ਵਿਦਿਆਰਥੀਆਂ ਲਈ ਪੇਪਰ ਕੋਈ ਹਊਆ ਨਹੀਂ

1619

ਕਾਇਰ ਹੁੰਦੇ ਨੇ ਜਿਹੜੇ ਇਮਤਿਹਾਨ ਤੋਂ ਡਰਦੇ ਨੇ,ਸਫਲਤਾ ਪੈਰ ਉਹਨਾਂ ਦੇ ਚੁੰਮਦੀ ਜੋ ਮਿਹਨਤਾਂ ਕਰਦੇ ਨੇ
ਜੋ ਸੌਂ ਜਾਂਦੇ ਬੇਫਿਕਰਾਂ ਦੇ ਵਿੱਚ ਕਿਸਮਤ ਖੋਟੀ ਉਹਨਾਂ ਦੀ,ਜਾਗਦਿਆ ਜੋ ਸੁਪਨੇ ਵੇਖਣ ਸਰ ਮੰਜ਼ਿਲਾ ਨੂੰ ਕਰਦੇ ਨੇ
ਰੁਸ਼ਨਾਈਆਂ ਨੂੰ ਲੱਭ ਲੈਂਦੇ ਜਿੰਦਗੀ ਦੇ ਘੋਰ ਹਨੇਰੇ ’ਚੋਂ,ਆਲਸ ਨੀਂਦਰ ਦੇ ਸੰਧੂ ਜਿਹੜੇ ਧੌਣ ਤੇ ਗੋਡਾ ਧਰਦੇ ਨੇ
ਇਮਤਿਹਾਨ ਦਾ ਉਹਨਾਂ ਨੂੰ ਕੋਈ ਵੀ ਡਰ ਨਹੀਂ ਹੁੰਦਾ ਜਿਨ੍ਹਾਂ ਨੇ ਵਿਧੀ ਪੂਰਵਕ ਪਹਿਲਾ ਹੀ ਤਿਆਰੀ ਅਰੰਭੀ ਹੁੰਦੀ ਹੈ। ਏਦਾਂ ਨਹੀਂ ਹੁੰਦਾ ਕਿ ਕਿਤਾਬ ਸਿਰ ਤੇ ਰੱਖ ਕੇ ਸੌਂ ਜਾਈਏ ਤੇ ਸਾਰੀ ਕਿਤਾਬ ਸਵੇਰ ਨੂੰ ਆਪੇ ਯਾਦ ਹੋ ਜਾਵੇ।ਮਿਹਨਤ ਤਾਂ ਕਰਨੀ ਹੀ ਪੈਂਦੀ ਹੈ।ਜੇ ਕੋਈ ਕਹੇ ਕਿ ਮੈਂ ਪਹਿਲੇ ਦਿਨ ਹੀ ਅਖਾੜੇ ਵਿੱਚ ਜਾ ਕੇ ਦੂਜੇ ਪਹਿਲਵਾਨ ਨੂੰ ਢਾਹ ਲਵਾ ਤਾਂ ਇਹ ਅਸੰਭਵ ਹੈ।ਪਹਿਲਾ ਜੋਰ,ਕਸਰਤ,ਦਾਉ-ਪੇਚ ਸਿੱਖਣੇ ਪੈਣਗੇ।ਫਿਰ ਹੀ ਸਫਲਤਾ ਮਿਲੇਗੀ।ਸਮਾਂ ਸੰਭਾਲਣ ਦੀ ਲੋੜ ਹੁੰਦੀ ਹੈ।ਕੁੱਝ ਕੰਮ ਸਮੇਂ ਤੋਂ ਬਾਅਦ ਕੀਤੇ ਜਾ ਸਕਦੇ ਹਨ ਪਰ ਪੜ੍ਹਾਈ ਸਮੇਂ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ।ਜਿੰਦਗੀ ਚ ਕੁੱਝ ਬਣਨਾ ਹੈ ਤਾਂ ਆਲਸ,ਨੀਂਦ ਅਤੇ ਐਸ਼ੋ-ਅਰਾਮ ਦਾ ਥੋੜ੍ਹੇ ਸਮੇਂ ਲਈ ਤਿਆਗ ਕਰਨਾ ਪਵੇਗਾ।ਜਿੰਦਗੀ ਬਣਾਉਣ ਵਾਲੀਆਂ ਚੀਜ਼ਾਂ ਹਮੇਸ਼ਾ ਪ੍ਰੀਖਿਆ ਫ਼#39;ਚੋਂ ਗੁਜ਼ਰਦੀਆਂ ਹਨ।ਕਦਰ ਵੀ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਮਿਹਨਤ ਕਰਕੇ ਪ੍ਰਾਪਤ ਕੀਤੀ ਹੋਵੇ।ਆਮ ਹੀ ਵੇਖਿਆ ਜਾ ਸਕਦਾ ਹੈ ਕਿ ਜਦੋਂ ਕਿਸੇ ਕੋਲੋ ਸਰਟੀਫਿਕੇਟ ਮੰਗਵਾਏ ਜਾਣ ਤਾਂ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਦੇ ਸਰਟੀਫਿਕੇਟ ਫਾਇਲ ਵਿੱਚ ਸਿੱਧੇ ਅਤੇ ਬੇਦਾਗ ਸਾਂਭੇ ਹੋਏ ਹੁੰਦੇ ਹਨ ਅਤੇ ਉਹਨਾਂ ਦਾ ਮਿੰਟ ਵੀ ਵਿਸਾਹ ਨਹੀਂ ਖਾਂਦੇ।ਜਿਨ੍ਹਾਂ ਨੇ ਨਕਲ ਮਾਰ ਕੇ ਪ੍ਰਾਪਤ ਕੀਤੇ ਹੁੰਦੇ ਹਨ ਉਹਨਾਂ ਦੇ ਦਸਤਾਵੇਜ਼ ਮਰੋੜੇ ਹੋਏ ਹੁੰਦੇ ਹਨ ਅਤੇ ਵਿਖਾਉਣ ਲਈ ਵੀ ਤੂਤੀਆਂ ਬਣਾ ਕੇ ਜੇਬਾਂ ਵਿੱਚ ਫਸਾ ਕੇ ਲੈ ਆਉਂਦੇ ਹਨ।ਇਮਤਿਹਾਨ ਤੋਂ ਭੱਜਣ ਵਾਲੇ ਲਈ ਚਾਰ ਚੁਫੇਰੇ ਹੀ ਇਮਤਿਹਾਨ ਹੁੰਦੇ ਹਨ।ਪਰ ਮਿਹਨਤ ਕਰਨ ਵਾਲਾ ਇੱਕ-ਇੱਕ ਕਰਕੇ ਪੜ੍ਹਾਈ ਤੋਂ ਲੈ ਕੇ ਜਿੰਦਗੀ ਦੇ ਹਰ ਇਮਤਿਹਾਨ ਨੂੰ ਪਾਸ ਕਰਦਾ ਜਾਂਦਾ ਹੈ।ਸਾਰਾ ਸਾਲ ਘੱਟ ਪੜ੍ਹਿਆ ਹੋਣ ਕਰਕੇ ਜਦੋਂ ਬੱਚੇ ਪੇਪਰਾਂ ਵਿੱਚ ਪੜ੍ਹਨ ਤੇ ਜ਼ੋਰ ਦਿੰਦੇ ਹਨ ਤਾਂ ਉਹਨਾਂ ਨੂੰ ਨੀਂਦ ਆਉਂਣੀ ਸ਼ੁਰੂ ਹੋ ਜਾਂਦੀ ਹੈ।ਪਰ ਜੇ ਸੌਂਣ ਲੱਗਦੇ ਹਨ ਤਾਂ ਪੇਪਰਾਂ ਦੀ ਚਿੰਤਾ ਸੌਣ ਨਹੀਂ ਦਿੰਦੀ।ਕਈ ਬੱਚੇ ਪੇਪਰ ਤੋਂ ਬਾਅਦ ਕਹਿੰਦੇ ਹਨ ਕਿ ਪੇਪਰ ਸਿਲੇਬਸ ਤੋਂ ਬਾਹਰ ਆ ਗਿਆ ਸੀ ਪਰ ਅਸਲੀਅਤ ਇਹ ਹੈ ਕਿ ਚੰਗੀ ਤਰ੍ਹਾਂ ਸਮਝ ਕੇ ਯਾਦ ਨਾ ਕੀਤਾ ਹੋਣ ਕਰਕੇ ਉਹ ਸਹੀ ਉੱਤਰ ਦੇਣ ਵਿੱਚ ਅਸਫਲ ਹੋ ਜਾਂਦੇ ਹਨ।ਜੇਕਰ ਯਾਦ ਰੱਖਣ ਲਈ ਪੜ੍ਹਿਆ ਜਾਵੇ ਤਾਂ ਉਹ ਭੁਲ ਜਾਵੇਗਾ ਪਰ ਜੇ ਸਿੱਖਣ ਲਈ ਪੜ੍ਹਿਆ ਜਾਵੇ ਤਾਂ ਉਮਰ ਭਰ ਯਾਦ ਰਹੇਗਾ।ਵਿਦਿਆ ਇੱਕ ਅਜਿਹਾ ਧੰਨ ਹੈ ਜਿਸ ਨੂੰ ਨਾ ਤਾਂ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਚੋਰੀ ਕਰ ਸਕਦਾ ਹੈ।ਹੈਰਾਨੀ ਦੀ ਹੱਲ ਇਹ ਹੈ ਕਿ ਕਈ ਬੱਚੇ ਪੇਪਰ ਤੋਂ ਪਹਿਲਾ ਸਾਰੀ ਰਾਤ ਪਰਚੀਆਂ ਬਣਾਉਂਦੇ ਰਹਿੰਦੇ ਹਨ ਤੇ ਸਵੇਰੇ ਅੱਧਾ ਪਾਉਣਾ ਘੰਟਾ ਪਰਚੀਆਂ ਨੂੰ ਬੂਟ-ਜ਼ੁਰਾਬਾਂ ਅਤੇ ਹੋਰ ਥਾਵਾਂ ਤੇ ਲਕਾਉਂਦੇ ਲਗਾ ਦਿੰਦੇ ਹਨ।ਕਈ ਪਰਚੀਆਂ ਤਾਂ ਅੜ੍ਹਾ ਕੇ ਲੈ ਜਾਂਦੇ ਹਨ ਪਰ ਉੱਥੇ ਕੱਢਣ ਦਾ ਮੌਕਾ ਹੀ ਨਾ ਮਿਲਣ ਕਰਕੇ ਵਾਪਿਸ ਲੈ ਆਉਂਦੇ ਹਨ।ਸੂਝ-ਬੂਝ ਇਹ ਹੈ ਕਿ ਉਹੀ ਸਮਾਂ ਪੜ੍ਹਨ ਵਿੱਚ ਲਗਾਇਆ ਜਾਵੇ ਕਿਉਂਕਿ ਭਵਿੱਖ ਵਿੱਚ ਮੁਕਾਬਲੇ ਦੀ ਪ੍ਰੀਖਿਆ ਦੋਰਾਨ ਕੋਈ ਵੀ ਪਰਚੀ ਕੰਮ ਨਹੀਂ ਆਉਣੀ।ਰੋਜ਼ਗਾਰ ਪ੍ਰਾਪਤ ਕਰਨ ਲਈ ਵੀ ਵਿੱਦਿਆ ਪੱਲੇ ਹੋਣੀ ਜਰੂਰੀ ਹੈ।ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਇਮਤਿਹਾਨ ਅਜੇ ਉਹਨਾਂ ਦੇ ਪਹਿਲੇ ਪੜਾਅ ਹੋਣ ਕਰਕੇ ਉਹਨਾਂ ਨੂੰ ਸਖ਼ਤ ਅਤੇ ਤਰਤੀਬ ਨਾਲ ਮਿਹਨਤ ਕਰਨ ਦੀ ਲੋੜ ਹੈ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਅਧਿਆਪਕਾਂ ਨੇ ਜੋ ਸਿੱਖਿਆ ਜਗਤ ਵਿੱਚ ਯੋਗਦਾਨ ਪਾਇਆ ਹੈ ਉਹ ਦੇਸ਼ ਲਈ ਨਹੀਂ ਸਗੋਂ ਦੁਨੀਆਂ ਜਾਣਦੀ ਹੈ।ਪੇਪਰਾ ਵਿੱਚ ਅਧਿਆਪਕ ਤੋਂ ਇਲਾਵਾ ਵਿਦਿਆਰਥੀਆ ਦਾ ਖੁਦ ਅਤੇ ਮਾਪਿਆ ਦਾ ਬਹੁਤ ਯੋਗਦਾਨ ਹੁੰਦਾ ਹੈ।ਧਿਆਨ ਸਭ ਨੂੰ ਦੇਣਾ ਪੈਂਦਾ ਹੈ।ਇੱਕ ਅਧਿਆਪਕ ਕਲਾਸ ਵਿੱਚ ਬੱਚਿਆਂ ਨੂੰ ਬਰਾਬਰ ਗਿਆਨ ਵੰਡਦਾ ਹੈ।ਉਹਨਾਂ ਵਿੱਚੋਂ ਕੁਝ ਬੱਚੇ ਅੱਸੀ ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਪਾਸ ਹੁੰਦੇ ਹਨ।ਪਰ ਕੁਝ ਬਹੁਤ ਘੱਟ ਅੰਕ।ਇਥੇ ਗਲਤੀ ਇੱਕਲੇ ਅਧਿਆਪਕ ਦੀ ਵੀ ਨਹੀਂ ਹੈ ਕਿਉਂਕਿ ਉਸਨੇ ਤਾਂ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਪੜ੍ਹਾਇਆ।ਗਲਤੀ ਬੱਚਿਆਂ ਅਤੇ ਮਾਪਿਆ ਦੀ ਵੀ ਹੈ ਜਿਹਨਾਂ ਧਿਆਨ ਹੀ ਨਹੀਂ ਦਿੱਤਾ।ਭਵਿੱਖ ਨੂੰ ਚਮਕਾਉਣ ਲਈ ਅਧਿਆਪਕ,ਮਾਪੇ ਅਤੇ ਬੱਚਿਆਂ ਵਿੱਚ ਤਾਲਮੇਲ ਹੋਣਾ ਬਹੁਤ ਜਰੂਰੀ ਹੈ। ਅਧਿਆਪਕ ਬੱਚਿਆਂ ਦਾ ਸਲੇਬਸ ਦਿਨਾਂ ਦੇ ਅਧਾਰ ਤੇ ਵੰਡ ਸਕਦੇ ਹਨ।ਜਿਨ੍ਹਾਂ ਵਿੱਚ ਬੱਚਿਆਂ ਨੂੰ ਹਰੇਕ ਵਿਸ਼ੇ ਨਾਲ ਸਬੰਧਿਤ ਪਾਠਕ੍ਰਮ ਦਾ ਅਰਥ ਸਮਝਾਇਆ ਜਾਵੇ।ਕਈ ਵਿਦਿਆਰਥੀ ਕਿਤਾਬਾਂ ਵਾਲਾ ਹੂਬਹੂ ਹੀ ਲਿਖਦੇ ਹਨ।ਉਹ ਸਮਝਦੇ ਹਨ ਕਿ ਜੇਕਰ ਉਹਨਾਂ ਕੁਝ ਵੱਖਰਾ ਲਿਖਿਆ ਤਾਂ ਸ਼ਾਇਦ ਨੰਬਰ ਘੱਟ ਆਉਣ।ਉਹਨਾਂ ਨੂੰ ਸਮਝਾਇਆ ਜਾਵੇ ਕਿ ਉਹ ਅਰਥ ਯਾਦ ਰਕੇ ਆਪਣੇ ਹਿਸਾਬ ਨਾਲ ਹੀ ਉੱਤਰ ਲਿਖਣ।ਸਗੋਂ ਏਦਾ ਨੰਬਰ ਵੀ ਵਧੀਆ ਆਉਣਗੇ ਅਤੇ ਬੱਚਿਆਂ ਨੂੰ ਪੜ੍ਹਿਆ ਹੋਇਆ ਉਮਰ ਭਰ ਯਾਦ ਰਹੇਗਾ।ਉਹ ਵੀ ਅੱਗੋ ਕਿਸੇ ਨੂੰ ਸਮਝਾਉਣ ਦੇ ਯੋਗ ਹੋ ਜਾਣਗੇ।ਕਮਜ਼ੋਰ ਬੱਚਿਆਂ ਦੀ ਪੜ੍ਹਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਵੱਖਰਾ ਗਰੁੱਪ ਬਣਾ ਕੇ ਤਿਆਰੀ ਕਰਵਾਈ ਜਾਵੇ।ਹਫਤੇ ਵਿੱਚ ਦੁਹਰਾਈ ਦੇ ਨਾਲ ਨਾਲ ਟੈਸਟ ਦਾ ਵੀ ਦਿਨ ਰੱਖਿਆ ਜਾਵੇ।ਉਸ ਵਿੱਚ ਪ੍ਰਸ਼ਨ ਪੱਤਰਾਂ ਦੇ ਨਮੂਨਿਆਂ ਦੇ ਅਧਾਰ ਤੇ ਪ੍ਰਸ਼ਨ ਪੁੱਛਣ ਦੀ ਕੋਸ਼ਿਸ ਕੀਤੀ ਜਾਵੇ।ਇਸ ਤਰ੍ਹਾਂ ਬੱਚੇ ਨੰਬਰਾਂ ਦੇ ਅਧਾਰ ਤੇ ਉਨੇ ਸ਼ਬਦਾਂ ਵਿੱਚ ਲਿਖਣ ਦੀ ਕੋਸ਼ਿਸ ਕਰਨਗੇ।ਅਕਸਰ ਬੱਚਿਆਂ ਨੂੰ ਪੇਪਰ ਵਾਲੇ ਦਿਨ ਓ।ਐਮ।ਆਰ ਸ਼ੀਟ ਤੇ ਆਪਣਾ ਨਾਮ ਤੇ ਰੋਲ ਨੰਬਰ ਭਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ।ਬੱਚਿਆਂ ਨੂੰ ਓ।ਐਮ।ਆਰ ਸ਼ੀਟ ਦਾ ਬਲੈਕ ਬੋਰਡ ਤੇ ਨਮੂਨਾ ਬਣਾ ਕੇ ਭਰਨੀ ਸਿਖਾਈ ਜਾਵੇ ਤਾਂ ਜੋ ਪੇਪਰਾਂ ਵਿੱਚ ਕੋਈ ਮੁਸ਼ਕਿਲ ਨਾ ਆਵੇ ਅਤੇ ਸਮਾਂ ਖਰਾਬ ਨਾਂ ਹੋਵੇ।ਪੇਪਰਾਂ ਤੋਂ ਕੁਝ ਦਿਨ ਪਹਿਲਾ ਜ਼ਰੂਰੀ ਵਿਸ਼ੇ ਤੇ ਲੈਕਚਰ ਦੇ ਕੇ ਪ੍ਰਸ਼ਨ ਪੱਤਰਾਂ ਦੇ ਮਾਡਲ ਪੇਪਰਾਂ ਦੀ ਦੁਹਰਾਈ ਕਰਨ ਤੇ ਲਗਾਏ ਜਾਣ।ਇਸ ਤਰ੍ਹਾਂ ਬੱਚੇ ਪੂਰਾ ਪੇਪਰ ਸਮਝ ਕੇ ਹੱਲ ਕਰਨ ਦੇ ਯੋਗ ਹੋ ਜਾਣਗੇ।ਉਹਨਾਂ ਨੂੰ ਡਰਾਇਆ ਨਾ ਜਾਵੇ ਕਿ ਪੇਪਰਾਂ ਵਿੱਚ ਤੁਸੀ ਅਸਫਲ ਹੋ ਸਕਦੇ ਹੋ ਸਗੋਂ ਹੱਲਾਸ਼ੇਰੀ ਦਿੱਤੀ ਜਾਵੇ।ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਿਹਾ ਜਾਵੇ ਕਿ ਜੋ ਉਹ ਘਰੋਂ ਪੜ੍ਹ ਕੇ ਆਏ ਹਨ,ਉਹ ਇੱਕ ਦੂਜੇ ਨਾਲ ਆ ਕੇ ਵਿਚਾਰ ਕਰਨ।ਇੱਕ ਦੂਜੇ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਇਹ ਸਹਾਇਕ ਹੋਵੇਗਾ।ਬੱਚਿਆਂ ਵੱਲੋਂ ਘਰ ਵਿੱਚ ਸਲੇਬਸ ਦੀ ਵੰਡ ਆਪਣੇ ਅਧਾਰ ਤੇ ਵੀ ਕੀਤੀ ਜਾ ਸਕਦੀ ਹੈ।ਪੇਪਰਾਂ ਤੋਂ ਇੱਕ ਦਿਨ ਪਹਿਲਾ ਸਬੰਧਤ ਵਿਸ਼ੇ ਦੇ ਸਾਰੇ ਅਰਥਾਂ ਤੇ ਨਿਗ੍ਹਾ ਮਾਰ ਲਈ ਜਾਵੇ।ਦਿੱਤੇ ਗਏ ਹੈਡਿੰਗ ਚੰਗੀ ਤਰ੍ਹਾਂ ਪੜ੍ਹ ਲਏ ਜਾਣ।ਪੇਪਰ ਵਾਲੇ ਦਿਨ ਕੁਝ ਸਮਾਂ ਕੱਢ ਕੇ ਸਾਰੇ ਵਿਸ਼ੇ ਤੇ ਇੱਕ ਝਾਤ ਮਾਰ ਲਈ ਜਾਵੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਦੇਖਦੇ ਹੋਏ ਫੁਰਮਾਇਸ਼ ਨਹੀਂ ਸਗੋਂ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨ।ਇਕੱਲਾ ਪੇਪਰ ਦੇ ਕੇ ਸਰਟੀਫਿਕੇਟ ਲੈਣਾ ਹੀ ਸੱਭ ਕੁਝ ਨਹੀ ਹੁੰਦਾ।ਉਹੀ ਕੰਮ ਆਉਂਦਾ ਹੈ ਜੋ ਸਿੱਖਿਆ ਹੁੰਦਾ ਹੈ।ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ।ਬੱਚਿਆਂ ਦੀ ਪੜ੍ਹਾਈ ਦਾ ਘਰ ਵਿੱਚ ਸਮਾਂ ਨਿਸ਼ਚਿਤ ਕਰਨ।ਮੋਬਾਇਲ ਦੀ ਵਾਧੂ ਵਰਤੋਂ ਤੋ ਰੋਕਣ।ਜੇਕਰ ਮੋਬਾਈਲ ਦੀ ਵਰਤੋਂ ਕਰਦੇ ਵੀ ਹਨ ਤਾਂ ਨਿਸ਼ਚਿਤ ਸਮੇਂ ਲਈ ਅਤੇ ਚੰਗੀ ਸਿੱਖਿਆ ਸਮੱਗਰੀ ਵੇਖਣ ਨੂੰ ਕਹਿਣ ਜੋ ਸਿੱਖਿਆ ਨਾਲ ਸਬੰਧਿਤ ਹੋਵੇ।ਵਾਧੂ ਟੀ।ਵੀ ਵੇਖਣ ਤੋਂ ਵੀ ਗੁਰੇਜ਼ ਕਰਨ ਲਈ ਕਹਿਣ।ਇਸ ਤਰ੍ਹਾਂ ਬੱਚਿਆਂ ਦੀ ਸੋਚ ਵਿੱਚ ਵੀ ਇੱਕ ਚੰਗਾ ਮੋੜ ਆਵੇਗਾ।ਕਈ ਬੱਚਿਆਂ ਦੇ ਮਾਪੇ ਆਪਣੀ ਰਾਜਨੀਤਿਕ ਪਹੁੰਚ ਹੋਣ ਕਰਕੇ ਉਸਦਾ ਨਾਜ਼ਾਇਜ ਫਾਇਦਾ ਲੈਂਦੇ ਹੋਏ ਅਧਿਆਪਕਾਂ ਉੱਤੇ ਪੇਪਰ ਲੀਕ ਕਰਨ ਦਾ ਜਾਂ ਨਕਲ ਕਰਵਾਉਣ ਦਾ ਦਬਾਅ ਪਾਉਂਦੇ ਹਨ ਜੋ ਆਪਣੇ ਹੀ ਬੱਚਿਆਂ ਦੇ ਭਵਿੱਖ ਦੀ ਜੜ੍ਹ ਨੂੰ ਸਿਉਂਕ ਲਾਉਣ ਦੇ ਬਰਾਬਰ ਹੈ ਪੰ੍ਰਤੂ ਸਿਆਣਪ ਤਾਂ ਇਹ ਹੈ ਕਿ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਲਈ ਉਹਨਾਂ ਨੂੰ ਮਿਹਨਤ ਨਾਲ ਤਿਆਰੀ ਕਰਵਾਈ ਜਾਵੇ।ਕਈਆਂ ਦੇ ਮਾਪੇ,ਭੈਣ-ਭਰਾ ਜਾਂ ਰਿਸ਼ਤੇਦਾਰ ਤਾਂ ਇਸ ਹੱਦ ਤੱਕ ਪਹੁੰਚ ਜਾਂਦੇ ਹਨ ਕਿ ਪੇਪਰ ਵਾਲੇ ਦਿਨ ਨਕਲ ਕਰਾਉਣ ਲਈ ਸਕੂਲ ਦੀਆਂ ਕੰਧਾਂ ਨਾਲ ਲਮਕਦੇ ਹੋਏ ਵੇਖੇ ਜਾ ਸਕਦੇ ਹਨ ਜੋ ਕਿ ਅਕਲਮੰਦੀ ਨਹੀਂ ਹੈ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਪ੍ਰੀਖਿਆ ਦੌਰਾਨ ਬੱਚਿਆਂ ਦੀ ਹੌਸਲਾ ਅਫ਼ੳਮਪ;ਜਾਈ ਕੀਤੀ ਜਾਵੇ।ਫਲਾਇੰਗ ਦਸਤਿਆ ਦਾ ਡਰ ਪੈਦਾ ਕਰਨ ਦੀ ਜਗ੍ਹਾ ਸਗੋਂ ਬੱਚਿਆਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਇਮਤਿਹਾਨ ਦੇਣ ਲਈ ਪ੍ਰੇਰਿਤ ਕੀਤਾ ਜਾਵੇ।ਇਸ ਤਰ੍ਹਾਂ ਬੱਚੇ ਵੀ ਆਪਣੀ ਮਿਹਨਤ ਨਾਲ ਚੰਗੇ ਨੰਬਰ ਲੈਣ ਵਿੱਚ ਸਫਲ ਹੋ ਜਾਣਗੇ,ਗਿਆਨ ਵੀ ਹੋਵੇਗਾ ਅਤੇ ਨਕਲ ਵੀ ਕਾਬੂ ਵਿੱਚ ਹੋ ਜਾਵੇਗੀ।ਜਿਵੇਂ ਕਿਸੇ ਨਸ਼ਈ ਕੋਲੋ ਨਸ਼ਾ ਖੋਹਣ ਤੇ ਦਬਕੇ ਮਾਰਨ ਦੀ ਥਾਂ ਤੇ ਪਹਿਲਾ ਉਸਨੂੰ ਸਮਝਾਉਣਾ ਅਤੇ ਨੁਕਸਾਨ ਬਾਰੇ ਦੱਸਣਾ ਜਰੂਰੀ ਹੁੰਦਾ ਹੈ।ਉੇਵੇਂ ਹੀ ਇੱਕ ਵਿਦਿਆਰਥੀ ਦੀ ਜਿੰਦਗੀ ਵਿੱਚ ਨਕਲ ਵਰਗੇ ਕੋਹੜ,ਜ਼ਹਿਰ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਯੋਗ ਉਪਰਾਲੇ ਸੂਝ-ਬੂਝ,ਹੱਲਾਸ਼ੇਰੀ,ਪੜ੍ਹਨ ਦੇ ਢੰਗ ਤਰੀਕੇ ਨਾਲ ਬਦਲਾਅ ਜਰੂਰੀ ਹੈ।ਏਦਾਂ ਨਕਲ
ਦਾ ਖਾਤਮਾ ਵੀ ਹੋ ਜਾਵੇਗਾ ਅਤੇ ਬੱਚੇ ਵੀ ਸਿੱਖਿਅਕ ਹੋਣਗੇ।ਜੇਕਰ ਵਿਭਾਗ,ਅਧਿਆਪਕਾਂ ਅਤੇ ਮਾਪਿਆਂ ਦੁਆਰਾ ਬੱਚਿਆਂ ਦੇ ਉਜਵਲ ਭਵਿੱਖ ਨੂੰ ਦੇਖਦੇ ਹੋਏ ਵਿਧੀ ਪੂਰਵਕ ਤਿਆਰੀ ਕਰਵਾਈ ਜਾਵੇ ਤਾਂ ਨਕਲ ਵਰਗੇ ਕੋਹੜ ਨੂੰ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਅਤੇ ਬੱਚਿਆਂ ਲਈ ਪੇਪਰ ਵੀ ਕੋਈ ਹਊਆ ਨਹੀਂ ਹੋਣਗੇ।

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300

Real Estate