ਵਿਰਾਸਤੀ ਮਾਰਗ ਤੋਂ ਹਟਾਏ ਡਾਂਸਰਾਂ ਦੇ ਬੁੱਤ

920

ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਵਿਰਾਸਤੀ ਮਾਰਗ ’ਤੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਏ ਗਏ ਡਾਂਸਰਾਂ ਦੇ ਬੁੱਤ ਅੱਜ ਹਟਾ ਦਿੱਤੇ ਗਏ ਹਨ। ਇਨ੍ਹਾਂ ਬੁੱਤਾਂ ਕਾਰਨ ਸਿੱਖ ਸੰਗਤ ’ਚ ਕੁਝ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ।ਪਿਛਲੇ ਕਈ ਦਿਨਾਂ ਤੱਕ ਇੱਥੇ ਕੁਝ ਸਿੱਖ ਜੱਥੇਬੰਦੀਆਂ ਨੇ ਇਸੇ ਮੁੱਦੇ ਨੂੰ ਲੈ ਕੇ ਰੋਸ ਮੁਜ਼ਾਹਰਾ ਵੀ ਕੀਤਾ ਸੀ ਤੇ ਧਰਨੇ ਵੀ ਦਿੱਤੇ ਸਨ। ਦਰਅਸਲ, ਇਨ੍ਹਾਂ ਬੁੱਤਾਂ ਦੀ ਰਾਤ ਸਮੇਂ ਤੋੜ–ਭੰਨ ਤੋਂ ਬਾਅਦ ਇਹ ਮਾਮਲਾ ਭਖਿਆ ਸੀ।ਇਨ੍ਹਾਂ ਬੁੱਤਾਂ ਦੀ ਤੋੜ–ਭੰਨ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰੋਸ ਧਰਨੇ ’ਤੇ ਬੈਠੇ ਸਿੰਘ ਤੇ ਸਿੰਘਣੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਤੇ ਇਹ ਬੁੱਤ ਹਟਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੰਗੜਾ ਤੇ ਗਿੱਧਾ ਪਾਉਂਦੇ ਨਚਾਰਾਂ ਦੇ ਬੁੱਤ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਦੇ ਹੁਕਮਾਂ ਉੱਤੇ ਅਮਲ ਕਰਦਿਆਂ ਅੱਜ ਸਵੇਰੇ ਹੀ ਇਹ ਬੁੱਤ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਇਹ ਬੁੱਤ ਇਸ ਵਿਰਾਸਤੀ ਮਾਰਗ ਤੋਂ ਹਟਾ ਤਾਂ ਦਿੱਤੇ ਗਏ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਹੁਣ ਇਨ੍ਹਾਂ ਨੂੰ ਕਿੱਥੇ ਸਥਾਪਤ ਕੀਤਾ ਜਾਵੇਗਾ।

Real Estate