ਲਾੜਾ ਲਾੜੀ ਨੇ ਅਨੰਦ ਕਾਰਜ ਉਪਰੰਤ ਕਿਤਾਬਾਂ ਖਰੀਦ ਕੇ ਦਿੱਤਾ ਚੰਗਾ ਸੁਨੇਹਾ

606

ਬਠਿੰਡਾ/20 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਕਿਤਾਬਾਂ ਜੀਵਨ ਜਾਂਚ ਦੀਆਂ ਬਾਤਾਂ ਪਾਉਂਦੀਆਂ ਹਨ। ਜੀਵਨ ਨੂੰ ਸਫ਼ਲ ਬਣਾਉਣ ਲਈ ਗਿਆਨ ਵਿਗਿਆਨ ਦੀਆਂ ਪੁਸਤਕਾਂ ਪੜ੍ਹਣੀਆਂ ਅਤੀ ਜਰੂਰੀ ਹਨ। ਇਹ ਸੁਨੇਹਾ ਇੱਕ ਨਵ ਵਿਆਹੁਤਾ ਜੋੜੀ ਨੇ ਅਨੰਦ ਕਾਰਜ ਦੀ ਰਸਮ ਉਪਰੰਤ ਸਟਾਲ ਤੋਂ ਕਿਤਾਬਾਂ ਖਰੀਦ ਕੇ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੀ ਡਬਲਿਊ ਡੀ ਵਿਭਾਗ ਵਿੱਚ ਬਰਨਾਲਾ ਵਿਖੇ ਸਰਵਿਸ ਕਰਦੇ ਅਵਤਾਰ ਸਿੰਘ ਦੇ ਗੁਰਸਿੱਖ ਪੁੱਤਰ ਪਰਮਿੰਦਰ ਸਿੰਘ ਦੀ ਸਾਦੀ ਬੀਤੇ ਦਿਨ ਜਿਲ੍ਹਾ ਬਠਿੰਡਾ ਦੇ ਪਿੰਡ
ਮਹਿਤਾ ਦੇ ਅਗਾਂਹਵਧੂ ਪਰਿਵਾਰ ਵਿੱਚ ਜਗਜੀਤ ਸਿੰਘ ਦੀ ਪੁੱਤਰੀ ਪਰਮਿੰਦਰ ਕੌਰ ਨਾਲ ਹੋਈ। ਵਿਆਹ ਦਾ ਸਮਾਗਮ ਸਟਾਰ ਗੋਲਡ ਮੈਰਿਜ ਪੈਲੇਸ ਗਹਿਰੀ ਬੁੱਟਰ ਵਿਖੇ ਕੀਤਾ ਗਿਆ, ਇਸ ਮੌਕੇ ਪੈਲੇਸ ਵਿੱਚ ਹੀ ਇੱਕ ਪੁਸਤਕਾਂ ਦੀ ਸਟਾਲ ਸ੍ਰ: ਗਿਆਨ ਸਿੰਘ, ਸੁਖਵਿੰਦਰ ਪਾਲ ਸਿੰਘ ਵਿਰਕ ਤੇ ਰਣਧੀਰ ਗਿੱਲਪੱਤੀ ਦੀ ਦੇਖਰੇਖ ਹੇਠ ਲਗਾਈ ਗਈ। ਵਿਆਹ ਦੀ ਖਾਸੀਅਤ ਇਹ ਸੀ ਕਿ ਇਸ ਮੌਕੇ ਕੋਈ ਦਾਜ ਦਹੇਜ ਨਹੀਂ ਲਿਆ ਗਿਆ। ਕੇਵਲ ਅਨੰਦ ਕਾਰਜ ਦੀ ਰਸ੍ਰਮ ਤੋਂ ਇਲਾਵਾ ਹੋਰ ਕੋਈ ਰਸਮ ਵੀ ਨਹੀਂ ਕੀਤੀ ਗਈ। ਸਟੇਜ ਤੇ ਆਰਕੈਸਟਰਾ ਜਾਂ ਨੱਚਣ ਟੱਪਣ ਦੀ ਬਜਾਏ ਉੱਘੇ ਰੰਗਕਰਮੀ ਕੀਰਤੀ ਕ੍ਰਿਪਾਲ ਦੀ ਨਿਰਦੇਸ਼ਨਾ ਹੇਠ ਦੋ ਡਰਾਮੇ ਖੇਡੇ ਗਏ। ਇਹਨਾਂ ਵਿੱਚ ਇੱਕ ਡਰਾਮਾ ‘ਟੋਆ’ ਮੌਜੂਦਾ ਸਿਆਸਤ ਤੇ ਟਿੱਪਣੀ ਕਰਦਾ ਸੀ ਅਤੇ ਦੂਜਾ ‘ਸੁਦਾਗਰ’ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਨਸ਼ਿਆਂ ਦੇ ਰੁਝਾਨ ਤੇ ਕਟਾਸ ਕਸਦਾ ਸੀ। ਇਸ ਸਟੇਜ ਦਾ ਸੰਚਾਲਨ ਰਣਜੀਤ ਸਿੰਘ ਵੱਲੋਂ ਕੀਤਾ ਗਿਆ ਸੀ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਲਾੜਾ ਲਾੜੀ ਦੇ ਪਰਿਵਾਰ ਦਲਿਤ ਸਮਾਜ ਨਾਲ ਸਬੰਧਤ ਹਨ, ਅਨੰਦ ਕਾਰਜ ਦੀ ਰਸਮ ਉਪਰੰਤ ਲਾੜਾ ਲਾੜੀ ਪੁਸਤਕਾਂ ਦੀ ਸਟਾਲ ਤੇ ਪਹੁੰਚੇ ਉਹਨਾਂ ਕਿਤਾਬਾਂ ਨੂੰ ਪੂਰੇ ਗਹੁ ਨਾਲ ਵਾਚਿਆ ਅਤੇ ਗਿਆਨ ਵਿਗਿਆਨ ਅਤੇ ਤਰਕਸ਼ੀਲਤਾ ਵਾਲੀਆਂ ਪਸਤਕਾਂ ਦੀ ਖਰੀਦ ਕੀਤੀ। ਜਦ ਲਾੜੇ ਪਰਮਿੰਦਰ ਸਿੰਘ ਨੂੰ ਇਸ ਨਿਵੇਕਲੇ ਸਮਾਗਮ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਰਿਸਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਘੱਟ ਖਰਚ ਤੇ ਸਾਦਾ ਵਿਆਹ ਕਰਨ ਦਾ ਸੁਝਾਅ ਦਿੰਦਾ ਸੀ, ਤਾਂ ਉਹ ਅਕਸਰ ਹੀ ਕਹਿ ਦਿੰਦੇ, ‘‘ਜਦ ਤੇਰਾ ਵਿਆਹ ਹੋਇਆ ਉਦੋਂ ਪੁੱਛਾਂਗੇ।’’ ਪਰਮਿੰਦਰ ਨੇ ਕਿਹਾ ਕਿ ਉਸਨੇ ਰਿਸਤੇਦਾਰਾਂ ਦੋਸਤਾਂ ਦੇ ਸਵਾਲ ਦਾ ਜਵਾਬ ਵੀ ਦੇ ਦਿੱਤਾ ਹੈ ਅਤੇ ਸਮੇਂ ਦੀ ਲੋੜ ਅਨੁਸਾਰ ਢੁਕਵਾਂ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਹੈ। ਇਸ ਨਵ ਵਿਆਹੁਤਾ ਜੋੜੀ ਨੇ ਵਿਆਹ ਸਮਾਗਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਮੌਜੂਦਾ ਸਿਆਸੀ ਪ੍ਰਦੂਸਣ, ਵਾਤਾਵਰਣ ਪ੍ਰਦੂਸਣ, ਦਾਜ, ਲੜਕੀਆਂ ਦੇ ਜੰਮਣ ਤੋਂ ਪਹਿਲਾਂ ਕਤਲ, ਬਲਾਤਕਾਰ ਅਪਰਾਧ ਆਦਿ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਦੀ ਮਾਰ ਤੋਂ ਬਚਣ ਲਈ ਸਾਹਿਤ ਹੀ ਸਹੀ ਰਾਹ ਦਿਖਾ ਸਕਦਾ ਹੈ। ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਇਸ ਸਮਾਗਮ ਦੀ ਸਲਾਘਾ ਕਰਦਿਆਂ ਕਿਹਾ ਕਿ ਪਰਮਿੰਦਰ ਜੋੜੀ ਨੇ ਨਵੀਂ ਪਿਰਤ ਪਾਈ ਹੈ, ਜਿਸਤੋਂ ਸਬਕ ਲੈਣਾ ਚਾਹੀਦਾ ਹੈ। ਵਿਆਹ ਮੌਕੇ ਗਿਫ਼ਟ ਦੇ ਤੌਰ ਤੇ ਪੁਸਤਕਾਂ ਦੇਣ ਦਾ ਰੁਝਾਨ ਪੈਦਾ ਕਰਨਾ ਚਾਹੀਦਾ ਹੈ, ਤਾਂ ਜੋ ਗ੍ਰਸਿਥੀ ਜੀਵਨ ਵਿੱਚ ਪ੍ਰਵੇਸ ਕਰਨ ਵਾਲਿਆਂ ਨੂੰ ਚੰਗਾ ਜੀਵਨ ਬਤੀਤ ਕਰਨ ਲਈ ਸੇਧ ਦਿੱਤੀ ਜਾ ਸਕੇ।

Real Estate