ਨਿਰਭੈਯਾ ਮਾਮਲੇ ਦੇ ਦੋਸ਼ੀ ਦੀ ਅਪੀਲ ਫਿਰ ਤੋਂ ਰੱਦ

621

ਨਿਰਭੈਯਾ ਬਲਾਤਕਾਰ ਤੇ ਕਤਲ ਕਾਂਡ ਦੇ ਇੱਕ ਦੋਸ਼ੀ ਮੁਕੇਸ਼ ਕੁਮਾਰ ਸਿੰਘ ਵੱਲੋਂ ਦਾਇਰ ਕੀਤੀ ਰਹਿਮ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਮੁੱਢੋਂ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਮੁਕੇਸ਼ ਦੀ ਬੇਨਤੀ ਰੱਦ ਕਰਦਿਆਂ ਕਿਹਾ ਕਿ ਇਸ ਕੇਸ ਵਿੱਚ ਅਦਾਲਤ ਦਾ ਦਖ਼ਲ ਜ਼ਰੂਰੀ ਨਹੀਂ ਹੈ। ਰਾਸ਼ਟਰਪਤੀ ਸਾਹਮਣੇ ਸਾਰੇ ਦਸਤਾਵੇਜ਼ ਰੱਖੇ ਗਏ ਸਨ ਤੇ ਉਨ੍ਹਾਂ ਨੇ ਸਭ ਵੇਖ ਕੇ ਹੀ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਨਿਰਭਯਾ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਲ੍ਹ ਵਿੱਚ ਕਥਿਤ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨ ਨੂੰ ਰਾਸ਼ਟਰਪਤੀ ਦੇ ਰਹਿਮ ਦੀ ਪਟੀਸ਼ਨ ਰੱਦ ਕਰਨ ਵਿਰੁੱਧ ਆਧਾਰ ਨਹੀਂ ਬਣਾਇਆ ਜਾ ਸਕਦਾ। ਨਿਰਭਯਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਕੱਲ੍ਹ ਮੰਗਲਵਾਰ ਨੂੰ ਸੁਣਵਾਈ ਮੁਕੰਮਲ ਕਰ ਲਈ ਸੀ ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਜਸਟਿਸ ਆਰ। ਭਾਨੂਮਤੀ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਏਐੱਸ। ਬੋਪੰਨਾ ਦੇ ਬੈਂਚ ਨੇ ਇਸ ਪਟੀਸ਼ਨ ਉੱਤੇ ਮੁਕੇਸ਼ ਕੁਮਾਰ ਸਿੰਘ ਵੱਲੋਂ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਤੇ ਕੇਂਦਰ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੱਲ੍ਹ ਕਿਹਾ ਸੀ ਕਿ ਇਸ ਉੱਤੇ ਫ਼ੈਸਲਾ ਬੁੱਧਵਾਰ ਨੂੰ ਸੁਣਾਇਆ ਜਾਵੇਗਾ। ਕੇਂਦਰ ਨੇ ਮੁਕੇਸ਼ ਕੁਮਾਰ ਸਿੰਘ ਦੀ ਪਟੀਸ਼ਨ ਰੱਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ ਨਾਲ ਜੇਲ੍ਹ ਵਿੱਚ ਦੁਰਵਿਹਾਰ ਕਦੇ ਵੀ ਰਹਿਮ ਦਾ ਆਧਾਰ ਨਹੀਂ ਹੋ ਸਕਦਾ। ਤੁਸ਼ਾਰ ਮਹਿਤਾ ਨੇ ਇਸ ਦੋਸ਼ ਨੂੰ ਗ਼ਲਤ ਦੱਸਿਆ ਕਿ ਦੋਸ਼ੀ ਮੁਕੇਸ਼ ਕੁਮਾਰ ਸਿੰਘ ਨੂੰ ਜੇਲ੍ਹ ਵਿੱਚ ਏਕਾਂਤ ’ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਇਸ ਦੋਸ਼ੀ ਦੀ ਰਹਿਮ ਦੀ ਪਟੀਸ਼ਨ ਨਾਲ ਸਾਰਾ ਰਿਕਾਰਡ ਵੀ ਰਾਸ਼ਟਰਪਤੀ ਕੋਲ ਭੇਜਿਆ ਸੀ।

Real Estate