ਗੁਰਮਤਿ ਸੰਗੀਤ ਵਰਕਸ਼ਾਪ-ਤਾਂ ਕਿ ਬਣਦੇ ਰਹਿਣ ਕੀਰਤਨੀਏ

2693

ਜੇ ਕਿਸੇ ਮੁੜ ਬਾਤ ਹੀ ਨਹੀਂ ਪੁੱਛਣੀ ਤਾਂ ਨਵੀਂ ਪੀੜ੍ਹੀ ਦਾ ਗੁਰਮਤਿ ਸੰਗੀਤ ਨਾਲ ਜੁੜਨਾ ਔਖਾ- ਬੀਬੀ ਰਾਜਵਿੰਦਰ ਕੌਰ
‘ਗਾਵਹੁ ਸਚੀ ਬਾਣੀ’, ‘ਸਾ ਰੇ ਗਾ ਮਾ’ ਤੋਂ ਬਾਅਦ ‘ਮਹਿਫਲ-ਏ-ਗਜ਼ਲ’ ਵੀ
ਔਕਲੈਂਡ 30 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਗੁਰਮਤਿ ਸੰਗੀਤ ਇਕ ਸਿਰਜਣਹਾਰ ਜਾਂ ਕਹਿ ਲਈਏ ਭਗਵਾਨ ਨੂੰ ਸੰਗੀਤਮਈ ਸਿਜਦਾ ਕਰਨ ਦਾ ਪਵਿੱਤਰ ਤਰੀਕਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਅਤੇ ਕੁਝ ਮਿਸ਼ਰਤ ਰਾਗਾਂ ਦੇ ਅਧਾਰਿਤ ਹੈ। ਰਾਗਾਂ ਦੀ ਵਿਦਿਆ ਸਿੱਖਣਾ ਅਤੇ ਫਿਰ ਰਾਗਾਂ ਅਧਾਰਿਤ ਕੀਰਤਨ ਕਰਨਾ ਇਕ ਹੁਨਰਮੰਦ ਕਲਾ ਹੈ। ਗੁਰਬਾਣੀ ਸੰਗੀਤ ਦੇ ਛੋਟੇ ਅਤੇ ਵੱਡੇ ਮੁਕਾਬਲੇ ਅੱਜਕੱਲ੍ਹ ਹੁੰਦੇ ਹਨ। ਬਹੁਤ ਸਾਰੇ ਬੱਚੇ ਭਾਗ ਲੈਂਦੇ ਹਨ ਅਤੇ ਬਹੁਤ ਨਿਖਰਵੀਂ ਕਲਾ ਦਾ ਪ੍ਰਦਰਸ਼ਨ ਕਰਦੇ ਹਨ। 2017 ਦੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਆਯੋਜਿਤ ਇਕ ਟੀ।ਵੀ। ਚੈਨਲ ਉਤੇ ‘ਗਾਵਹੁ ਸਚੀ ਬਾਣੀ’ ਗੁਰਮਤਿ ਸੰਗੀਤ ਮੁਕਾਬਲਾ ਹੋਇਆ ਸੀ ਜਿਸ ਦੇ ਵਿਚ ਅੰਮ੍ਰਿਤਸਰ ਦੀ ਨੌਜਵਾਨ ਕੁੜੀ ਰਾਜਵਿੰਦਰ ਕੌਰ (ਮਿਊਜ਼ਕ ਗ੍ਰੈਜੂਏਸ਼ਨ) ਨੇ ਭਾਗ ਲਿਆ ਅਤੇ ਇਹ ਵਕਾਰੀ ਮੁਕਾਬਲਾ ਜਿੱਤਿਆ ਸੀ। ਬੀਬੀ ਰਾਜਵਿੰਦਰ ਕੌਰ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਆਏ ਹੋਏ ਹਨ ਜਿੱਥੇ ਉਨ੍ਹਾਂ ਔਕਲੈਂਡ ਅਤੇ ਵਲਿੰਗਟਨ ਵਿਖੇ ਕੀਰਤਨ ਤੇ ਤੰਤੀ ਸਾਜ਼ ਵਿਦਿਆ ਦੀ ਸਾਂਝੀ ਵਰਕਸ਼ਾਪ ਪ੍ਰੋ। ਮਨਜੀਤ ਸਿੰਘ ਦੇ ਨਾਲ ਲਗਾਈ ਹੈ। ਅੱਜ ਇਸ ਪੱਤਰਕਾਰ ਦੇ ਨਾਲ ਉਨ੍ਹਾਂ ਇਕ ਮੁਲਾਕਾਤ ਦੇ ਵਿਚ ਨਿਹੋਰਾ ਲੈਂਦਿਆਂ ਕਿਹਾ ਕਿ ਵੱਡੇ ਉਦਮੀਆਂ ਦੇ ਵੱਡੇ ਪ੍ਰੋਗਰਾਮਾਂ ਦੇ ਵਿਚੋਂ ਨਿਕਲੇ ਜੇਤੂ ਬੱਚਿਆਂ ਜਾਂ ਉਪਰਲੀ ਸ਼੍ਰੇਣੀ ਦੇ ਵਿਚ ਆਏ ਬੱਚਿਆਂ ਨੂੰ ਪ੍ਰੋਗਰਾਮ ਤੋਂ ਬਾਅਦ ਕੋਈ ਨਹੀਂ ਪੁੱਛਦਾ ਜਿਸ ਕਰਕੇ ਨਵੀਂ ਪੀੜ੍ਹੀ ਦਾ ਗੁਰਮਤਿ ਸੰਗੀਤ ਦੇ ਨਾਲ ਰਿਸ਼ਤਾ ਲੰਬੇ ਸਮੇਂ ਲਈ ਬੱਝਿਆ ਨਹੀਂ ਰਹਿੰਦਾ। ਦੂਜੇ ਰੀਅਲਟੀ ਸ਼ੋਆਂ ਦੇ ਵਿਚ ਜੇਕਰ ਕੋਈ ਜੇਤੂ ਹੁੰਦਾ ਹੈ ਤਾਂ ਜਿੱਥੇ ਲੱਖਾਂ ਦੇ ਇਨਾਮ ਮਿਲਦੇ ਹਨ ਉਥੇ ਉਹ ਦਿਨੋ-ਦਿਨ ਸਟਾਰ ਬਣ ਜਾਂਦੇ ਹਨ। ਉਨ੍ਹਾਂ ਆਪਣਾ ਨਿੱਜੀ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਹ 2017 ਦੇ ਵਿਚ ਜੇਤੂ ਰਹੇ ਸਨ, ਇਸ ਤੋਂ ਬਾਅਦ ਨਾ ਤਾਂ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਾਜੈਕਟ ਸਾਹਮਣੇ ਆਇਆ ਜਿਸ ਦੇ ਵਿਚ ਉਹ ਆਪਣੀ ਪ੍ਰਤਿਭਾ ਹੋਰ ਬੱਚਿਆਂ ਨੂੰ ਵੰਡ ਸਕਦੇ ਅਤੇ ਨਾ ਹੀ ਕਿਸੀ ਵੱਡੀ ਸੰਸਥਾ ਨੇ ਅਜਿਹਾ ਉਪਰਾਲਾ ਕੀਤਾ ਜਿਸ ਦੇ ਨਾਲ ਹੋਰ ਬੱਚਿਆਂ ਨੂੰ ਗੁਰਮਤਿ ਸੰਗੀਤ ਪ੍ਰਤੀ ਖਿਚ ਪੈਦਾ ਹੋਈ ਹੋਵੇ। ਸੰਗਤ ਦੇ ਵਿਚੋਂ ਜਰੂਰ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਮਿਲਿਆ, ਵਿਦੇਸ਼ ਦੇ ਵਿਚ ਵੀ ਉਨ੍ਹਾਂ ਨੂੰ ਬੁਲਾਇਆ ਗਿਆ। ਪਹਿਲੀ ਵਾਰ ਨਿਊਜ਼ੀਲੈਂਡ ਤੋਂ ਪ੍ਰੋ। ਮਨਜੀਤ ਸਿੰਘ ਜਿਨ੍ਹਾਂ ਦੇ ਕੋਲ ਉਹ ਰੁਕੇ ਹੋਏ ਹਨ, ਨੇ 2018 ਦੇ ਵਿਚ ਗੁਰਮਤਿ ਸੰਗੀਤ ਵਰਕਸ਼ਾਪ ਵਾਸਤੇ ਉਨ੍ਹਾਂ ਨੂੰ ਬੁਲਾਇਆ ਸੀ ਅਤੇ ਹੁਣ ਉਹ ਦੂਜੀ ਵਾਰ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰੋ। ਮਨਜੀਤ ਸਿੰਘ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦੇ ਕੇ ਇਸ ਪਾਸੇ ਲਗਾ ਰਹੇ ਹਨ, ਜੋ ਕਿ ਬਹੁਤ ਵੱਡਾ ਉਪਰਾਲਾ ਹੈ।
ਇਕ ਪ੍ਰਸ਼ਨ ਦੇ ਜਵਾਬ ਦੇ ਵਿਚ ਕਿ ਬਹੁਤ ਸਾਰੇ ਬੱਚੇ ਜੋ ਪਹਿਲਾਂ ਗੁਰਮਤਿ ਸੰਗੀਤ ਦੇ ਨਾਲ ਆਪਣੀ ਸ਼ੁਰੂਆਤ ਕਰਦੇ ਹਨ, ਫਿਰ ਉਹ ਸਭਿਆਚਾਰਕ ਸਟੇਜਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ, ਇਸ ਦਾ ਕੀ ਕਾਰਨ ਹੈ? ਦੇ ਜਵਾਬ ਦੇ ਵਿਚ ਉਨ੍ਹਾਂ ਕਿਹਾ ਕਿ ਜੇਕਰ ਗੁਰਮਤਿ ਸੰਗੀਤ ਦੇ ਸਫਰ ‘ਤੇ ਨਿਕਲਿਆਂ ਦੀ ਕਿਸੇ ਨੇ ਬਾਤ ਹੀ ਨਹੀਂ ਪੁੱਛਣੀ ਤਾਂ ਇਕ ਦਿਨ ਉਹ ਬੱਚੇ ਆਪਣੇ ਜੀਵਨ ਨਿਰਬਾਹ ਦੇ ਲਈ ਜਰੂਰ ਆਪਣੀ ਕਲਾ ਦੀ ਵਰਤੋਂ ਬਦਲਵੀਂ ਸਟੇਜ ਉਤੇ ਕਰਨ ਲਗਦੇ ਹਨ। ਉਨ੍ਹਾਂ ਕਿਹਾ ਕਿ ਸਾ-ਰੇ-ਗਾ-ਮਾ ਦੇ ਵਿਚ ਮੈਂ ਭਾਗ ਲਿਆ, ਕਾਫੀ ਅੱਗੇ ਤੱਕ ਗਈ ਪਰ ਕੁਝ ਕਾਰਨਾਂ ਕਰਕੇ ਛੱਡ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਗਜ਼ਲਾਂ ਗਾਈਆਂ ਜੋ ਕਿ ਬਹੁਤ ਪਸੰਦ ਕੀਤੀਆਂ ਗਈਆਂ। ਉਹ ਆਪਣੀ ਸੰਗੀਤ ਕਲਾ ਨੂੰ ਜੀਵਤ ਰੱਖਣ ਦੇ ਲਈ ਅਤੇ ਆਪਣੀ ਕਿਰਤ ਨੂੰ ਜਾਰੀ ਰੱਖਣ ਦੇ ਲਈ ‘ਮਹਿਫਲ -ਏ-ਗਜ਼ਲ’ ਦਾ ਇਕ ਪਰੋਗਰਾਮ ਵੀ ਇਥੇ 8 ਫਰਵਰੀ ਨੂੰ ਕਰ ਰਹੀ ਹੈ। ਕਲਾ ਦੀ ਵਰਤੋਂ ਵਾਸਤੇ ਉਨ੍ਹਾਂ ਦੇ ਕੋਲ ਅਜੇ ਖੁੱਲ੍ਹ ਹੈ ਅਤੇ ਉਹ ਇਸਦੀ ਵਰਤੋਂ ਕਰੇਗੀ। ਉਨ੍ਹਾਂ ਆਪਣੇ ਪਿਤਾ ਭਾਈ ਕਿਰਪਾਲ ਸਿੰਘ, ਮਾਤਾ ਮਨਜੀਤ ਕੌਰ ਅਤੇ ਦੋ ਵੱਡੀਆਂ ਭੈਣਾ ਦੇ ਸਹਿਯੋਗ ਨੂੰ ਮਾਨਤਾ ਦਿੰਦਿਆ ਆਖਿਆ ਕਿ ਗੁਰਮਤਿ ਸੰਗੀਤ ਦੀ ਵਿਦਿਆ ਉਸਨੂੰ ਪਰਿਵਾਰ ਵਿਚੋਂ ਮਿਲੀ ਹੈ ਅਤੇ ਉਹ ਭਾਗਸ਼ਾਲੀ ਹੈ। ਉਨ੍ਹਾਂ ਪ੍ਰੋ। ਮਨਜੀਤ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਉਹ ਨਿਊਜ਼ੀਲੈਂਡ ਦੇ ਵਿਚ ਪੁੰਗਰ ਰਹੀ ਗੁਰਮਤਿ ਸੰਗੀਤ ਦੀ ਕਿਆਰੀ ਨੂੰ ਕੁਝ ਬੂੰਦਾਂ ਜਲ ਦੀਆਂ ਪਾ ਸਕੀ।

Real Estate