ਭਾਜਪਾਈ ਦੇ ਬੋਲ “CAA ਦਾ ਵਿਰੋਧ ਕਰਨ ਵਾਲੇ ਮਮਤਾ ਬੈਨਰਜੀ ਦੇ ‘ਕੁੱਤੇ’ ਹਨ”

694

ਨਾਗਰਿਕਤਾ ਸੋਧ ਕਾਨੂੰਨ ਦਾ ਦੇਸ਼ ਭਰ ‘ਚ ਲਗਾਤਾਰ ਵਿਰੋਧ ਜਾਰੀ ਹੈ । ਸੀਏਏ ਬਾਰੇ ਪੱਛਮ ਬੰਗਾਲ ‘ਚ ਭਾਜਪਾ ਸੰਸਦ ਮੈਂਬਰ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਤੇ ਵਿਵਾਦ ਹੋ ਗਿਆ ਹੈ। ਭਾਜਪਾ ਆਗੂ ਸੌਮਿੱਤਰ ਖਾਨ ਨੇ ਐਤਵਾਰ ਨੂੰ ਉਨ੍ਹਾਂ ਸਾਰੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ‘ਕੁੱਤਾ’ ਕਰਾਰ ਦਿੱਤਾ ਜੋ ਸੀਏਏ ਦਾ ਵਿਰੋਧ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਲ 2019 ‘ਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੌਮਿੱਤਰ ਖਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਬਾਰੇ ਤੱਥਾਂ ਨੂੰ ਜਾਣਨ ਦੇ ਬਾਵਜੂਦ ਪ੍ਰਸਿੱਧ ਸ਼ਖਸੀਅਤਾਂ ਇਸ ਦੇ ਵਿਰੁੱਧ ਰੋਸ ਪ੍ਰਗਟਾ ਰਹੀਆਂ ਹਨ। ਲੋਕ ਸਭਾ ‘ਚ ਬਿਸ਼ਣੂਪੁਰ ਸੀਟ ਤੋਂ ਸੰਸਦ ਮੈਂਬਰ ਸੌਮਿੱਤਰ ਖਾਨ ਨੇ ਕਿਹਾ, “ਜਿਹੜੇ ਲੋਕ ਅਜਿਹਾ ਕਰ ਰਹੇ ਹਨ ਉਹ ਮਮਤਾ ਬੈਨਰਜੀ ਦੇ ‘ਕੁੱਤੇ’ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਕਾਮਦੂਨੀ ਅਤੇ ਪਾਰਕ ਸਟ੍ਰੀਟ ‘ਚ ਹੋਏ ਸਮੂਹਿਕ ਬਲਾਤਕਾਰ ‘ਤੇ ਚੁੱਪ ਰਹੇ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਬਾਰੇ ਕੁਝ ਨਹੀਂ ਬੋਲੇ। ਸੂਬੇ ਦੇ ਅਦਾਕਾਰਾਂ, ਨਿਰਦੇਸ਼ਕਾਂ ਅਤੇ ਸੰਗੀਤਕਾਰਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਪ੍ਰਸਤਾਵਿਤ ਐਨਆਰਸੀ ਦੇ ਵਿਰੋਧ ਵਿੱਚ ਰੈਲੀਆਂ ‘ਚ ਹਿੱਸਾ ਲਿਆ। ਉੱਧਰ ਪੱਛਮ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਸਨਿੱਚਰਵਾਰ ਨੂੰ ਕਿਹਾ, “ਜਿਹੜੇ ਲੋਕ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਹ ਬੰਗਾਲ ਵਿਰੋਧੀ ਅਤੇ ਭਾਰਤ ਦੇ ਵਿਚਾਰ ਦੇ ਵਿਰੁੱਧ ਹਨ। ਸੂਬੇ ਚ 1 ਕਰੋੜ ਗੈਰ-ਕਾਨੂੰਨੀ ਮੁਸਲਮਾਨ ਸਰਕਾਰ ਤੋਂ 2 ਰੁਪਏ ਪ੍ਰਤੀ ਕਿਲੋ ਚਾਵਲ ਸਕੀਮ ਦਾ ਲਾਭ ਲੈ ਰਹੇ ਹਨ। ਅਸੀਂ ਉਨ੍ਹਾਂ ਨੂੰ ਵਾਪਸ ਭੇਜਾਂਗੇ।”

Real Estate