ਅਮਰੀਕਾ ‘ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

2857

ਅਮਰੀਕਾ ਵਿਚਲੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਬੇਲਿੰਘਮ ’ਚ ਖ਼ਾਲਸਾ ਯੂਨੀਵਰਸਿਟੀ ਕਾਇਮ ਕਰਨ ਲਈ 125 ਏਕੜ ਜ਼ਮੀਨ ਦਾਨ ਕੀਤੀ ਹੈ। ਇਹ ਭਾਰਤ ਤੋਂ ਬਾਹਰ ਪਹਿਲੀ ਸਿੱਖ ਯੂਨੀਵਰਸਿਟੀ ਹੋਵੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਪ੍ਰਸਤਾਵਿਤ ਯੂਨੀਵਰਸਿਟੀ ’ਚ ਲਗਭਗ ਇੱਕ ਸਾਲ ਦੇ ਅੰਦਰ ਹੀ ਪੜ੍ਹਾਈ ਅਰੰਭ ਹੋ ਜਾਵੇਗੀ। ਬੇਲਿੰਘਮ ਸ਼ਹਿਰ ਅਮਰੀਕੀ ਸੂਬੇ ਵਾਸ਼ਿੰਗਟਨ ’ਚ ਕੈਨੇਡੀਅਨ ਬਾਰਡਰ ਲਾਗੇ ਪ੍ਰਸ਼ਾਂਤ ਮਹਾਸਾਗਰ ਦੇ ਕੰਢੇ ‘ਤੇ ਸਥਿਤ ਹੈ। ਅਮਰੀਕਾ ’ਚ ਰਹਿੰਦੇ ਪੰਜਾਬ ਮਨਜੀਤ ਸਿੰਘ ਧਾਲੀਵਾਲ ਤੇ ਉੱਥੇ ਰਹਿੰਦੇ ਕੁਝ ਹੋਰ ਸਿੱਖ ਪਰਿਵਾਰਾਂ ਨੇ ਖ਼ਾਲਸਾ ਯੂਨੀਵਰਸਿਟੀ ਕਾਇਮ ਕਰਨ ਲਈ ਜ਼ਮੀਨ ਦਾਨ ਵਿੱਚ ਦਿੱਤੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਕੰਮ ਬੀਤੇ ਵਰ੍ਹੇ ਅਗਸਤ ’ਚ ਹੀ ਸ਼ੁਰੂ ਹੋ ਗਿਆ ਸੀ। ਕੁਝ ਪੰਜਾਬੀ ਪਰਿਵਾਰਾਂ ਦੀ ਮਦਦ ਨਾਲ ਇੱਕ ਸਰਕਾਰੀ ਕਾਲਜ ਦੀਆਂ ਦੋ ਇਮਾਰਤਾਂ ਖ਼ਰੀਦ ਲਈਆਂ ਗਈਆਂ ਹਨ ਤੇ ਉੱਥੇ ਹੀ ਪੜ੍ਹਾਹੀ ਸ਼ੁਰੂ ਕਰ ਦਿੱਤੀ ਜਾਵੇਗੀ। ਸਿੱਖਿਆ ਬੋਰਡ ਅਤੇ ਸਥਾਨਕ ਸਰਕਾਰ ਤੋਂ ਲਾਇਸੈਂਸ ਵੀ ਲੈ ਲਿਆ ਗਿਆ ਹੈ। ਸਰਕਾਰ ਤੋਂ ਆੱਨਲਾਈਨ ਕੋਰਸ ਪ੍ਰਵਾਨ ਕਰਵਾ ਲਏ ਹਨ ਤੇ ਉਹ ਖ਼ਰੀਦੀਆਂ ਇਮਾਰਤਾਂ ਵਿੱਚ ਹੀ ਸ਼ੁਰੂ ਕਰ ਦਿੱਤੇ ਜਾਣਗੇ। ਇਸ ਯੂਨੀਵਰਸਿਟੀ ਦਾ ਕੈਂਪਸ ਸਥਾਪਤ ਕਰਨ ਲਈ ਸਮੁੱਚੇ ਵਿਸ਼ਵ ਦੇ ਸਿੱਖਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਨਾ ਲਈ ਫ਼ੰਡ ਹਾਲੇ ਘੱਟ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਸੰਗਤ ਵੱਲੋਂ ਇਸ ਮਾਮਲੇ ’ਚ ਜ਼ਰੁਰ ਮਦਦ ਕੀਤੀ ਜਾਵੇਗੀ। ਖ਼ਾਲਸਾ ਯੂਨੀਵਰਸਿਟੀ ’ਚ ਇੰਜੀਨੀਅਰਿੰਗ, ਮੈਡੀਕਲ, ਕਾਨੁੰਨ, ਭਾਸ਼ਾਵਾਂ, ਅਕਾਊਂਟੈਂਸੀ ਆਦਿ ਦੇ ਕੋਰਸ ਕਰਵਾਏ ਜਾਣਗੇ। ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਸੰਗੀਤ ਬਾਰੇ ਤਾਂ ਕੋਰਸ ਇੱਥੇ ਕਰਵਾਏ ਹੀ ਜਾਣਗੇ।

Real Estate