਰੰਗ ਬਿਖੇਰਿਆ ਕਿ ਹਾਜ਼ਰੀਨ ਨੌਜਵਾਨ ਲੜਕੇ ਤੇ ਲੜਕੀਆਂ ਦੇ ਦਿਲ ਨੂੰ ਲੁੱਟ ਲਿਆ । ਅਖ਼ੀਰ ਵਿੱਚ ਨੋਜਵਾਨਾਂ ਦੇ ਦਿਲਾਂ ਦੀ ਧੜਕਨ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀ ਲਾਈਵ ਪ੍ਰਫਾਰਮੈਂਸ ਨੇ ਦਰਸ਼ਕਾਂ ਨੂੰ ਆਪਣੀ ਬੀਟ ‘ਤੇ ਖ਼ੂਬ ਨਚਾਇਆ । ਉਸ ਨੇ ਆਪਣੀਆਂ ਐਲਬਮਾਂ ਦੇ ਹਿੱਟ ਗਾਣਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹ ਲਿਆ। ਬੀ.ਐਫ.ਜੀ.ਆਈ. ਵਿਖੇ ਆਯੋਜਿਤ ਇਸ ਲਾਈਵ ਸ਼ੋਅ ਦੇ ਰੰਗਾਰੰਗ ਮਾਹੌਲ ਵਿਚ ਦਰਸ਼ਕ ਪੂਰੀ ਤਰ੍ਹਾਂ ਰੰਗੇ ਹੋਏ ਆਨੰਦ ਮਾਣ ਰਹੇ ਅਤੇ ਭੰਗੜੇ ਪਾ ਰਹੇ ਸਨ। ਅੰਤ ਵਿੱਚ ਫਲਾਇੰਗ ਫੈਦਰਜ਼ ਦੇ ਸਹਿਯੋਗ ਨਾਲ ਆਯੋਜਿਤ ਬੀ.ਐਫ.ਜੀ.ਆਈ. ਦਾ ਇਹ 8ਵਾਂ ਅੰਤਰਰਾਸ਼ਟਰੀ ਫੈਸਟ ਬਗਿਓਰ-20’ ਸਫ਼ਲਤਾ ਦੀਆਂ ਪੁਲਾਘਾਂ ਪੁੱਟਦਾ ਲੋਕਾਂ ਦੇ ਦਿਲਾਂ ਵਿਚ ਅਮਿੱਟ ਯਾਦਾਂ ਨੂੰ ਛੱਡਦਾ ਹੋਇਆ ਸਮਾਪਤ ਹੋ ਗਿਆ।

Real Estate