ਡੁੱਲ੍ਹ ਡੁੱਲ੍ਹ ਪੈਂਦਾ ਹੈ ਬਠਿੰਡਾ ਦਾ ਵਿਕਾਸ, ਸੜਕਾਂ ਤੋਂ ਇਕੱਠੀ ਕੀਤੀ ਜਾ ਰਹੀ ਹੈ ਬੱਜਰੀ

801

ਬਠਿੰਡਾ/ 23 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਇਸ ਵਿਰਾਸਤੀ ਸ਼ਹਿਰ ਦਾ ਵਿਕਾਸ ਇਸ ਕਦਰ ਡੁੱਲ੍ਹ ਡੁੱਲ੍ਹ ਪੈ ਰਿਹੈ, ਕਿ ਉਸਨੂੰ ਇਕੱਠਾ ਕਰਕੇ ਟਰਾਲੀਆਂ ਵਿੱਚ ਭਰਨਾ ਪੈ ਰਿਹਾ ਹੈ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਕਰੀਬ ਦੋ ਕੁ ਮਹੀਨੇ ਪਹਿਲਾਂ ਨਵੀਨੀਕਰਨ ਦੇ ਨਾਂ ਹੇਠ ਨਗਰ ਨਿਗਮ ਅਧੀਨ ਪੈਂਦੀਆਂ ਸੜਕਾਂ ਤੇ ਜਦ ਪ੍ਰੀਮਿਕਸ ਵਿਛਾਇਆ ਜਾ ਰਿਹਾ ਸੀ, ਤਾਂ ਆਮ ਲੋਕਾਂ ਨੇ ਇਸ ਬੇਮੌਸਮੇ ਕੰਮ ਤੇ ਇਹ ਕਹਿੰਦਿਆਂ ਕਿੰਤੂ ਪ੍ਰੰਤੂ ਕਰਨਾ ਸੁਰੂ ਕਰ ਦਿੱਤਾ ਸੀ, ਕਿ ਇਹ ਭ੍ਰਿਸਟਾਚਾਰ ਦੇ ਇੱਕ ਵੱਡੇ ਸਕੈਂਡਲ ਨੂੰ ਅਮਲੀ ਜਾਮਾ ਪਹਿਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਰਕਾਰੀ ਏਜੰਸੀਆਂ ਦੀ ਨਿਗਰਾਨੀ ਤਹਿਤ ਪਹਿਲੀ ਵਾਰ ਸਰਦ ਮੌਸਮ ਵਿੱਚ ਵਿਕਾਸ ਦੇ ਨਾਂ ਹੇਠ ਜੋ ਪ੍ਰੀਮਿਕਸ ਵਿਛਾਇਆ ਸੀ, ਉਸਨੇ ਦਿਨਾਂ ਬਾਅਦ ਹੀ ਆਪਣਾ ਰੰਗ ਦਿਖਾ ਦਿੱਤਾ। ਬਾਕੀ ਸ਼ਹਿਰ ਦੀ ਤਾਂ ਗੱਲ ਹੀ ਛੱਡੋ, ਜਿਲ੍ਹਾ ਪ੍ਰਸਾਸਕੀ ਕੰਪਲੈਕਸ ਦੀ ਨੱਕ ਦੇ ਐਨ ਹੇਠਲੇ ਖੇਤਰ ਜਿਸ ਵਿੱਚ ਪੰਜਾਬ ਪੁਲਿਸ ਦੇ ਇੱਕ ਏ ਡੀ ਜੀ ਪੀ, ਇੱਕ ਆਈ ਜੀ, ਜਿਲ੍ਹੇ ਦੇ ਡਿਪਟੀ ਕਮਿਸਨਰ, ਸੈਸਨ ਜੱਜ ਸਮੇਤ ਕਈ ਜੁਡੀਸੀਅਲ ਅਫ਼ਸਰਾਂ ਅਤੇ ਐਸ ਐਸ ਪੀ ਦੀ ਰਿਹਾਇਸ਼ ਵੀ ਪੈਂਦੀ ਹੈ, ਉਸ ਦੀਆਂ ਸੜਕਾਂ ਤੇ ਵਿਛਾਇਆ ਪ੍ਰੀਮਿਕਸ ਬੱਜਰੀ ਵਿੱਚ ਤਬਦੀਲ ਹੋ ਚੁੱਕਾ ਹੈ।
ਇਸ ਬੱਜਰੀ ਤੇ ਚੱਲਣ ਵਾਲੇ ਪੈਦਲ ਵਿਅਕਤੀਆਂ ਤੋਂ ਇਲਾਵਾ ਕਈ ਦੋਪਹੀਆ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਕਾਰਨ ਆਮ ਨਾਗਰਿਕ ਜਖ਼ਮੀ ਹੋ ਚੁੱਕੇ ਹਨ। ਲੇਕਿਨ ਪੰਜਾਬ ਦੇ ਸਾਸਨ ਤੇ ਪ੍ਰਸਾਸਨ ਦਾ ਬਾਬਾ ਆਦਮ ਇਸ ਕਦਰ ਨਿਰਾਲਾ ਹੈ, ਕਿ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਇਸ ਦਾ ਨੋਟਿਸ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ। ਪੰਜਾਬ ਦੇ ਦੋ ਵੱਡੇ ਪਰਿਵਾਰਾਂ ਭਾਵ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਅਤੇ ਰਾਜ ਦੇ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦਾ ਇਲਾਕਾ ਹੋਣ ਦੇ ਬਾਵਜੂਦ ਕਿਸੇ ਵੀ ਖ਼ੁਫੀਆ ਜਾਂ ਸਿਆਸੀ ਹਸਤੀ ਨੇ ਅਜਿਹੇ ਸਕੈਂਡਲ ਦੇ ਸੂਤਰਧਾਰਾਂ ਨੂੰ ਸਜ਼ਾ ਤਾਂ ਦੂਰ ਪੁੱਛਣਾ ਤੱਕ ਵੀ ਮੁਨਾਸਿਬ ਨਹੀਂ ਸਮਝਿਆ। ਪ੍ਰਿੰਟ ਅਤੇ ਬਿਜਲਈ ਮੀਡੀਆ ਵਿੱਚ ਜਦ ਨਮੂਨੇ ਦੇ ਇਸ ਵਿਕਾਸ ਦੀ ਚਰਚਾ ਹੋਣੀ ਸੁਰੂ ਹੋ ਗਈ, ਤਾਂ ਰਾਤੋ ਰਾਤ ਅਜਿਹਾ ਕਵਰਅੱਪ ਅਪਰੇਸਨ ਸੁਰੂ ਹੋ ਗਿਆ, ਕਿ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਇਰਾਦੇ ਨਾਲ ਸੜਕਾਂ ਤੇ ਖਿੱਲਰੀ ਹੋਈ ਬੱਜਰੀ ਨੂੰ ਕਹੀਆਂ ਅਤੇ ਟੋਕਰੀਆਂ ਨਾਲ ਇਕੱਠਾ ਕਰਕੇ ਟਰਾਲੀਆਂ ਭਰ ਭਰ ਅਗਿਆਤ ਥਾਵਾਂ ਵੱਲ ਭੇਜਣਾ ਸੁਰੂ ਕਰ ਦਿੱਤਾ। ਇਸ ਕੰਮ ਨੂੰ ਵੀ ਆਈ ਪੀ ਖੇਤਰ ਵਿੱਚ ਅੰਜਾਮ ਦੇ ਰਹੀ ਦਿਹਾੜੀਦਾਰ ਕਾਮਿਆਂ ਦੀ ਇੱਕ ਟੀਮ ਨੂੰ ਜਦ ਪੱਤਰਕਾਰਾਂ ਨੇ ਮੌਕੇ ਤੇ ਜਾ ਦਬੋਚਿਆ, ਤਾਂ ਉਹਨਾਂ ਦਾ ਕਹਿਣਾ ਸੀ ਕਿ ਠੇਕੇਦਾਰਾਂ ਵੱਲੋਂ ਦਿੱਤੀ ਜੁਮੇਵਾਰੀ ਹੀ ਉਹ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਪੂਰੀ ਕਰ ਰਹੇ ਹਨ।

Real Estate