ਮਿੰਨੀ ਕਹਾਣੀ “ਸਮਝ”

ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ
09888275913

ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣ ਵਾਲਾ ਗੱਭਰੂ, ਦਿਨ ਰਾਤ ਕਮਾਈ ਕਰਨ ਵਾਲਾ ਮਜਦੂਰ, ਕੜੀ ਵਰਗਾ ਨੌਜਵਾਨ ਸੀ ਕੰਤਾ, ਪਰ ਉਹਦੀ ਤਰਾਸ਼ਦੀ ਇਹ ਸੀ ਕਿ ਉਹ ਅਤੀ ਗਰੀਬ ਤੇ ਅੰਧ ਵਿਸਵਾਸ਼ੀ ਪਰਿਵਾਰ ਵਿੱਚ ਜੰਮਿਆ ਸੀ। ਉਹਦੇ ਪਰਿਵਾਰ ਦਾ ਦਵਾਈਆਂ ਬੂਟੀਆਂ ਨਾਲੋਂ ਧਾਗਿਆਂ ਤਵੀਤਾਂ ਟੂਣਿਆਂ ਟਮਾਣਿਆਂ ਵਿੱਚ ਵਧੇਰੇ ਭਰੋਸਾ ਸੀ। ਪਰਿਵਾਰ ਦੇ ਕਿਸੇ ਮੈਂਬਰ ਦਾ ਸਿਰ ਦੁਖਦਾ ਤਾਂ ਸੰਤ ਚਾਕੂ ਦਾਸ ਦੇ ਡੇਰੇ ਦਾ ਮਹੰਤ ਤਿੰਨ ਡੰਗ ਲਈ ਪਾਣੀ ਕਰਕੇ ਦੇ ਦਿੰਦਾ, ਜੋ ਬੀਮਾਰ ਨੂੰ ਪਿਆਇਆ ਜਾਂਦਾ। ਬੁਖਾਰ ਚੜ੍ਹ ਜਾਂਦਾ ਤਾਂ ਚਾਰ ਦਿਨਾਂ ਲਈ ਧੂਣੇ ਚੋਂ ਸੁਆਹ ਦੀਆਂ ਪੁੜੀਆਂ ਬਣਾ ਦਿੰਦਾ। ਪਰਿਵਾਰ ਨੂੰ ਤਾਂ ਭਾਵੇਂ ਪਾਣੀ ਤੇ ਸੁਆਹ ਤੇ ਭਰੋਸਾ ਸੀ, ਪਰ ਤੇਜ ਤਰਾਰ ਸਾਧ ਇਹ ਜਾਣਦਾ ਸੀ ਕਿ ਅਜਿਹੀ ਆਮ ਬੀਮਰੀ ਆਪਣੇ ਆਪ ਕਿਨੇ ਸਮੇਂ ’ਚ ਠੀਕ ਹੋ ਜਾਂਦੀ ਹੈ। ਉਹ ਪੁੜੀਆਂ ਖੁਆਉਂਦੇ ਮਰੀਜ ਠੀਕ ਹੋ ਜਾਂਦਾ ਤੇ ਉਹਨਾਂ ਦਾ ਵਿਸਵਾਸ ਹੋਰ ਵਧ ਜਾਂਦਾ। ਕੰਤਾਂ ਦਿਹਾੜੀ ਕਰਕੇ ਘਰ ਆਇਆ ਸੀ, ਪਰ ਉਸਨੂੰ ਭੁੱਖ ਨਾ ਲੱਗੀ, ਅਗਲੇ ਦਿਨ ਉਸਦਾ ਕੰਮ ਤੇ ਜਾਣ ਦਾ ਵੀ ਹੌਂਸਲਾ ਨਾ ਪਿਆ ਅਤੇ ਤੀਜੇ ਦਿਨ ਨੂੰ ਉਸਦੇ ਸਰੀਰ ਤੇ ਛੋਟੇ ਛੋਟੇ ਦਾਣੇ ਜਿਹੇ ਨਿਕਲ ਆਏ। ਕੰਤੇ ਦੀ ਮਾਂ ਨੇ ਉਸਦੇ ਸਿਰ ਤੋਂ ਦਸ ਰੁਪਏ ਚੁਹਾਏ ਤੇ ਡੇਰੇ ’ਚ ਮਹੰਤ ਮੂਹਰੇ ਜਾ ਧਰੇ ਅਤੇ ਕੰਤੇ ਦੇ ਬੀਮਾਰ ਹੋਣ ਦੀ ਸਾਰੀ ਜਾਣਕਾਰੀ ਦੇ ਦਿੱਤੀ। ਮਹੰਤ ਨੇ ਧੂਣੀ ਚੋਂ ਪੁੜੀਆਂ ਬਣਾਈਆਂ ਤੇ ਇਹ ਕਹਿੰਦਿਆਂ ਫੜਾ ਦਿੱਤੀਆਂ, ‘‘ਕੰਤੇ ਦੇ ਛੋਟੀ ਮਾਤਾ ਨਿਕਲ ਆਈ ਐ, ਘਰ ’ਚ ਪੂਰੀ ਸੁੱਚਮ ਰੱਖਣੀ ਐ, ਸ਼ਰਾਬ ਘਰ ਵਿੱਚ ਨਹੀਂ ਲਿਆਉਣੀ, ਬੱਸ ਪੁੜੀਆਂ ਖੁਆਓ ਠੀਕ ਹੋਜੂ।’’ ਕੰਤੇ ਨੂੰ ਹੋਰ ਕੋਈ ਦਵਾਈ ਨਾ ਦਿਵਾਈ ਗਈ ਪੁੜੀਆਂ ਖੁਆਉਂਦੇ ਰਹੇ, ਇਨੇ ਵਿੱਚ ਬੀਮਾਰੀ ਵਧ ਗਈ ਤੇ ਕੰਤਾ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਹੁਣ ਉਹ ਪੁੜੀਆਂ ਪਾਣੀ ’ਚ ਘੋਲ ਕੇ ਪਿਆ ਦਿੰਦੇ। ਇੱਕ ਦਿਨ ਸੁਭਾ ਜਦ ਕੰਤੇ ਨੂੰ ਪੁੜੀ ਦੇਣ ਲੱਗੇ ਤਾਂ ਉਹ ਕਦੇ ਵੀ ਨਾ ਉੱਠਣ ਵਾਲੀ ਨੀਂਦ ਲੈ ਚੁੱਕਾ ਸੀ। ਆਂਢ ਗੁਆਂਢ ਆ ਗਿਆ, ਰਿਸਤੇਦਾਰ ਪਹੁੰਚ ਗਏ, ਕੰਤੇ ਦੇ ਸਸਕਾਰ ਦੀ ਤਿਆਰੀ ਕਰਨ ਲੱਗੇ ਤਾਂ ਇੱਕ ਔਰਤ ਨੇ ਕਿਹਾ, ‘‘ਭਾਈ ਸਸਕਾਰ ਕਰੋਂਗੇ ਤਾਂ ਛੋਟੀ ਮਾਤਾ ਵੀ ਨਾਲ ਸੜ ਜੂਗੀ ਇਹ ਤਾਂ ਹੋਰ ਵੱਡਾ ਪਾਪ ਹੋਜੂ, ਤੁਸੀਂ ਇਸਨੂੰ ਦੱਬ ਦਿਓ।’’ ਅੰਧ ਵਿਸਵਾਸੀ ਪਰਿਵਾਰ ਨੇ ਦੱਬਣ ਦਾ ਫੈਸਲਾ ਕਰ ਲਿਆ ਅਤੇ ਸਮਸਾਨਘਾਟ ’ਚ ਕੰਤੇ ਦੀ ਲਾਸ਼ ਦੱਬਣ ਲਈ ਟੋਆ ਪੁੱਟਣਾ ਸੁਰੂ ਕਰ ਦਿੱਤਾ। ਇਹ ਪਤਾ ਲੱਗਣ ਤੇ ਪਿੰਡ ਦੇ ਮੋਹਤਬਰ ਬੰਦੇ ਪਹੁੰਚ ਗਏ, ਉਹਨਾਂ ਕਿਹਾ ‘‘ਸਾਡਾ ਧਰਮ ਦੱਬਣ ਦੀ ਇਜਾਜਤ ਨਹੀਂ ਦਿੰਦਾ, ਇਸ ਲਈ ਜੇ ਤੁਸੀਂ ਦੱਬਣਾ ਹੀ ਹੈ ਤਾਂ ਕਬਰਾਂ ਵਿੱਚ ਦੱਬ ਆਓ।’’ ਕੰਤੇ ਦੀ ਲਾਸ਼ ਨੂੰ ਦੱਬਣ ਲਈ ਕਬਰਾਂ ’ਚ ਲਿਜਾਇਆ ਗਿਆ, ਪਤਾ ਲੱਗਣ ਤੇ ਉਸ ਧਰਮ ਦੇ ਲੋਕ ਆਣ ਪਹੁੰਚੇ ਤੇ ਉਹਨਾਂ ਕਿਹਾ, ‘‘ਇਹ ਸਾਡੇ ਧਰਮ ਦਾ ਆਦਮੀ ਨਹੀਂ, ਇਸਨੂੰ ਕਬਰਾਂ ਵਿੱਚ ਨਹੀਂ ਦਫ਼ਨਾਇਆ ਜਾ ਸਕਦਾ।’’
ਆਖ਼ਰ! ਫੇਰ ਕੁਝ ਸਿਆਣਿਆਂ ਨੇ ਕਿਹਾ, ‘‘ਭਾਈ ਕਮਲ ਨਾ ਮਾਰੋ, ਮਰਨ ਤੋਂ ਮਗਰੋਂ ਸਰੀਰ ਮਿੱਟੀ ਹੀ ਹੁੰਦੀ ਐ ਤੇ ਇਸਨੂੰ ਸਮੇਟਣਾ ਹੀ ਹੁੰਦੈ, ਤੁਸੀਂ ਸਸਕਾਰ ਕਰ ਦਿਓ।’’ ਫੇਰ ਲੱਕੜਾਂ ਦਾ ਪ੍ਰਬੰਧ ਕੀਤਾ ਤੇ ਲਾਸ਼ ਦਾ ਸਸਕਾਰ ਕੀਤਾ। ਸਸਕਾਰ ਤੋਂ ਆਉਂਦੇ ਲੋਕ ਚਰਚਾ ਕਰ ਰਹੇ ਸਨ ਕਿ ‘‘ਪਹਿਲਾਂ ਤਾਂ ਇਲਾਜ ਦੀ ਥਾਂ ਸਾਧ ਦੀਆਂ ਪੁੜੀਆਂ ਨੇ ਹੀ ਜਾਨ ਲੈ ਲਈ, ਫੇਰ ਵਿਚਾਰੇ ਦੀ ਲਾਸ਼ ਵੀ ਅੰਧ ਵਿਸਵਾਸ ਸਦਕਾ ਰੁਲਦੀ ਰਹੀ। ਦੁਨੀਆਂ ਦੇ ਲੋਕ ਚੰਦ ਤੇ ਪਹੁੰਚ ਗਏ ਨੇ, ਇਹਨਾਂ ਲੋਕਾਂ ਨੂੰ ਪਤਾ ਨੀ ਸਮਝ ਕਦੋਂ ਆਊਗੀ।’’

Real Estate