ਚੀਨ ਤੋਂ ਜੈਪੁਰ ਆਏ ਡਾਕਟਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸ਼ੱਕ : ਰੱਖਿਆ ਗਿਆ ਵੱਖਰੇ ਵਾਰਡ ‘ਚ

722

ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ ਸੱਤ ਹਵਾਈ ਅੱਡਿਆਂ ਉੱਤੇ ਕੋਰੋਨਾ ਵਾਇਰਸ ਦੀ ਛੂਤ ਬਾਰੇ ਐਤਵਾਰ ਤੱਕ 137 ਉਡਾਣਾਂ ਤੋਂ ਆਏ 29,000 ਤੋਂ ਵੱਧ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ । ਚੀਨ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕਰ ਕੇ ਪਰਤੇ ਇੱਕ ਡਾਕਟਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਰਾਜਸਥਾਨ ਦੇ ਸਿਹਤ ਮੰਤਰੀ ਡਾ। ਰਘੂ ਸ਼ਰਮਾ ਨੇ ਸਵਾਈ ਮਾਨ ਸਿੰਘ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਸ ਡਾਕਟਰ ਨੂੰ ਤੁਰੰਤ ਵੱਖਰੇ ਵਾਰਡ ’ਚ ਰੱਖਿਆ ਜਾਵੇ ਤੇ ਉਸ ਦੇ ਸਮੁੱਚੇ ਪਰਿਵਾਰ ਦਾ ਚੰਗੀ ਤਰ੍ਹਾਂ ਮੈਡੀਕਲ ਨਿਰੀਖਣ ਕੀਤਾ ਜਾਵੇ। ਸ਼ੱਕੀ ਮਰੀਜ਼ ਦੇ ਨਮੂਨੇ ਤੁਰੰਤ ਪੁਣੇ ਸਥਿਤ ਨੈਸ਼ਨਲ ਵਾਇਰੋਲੌਜੀ ਲੈਬ ਭਿਜਵਾਉਣ ਲਈ ਵੀ ਕਿਹਾ ਗਿਆ ਹੈ। ਰਾਜਸਥਾਨ ਦੇ 4 ਜ਼ਿਲ੍ਹਿਆਂ ਦੇ 18 ਵਿਅਕਤੀ ਚੀਨ ਦੀ ਯਾਤਰਾ ਕਰ ਕੇ ਪਰਤੇ ਹਨ। ਸਬੰਧਤ ਚਾਰ ਜ਼ਿਲ੍ਹਿਆਂ ਦੇ ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀਆਂ ਨੂੰ ਉਨ੍ਹਾਂ ਸਭਨਾਂ ਨੂੰ 28 ਦਿਨਾਂ ਤੱਕ ਲਗਾਤਾਰ ਨਿਗਰਾਨੀ ’ਚ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਟਵੀਟ ਕਰ ਕੇ ਦੱਸਿਆ ਕਿ 137 ਉਡਾਣਾਂ ਦੇ 29,707 ਯਾਤਰੀਆਂ ਦੀ ਜਾਂਚ ਕੀਤੀ ਗਈ। ਕੱਲ੍ਹ ਐਤਵਾਰ ਨੂੰ 22 ਉਡਾਣਾਂ ਦੇ 4,359 ਯਾਤਰੀਆਂ ਦੀ ਜਾਂਚ ਕੀਤੀ ਗਈ। ਕੋਰੋਨਾ ਵਾਇਰਸ ਦੀ ਛੂਤ ਤੋਂ ਪੀੜਤ ਹੋਣ ਦਾ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਮੰਤਰਾਲੇ ਨੇ ਆਪਣੇ ਇੱਕ ਹੋਰ ਟਵੀਟ ’ਚ ਕਿਹਾ ਕਿ ਨੇਪਾਲ ’ਚ ਕੋਰੋਨਾ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਹੋਣ ਦੇ ਮੱਦੇਨਜ਼ਰ ਭਾਰਤ ਨੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ’ਚ ਚੌਕਸੀ ਵਧਾ ਦਿੱਤੀ ਹੈ।

Real Estate