ਮੁਕਤਸਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਟਿੱਡਿਆਂ ਦੀ ਦਸਤਕ ਨੇ ਕਿਸਾਨਾਂ ਦੇ ਕੀਤੇ ਕੰਨ ਖੜ੍ਹੇ

923

ਸ੍ਰੀ ਮੁਕਤਸਰ ਸਾਹਿਬ 24 ਜਨਵਰੀ ( ਕੁਲਦੀਪ ਸਿੰਘ ਘੁਮਾਣ ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਟਾਵੇਂ ਟਾਂਵੇ ਪਿੰਡਾਂ ਵਿੱਚ ਕੁਝ ਟਿੱਡੇ ਵੇਖਣ ਨੂੰ ਮਿਲੇ ਹਨ ਜਿਨ੍ਹਾਂ ਸਬੰਧੀ ਕਿਸਾਨਾਂ ਵਿੱਚ ਭੈਅ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਕਿਸਾਨ ਵੱਲੋਂ , ਦਰਜਨ ਕੁ ਕਿਸਾਨਾਂ ਦੇ ਇਕੱਠ ਵਿੱਚ , ਕਿਹਾ ਜਾ ਰਿਹਾ ਹੈ ਕਿ ਵਧਾਈ ਅਤੇ ਰਾਮਗੜ੍ਹ ਚੂੰਘਾਂ ਆਦਿ ਪਿੰਡਾਂ ਵਿੱਚ ਕੁਝ ਟਿੱਡੇ ਵੇਖੇ ਗਏ ਹਨ ਅਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਕਿਉਂਕਿ ਵਿਭਾਗ ਕੋਲ ਸਪਰੇਅ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਹਾਂ ਰਾਣੀ ਵਾਲਾ,ਮਿੱਡਾ, ਫਤੂਹੀ ਖੇੜਾ,ਮੰਨ੍ਹੀਆਂ ਵਾਲਾ ,ਵਿਰਕ ਖੇੜਾ, ਅਸਪਾਲ , ਕੋਲਿਆਂ ਵਾਲੀ ਦੇ ਨੇੜੇ ਤੇੜੇ ਕੁਝ ਟਿੱਡੇ ਵੇਖਣ ਨੂੰ ਮਿਲੇ ਹਨ ਪਰ ਇਹ ਟਿੱਡੇ ਨੁਕਸਾਨ ਕਰਨ ਦੀ ਸਮਰੱਥਾ ਵਿੱਚ ਨਹੀਂ ਹਨ। ਟਿੱਡੀ ਦਲ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਹੋਵੇ ਉਥੇ ਤਾਂ ਨੁਕਸਾਨ ਜ਼ਰੂਰ ਹੁੰਦਾ ਹੈ ਪਰ ਪੰਜਾਂ ਕਿੱਲਿਆਂ ਪਿੱਛੇ, ਤਿੰਨਾਂ ਕਿੱਲਿਆਂ ਪਿੱਛੇ ਅਗਰ ਕੋਈ ਟਾਂਵਾਂ ਟਾਂਵਾਂ ਇੱਕ ਦੋ ਟਿੱਡਾ ਮਿਲਦਾ ਹੈ ਤਾਂ ਉਹ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਹਾਂ ਇਹ ਜ਼ਰੂਰ ਹੈ ਕਿ ਇਹ ਟਿੱਡੇ ਕਿਸੇ ਨਵੀਂ ਕਿਸਮ ਦੇ ਨਹੀਂ , ਬਲਕਿ ਟਿੱਡੀ ਦਲ ਨਾਲੋਂ ਟਾਂਵੇਂ ਟਾਂਵੇਂ ਵੱਖ ਹੋਏ ਹੋ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿੱਧਰੇ ਕੋਈ ਸਮੱਸਆ ਨਜ਼ਰ ਆਉਂਦੀ ਹੈ ਤਾਂ ਤੁਰੰਤ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਵਿਭਾਗ ਕੋਲ ਇਸ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਹੀ ਪੁਖ਼ਤਾ ਪ੍ਰਬੰਧ ਹਨ।

Real Estate