ਕੀ ਢੀਂਡਸਾ ਨੂੰ ਮੋਦੀ ਕੈਬਟਿਨ ਵਿੱਚ ਮਿਲਣ ਜਾ ਰਹੀ ਹੈ ਕੁਰਸੀ ?

775

ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਾ ਸਹਾਰਾ ਲੈ ਕੇ ਦਿੱਲੀ ਚੋਣਾ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਪਰ ਹੁਣ ਜਲਦੀ ਹੀ ਇਸ ਗਠਜੋੜ ਦੇ ਟੁੱਟ ਜਾਣ ਦੀਆਂ ਸਿਆਸੀ ਹਲਕਿਆਂ ‘ਚ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ। ਕੁੱਝ ਟਕਸਾਲੀ ਆਗੂਆਂ ਤੇ ਭਾਜਪਾ ਦੇ ਉਚ ਪੱਧਰੀ ਹਲਕਿਆਂ ‘ਚ ਚੱਲ ਰਹੀ ਚਰਚਾ ਅਨੁਸਾਰ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ ਦਿੰਦੇ ਹੋਏ ਅਪਣੀ ਕੈਬਨਿਟ ਵਿਚ ਬਾਗੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਾਮਲ ਕਰ ਸਕਦੇ ਹਨ। ਕੁੱਝ ਟਕਸਾਲੀ ਤੇ ਭਾਜਪਾ ਆਗੂਆਂ ਨੇ ਇੰਨ੍ਹਾਂ ਚਰਚਾਵਾਂ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ” ਹੁਣ ਮੁੱਲ ਦੇ ਵਿਆਹ ਵਾਂਗ ਦੋਨਾਂ ਧਿਰਾਂ ਲਈ ਗਠਜੋੜ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ।” ਖ਼ਬਰਾਂ ਅਨੁਸਾਰ ਭਾਜਪਾ ਦੇ ਇੱਕ ਚੋਟੀ ਦੇ ਆਗੂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ”ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਵਿਚ ਗਠਜੋੜ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਹੀ ਹਾਈਕਮਾਂਡ ਵਲੋਂ ਅਕਾਲੀ ਦਲ ਤੋਂ ਵੱਖ ਹੋਣ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ, ਜਿਸਦਾ ਪਹਿਲਾਂ ਸਬੂਤ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਹੁਣ ਦਿੱਲੀ ਚੋਣਾਂ ਵਿਚ ਦੇਖਣ ਨੂੰ ਮਿਲ ਰਿਹਾ।” ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਤੋਂ ਚੁੱਪ ਬੈਠੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਹਾਈਕਮਾਂਡ ਵਲੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਸਰਗਰਮੀਆਂ ਸ਼ੁਰੂ ਹੋਈਆਂ ਹਨ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਢੀਂਡਸਾ ਦੇ ਭਾਜਪਾ ਹਾਈਕਮਾਂਡ ਨਾਲ ਚੰਗੇ ਸਬੰਧ ਹਨ, ਜਿਸ ਦੇ ਕਾਰਨ ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਹ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਵੀ ਕੇਂਦਰ ਵਿਚ ਕੈਬਨਿਟ ਮੰਤਰੀ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਇੱਕ ਟਕਸਾਲੀ ਅਕਾਲੀ ਆਗੂ ਨੇ ਵੀ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ” ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਵੱਡੇ ਫ਼ੇਰਬਦਲ ਦੇਖਣ ਨੂੰ ਮਿਲ ਸਕਦੇ ਹਨ। ”
ਪਰ ਇਹਨਾਂ ਖ਼ਬਰਾਂ ਤੇ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਹਾਲੇ ਤੱਕ ਅਜਿਹਾ ਕੋਈ ਆਫ਼ਰ ਨਹੀਂ ਆਇਆ ਪ੍ਰੰਤੂ ਉਨ੍ਹਾਂ ਦੇ ਭਾਜਪਾ ਨਾਲ ਕੋਈ ਮਤਭੇਦ ਨਹੀਂ।

Real Estate