ਵਾਰ-ਵਾਰ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਵੀਜ਼ਾ ਲੈਣ ‘ਚ ਹੋ ਸਕਦੀ ਹੈ ਦਿੱਕਤ !

638

ਹੁਣ ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕਾਂ ਨੂੰ ਵਿਦੇਸ਼ ਜਾਣ ਦਾ ਵੀਜ਼ਾ ਮਿਲਣਾ ਔਖਾ ਹੋ ਸਕਦਾ ਹੈ ਜਾਂ ਹੋ ਸਕਦਾ ਨਾ ਹੀ ਮਿਲੇ। ਇਹ ਨਵਾਂ ਨਿਯਮ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਲਾਗੂ ਕਰ ਦਿੱਤਾ ਹੈ। ਲੁਧਿਆਣਾ ‘ਚ ਟ੍ਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਨਵਾਂ ਪਲਾਨ ਤਿਆਰ ਕੀਤਾ ਗਿਆ ਹੈ। ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੁਹਿੰਮ ਲੁਧਿਆਣਾ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਇਸ ਪਲਾਨ ਤਹਿਤ ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕਾਂ ਦਾ ਡਾਟਾ ਕੈਨੇਡਾ, ਬਰਤਾਨੀਆ, ਅਮਰੀਕਾ ਤੇ ਆਸਟ੍ਰੇਲੀਆ ਅੰਬੈਸੀ ਨੂੰ ਭੇਜ ਦਿੱਤਾ ਜਾਵੇਗਾ ਜਿਸ ਪਿੱਛੋਂ ਨਿਯਮ ਤੋੜਨ ਵਾਲੇ ਲੋਕ ਇਨ੍ਹਾਂ ਦੇਸ਼ਾਂ ਦਾ ਵੀਜ਼ਾ ਲੈਣ ਲਈ ਅਪਲਾਈ ਕਰਨਗੇ ਤਾਂ ਉਨ੍ਹਾਂ ਨੂੰ ਵੀਜ਼ਾ ਮਿਲਣ ‘ਚ ਮੁਸ਼ਕਿਲ ਪੇਸ਼ ਆਵੇਗੀ ਤੇ ਉਨ੍ਹਾਂ ਦਾ ਵੀਜ਼ਾ ਵੀ ਰੱਦ ਹੋ ਸਕਦਾ ਹੈ।
ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਰੈੱਡ ਲਾਈਟ ਜੰਪ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਖ਼ਾਸ ਤੌਰ ‘ਤੇ ਨਜ਼ਰ ਰੱਖੀ ਜਾਵੇਗੀ। ਅਜਿਹੇ ਨਿਯਮ ਤੋੜਨ ਵਾਲੇ ਲੋਕਾਂ ਦਾ ਡਾਟਾ ਵੱਖਰਾ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਡਾਟਾ ਨੂੰ ਵੱਖਰਿਆਂ ਭੇਜਿਆ ਜਾਵੇਗਾ ਤਾਂ ਜੋ ਇਨ੍ਹਾਂ ਦੇਸ਼ਾਂ ‘ਚ ਵੀਜ਼ੇ ਲੈਣ ਵੇਲੇ ਅਜਿਹੇ ਲੋਕਾਂ ‘ਤੇ ਖ਼ਾਸ ਤੌਰ ‘ਤੇ ਕਾਰਵਾਈ ਹੋ ਸਕੇ ਅਤੇ ਵੀਜ਼ਾ ਰੱਦ ਹੋ ਜਾਵੇ। ਇਸ ਤੋਂ ਇਲਾਵਾ ਵੀ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਜਿਸ ‘ਚ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਨਰ ਵਾਲਿਆਂ ਦਾ ਵੀ ਡਾਟਾ ਅੰਬੈਸੀ ਨੂੰ ਭੇਜਿਆ ਜਾਵੇਗਾ। ਅਪਰਾਧਿਕ ਮਾਮਲਾ ਦਰਜ ਹੋਣ ‘ਤੇ ਉਸ ਦਾ ਡਾਟਾ ਪੁਲਿਸ ਅੰਬੈਸੀ ਨੂੰ ਭੇਜ ਦਿੰਦੀ ਹੈ ਪਰ ਨਿਯਮ ਤੋੜਨ ਵਾਲਿਆਂ ਦਾ ਡਾਟਾ ਵੀ ਪੁਲਿਸ ਤੋਂ ਮੰਗਿਆ ਜਾਣ ਲੱਗਾ ਹੈ। ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਵੱਲੋਂ ਨਿਯਮ ਤੋੜਨ ਵਾਲਿਆਂ ਦਾ ਚਲਾਨ ਕਰ ਕੇ ਉਨ੍ਹਾਂ ਦਾ ਡਾਟਾ ਲੁਧਿਆਣਾ ਕਮਿਸ਼ਨਰੇਟ ਵੱਲੋਂ ਅੰਬੈਸੀ ਨੂੰ ਭੇਜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਅੰਬੈਸੀ ਵੱਲੋਂ ਅਜਿਹੇ ਲੋਕਾਂ ਦੇ ਫਾਰਮ ਆਉਣ ‘ਤੇ ਪੁਆਇੰਟ ਘੱਟ ਕਰ ਦਿੱਤੇ ਜਾਣਗੇ। ਪੁਲਿਸ ਕਮਿਸ਼ਨਰ ਅਨੁਸਾਰ ਟ੍ਰੈਫਿਕ ਦੀ ਸਮੱਸਿਆ ਲੁਧਿਆਣਾ ‘ਚ ਇਕ ਵੱਡੀ ਸਮੱਸਿਆ ਹੈ, ਜਿਸ ਦੇ ਮੱਦੇਨਜ਼ਰ ਪੁਲਿਸ ਨੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

Real Estate