ਮੀਟਿੰਗ ਮੁਲਤਵੀ, ਬੈਂਕ ਦਾ ਚੇਅਰਮੈਨ ਬਣਨ ਤੋਂ ਰਹਿ ਗਿਆ ਮੰਤਰੀ ਦਾ ਪੁੱਤਰ : ਹਾਰ, ਲੱਡੂ ਤੇ ਕਰਾਰੇ ਪਕੌੜੇ ਹੋਏ ਬੇਸੁਆਦ

650

ਬਠਿੰਡਾ/ 17 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਮਿਥੇ ਹੋਏ ਸਮੇਂ ਤੇ ਦੀ ਬਠਿੰਡਾ ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਦੀ ਚੋਣ ਨਾ ਹੋਣ ਦੇ ਘਟਨਾਕ੍ਰਮ ਨੇ ਇਸ ਜਿਲ੍ਹੇ ਨਾਲ ਸਬੰਧਤ ਇੱਕ ਕੈਬਨਿਟ ਮੰਤਰੀ ਦੇ ਖੇਮੇ ਨੂੰ ਨਿਰਾਸ਼ ਤੇ ਦੂਜੇ ਦੀਆਂ ਸਫ਼ਾਂ ਵਿੱਚ ਖੁਸ਼ੀ ਤੇ ਖੇੜੇ ਵਾਲਾ ਮਹੌਲ ਪੈਦਾ ਕਰ ਦਿੱਤਾ ਹੈ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਜਿਲ੍ਹੇ ਦੀ ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦੀ ਪਿਛਲੇ ਦਿਨੀਂ ਹੋਈ ਇੱਕਤਰਫਾ ਚੋਣ ਨੇ ਅਕਾਲੀਆਂ ਦੀ ਬਜਾਏ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਆਪਣੀ ਲੀਡਰਸਿਪ ਨਾਲ ਬੇਹੱਦ ਨਰਾਜ ਕਰ ਦਿੱਤਾ ਸੀ, ਕਿਉਂਕਿ ਇੱਕ ਕੈਬਨਿਟ ਮੰਤਰੀ ਦੇ ਸਮਰਥਕਾਂ ਤੋਂ ਬਿਨ੍ਹਾਂ ਨਾਮਜਦਗੀ ਕਾਗਜ ਦਾਖ਼ਲ ਕਰਨ ਲਈ ਦੂਜੇ ਕਿਸੇ ਨੂੰ ਵੀ ਪੁਲਸੀਆ ਬੰਦੋਬਸਤ ਨੇ ਬੈਂਕ ਦੇ ਨੇੜੇ ਤੇੜੇ ਵੀ ਫੜਕਣ ਨਹੀਂ ਸੀ ਦਿੱਤਾ। ਇਸ ਚੋਣ ਵਿੱਚ ਬਣੇ 9 ਡਾਇਰੈਕਟਰਾਂ ਵਿੱਚੋਂ ਕਿਉਂਕਿ ਬਹੁਗਿਣਤੀ ਮਾਲ ਮੰਤਰੀ ਸ੍ਰ: ਗੁਰਪ੍ਰੀਤ ਸਿੰਘ ਕਾਂਗੜ ਦੇ ਸਮਰਥਕਾਂ ਦੀ ਹੈ, ਇਸ ਲਈ ਇਹ ਸਮਝਿਆ ਜਾਣ ਲੱਗ ਪਿਆ ਸੀ ਕਿ ਉਹਨਾਂ ਦਾ ਬੇਟਾ ਹਰਮਨਵੀਰ ਸਿੰਘ ਚੇਅਰਮੈਨ ਦੀ ਕੁਰਸੀ ਤੇ ਸਸੋਭਿਤ ਹੋਵੇਗਾ। ਚੋਣ ਅਮਲ ਵਿੱਚ ਭਾਗ ਲੈਣ ਲਈ ਹਰਮਨਵੀਰ ਸੌ ਤੋਂ ਵੱਧ ਆਪਣੇ ਸਾਥੀਆਂ ਨਾਲ ਅੱਜ ਜਿਉਂ ਹੀ ਕੇਂਦਰੀ ਸਹਿਕਾਰੀ ਬੈਂਕ ਦੇ ਅਹਾਤੇ ਪੁੱਜਾ, ਤਾਂ ਉਦੋਂ ਉਸਦੇ ਖੇਮੇ ਵਿੱਚ ਲੋਹੜੇ ਦਾ ਚਾਅ ਤੇ ਉਤਸ਼ਾਹ ਸੀ। ਸਮਰਥਕਾਂ ਦੇ ਹੱਥਾਂ ਵਿੱਚ ਹਾਰਾਂ ਵਾਲੇ ਲਫਾਫਿਆਂ ਤੇ ਮਠਿਆਈ ਦੇ ਡੱਬਿਆਂ ਤੋਂ ਇਲਾਵਾ ਉਹਨਾਂ ਦੀਆਂ ਗੱਡੀਆਂ ਵਿੱਚ ਪਈਆਂ ਕਰਾਰੇ ਪਕੌੜਿਆਂ ਦੀਆਂ ਟੋਕਰੀਆਂ ਵੀ ਇਸ ਤੱਥ ਦੀ ਪੁਸਟੀ ਕਰਦੀਆਂ ਸਨ। ਪਰ ਉਸ ਵੇਲੇ ਬਣਨ ਵਾਲੇ ਚੇਅਰਮੈਨ
ਤੇ ਉਸਦੇ ਸਾਥੀਆਂ ਵਿੱਚ ਉਦਾਸੀ ਫੈਲ ਗਈ, ਜਦ ਇਹ ਪਤਾ ਲੱਗਾ ਕਿ ਮੀਟਿੰਗ ਨਹੀਂ ਹੋ ਰਹੀ। ਮੀਟਿੰਗ ਨਾ ਹੋਣ ਦਾ ਕਾਰਨ ਕੀ ਹੈ? ਬੈਂਕ ਦੇ ਐ¤ਮ ਡੀ ਮੁਤਾਬਿਕ ਪਹਿਲੇ ਦੀ ਬਦਲੀ ਹੋਣ ਕਾਰਨ ਨਵੇਂ ਡੀ ਆਰ ਨੇ ਹਾਲੇ ਤੱਕ ਚਾਰਜ
ਨਹੀਂ ਲਿਆ, ਇਸ ਲਈ ਸਰਕਾਰ ਦੇ ਪ੍ਰਤੀਨਿਧ ਵਜੋਂ ਉਹਨਾਂ ਦੀ ਮੌਜੂਦਗੀ ਜਰੂਰੀ ਹੋਣ ਕਾਰਨ ਚੋਣ ਅਮਲ ਸੁਰੂ ਨਹੀਂ ਹੋ ਸਕਿਆ। ਪਰੰਤੂ ਕਾਂਗਰਸ ਦੇ ਅੰਦਰਲੇ ਹਲਕਿਆਂ ਅਨੁਸਾਰ ਅਜਿਹਾ ਉਪਰਲੇ ਹੁਕਮਾਂ ਕਾਰਨ ਹੋਇਆ ਹੈ, ਕਿਉਂਕਿ ਜੇਕਰ ਸਰਕਾਰ ਦਾ ਪ੍ਰਤੀਨਿਧ ਹਾਜਰ ਹੀ ਨਹੀਂ ਸੀ ਹੋਣਾ, ਤਾਂ ਚੋਣ ਮੀਟਿੰਗ ਦੇ ਮੁਲਤਵੀ ਹੋਣ ਦੀ ਸੂਚਨਾ ਡਾਇਰੈਕਟਰਾਂ ਨੂੰ ਕਿਉਂ ਨਾ ਦਿੱਤੀ ਗਈ? ਖਾਸਕਰ ਇੱਕ ਕੈਬਨਿਟ ਮੰਤਰੀ ਦੇ ਪੁੱਤਰ ਨੂੰ ਤਾਂ ਇਸ ਤੱਥ ਦੀ ਜਾਣਕਾਰੀ ਹੋਣੀ ਚਾਹੀਦੀ ਸੀ। ਇੱਥੇ ਇਹ ਜਿਕਰ ਕਰਨਾ ਵੀ ਜਰੂਰੀ ਹੈ ਕਿ ਚੇਅਰਮੈਨ ਦੇ ਅਹੁਦੇ ਲਈ ਸੀਨੀਅਰ ਕਾਂਗਰਸੀ ਆਗੂ ਸ੍ਰ: ਟਹਿਲ ਸਿੰਘ ਸੰਧੂ, ਜੋ ਪ੍ਰਦੇਸ ਕਾਂਗਰਸ ਦੇ ਸਕੱਤਰ ਤੋਂ ਇਲਾਵਾ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਦੇ ਵੀ ਖੇਮੇ ਨਾਲ ਸਬੰਧਤ ਹਨ, ਕਾਫ਼ੀ ਯਤਨ ਕਰ ਰਹੇ ਹਨ। ਇਸਤੋਂ ਪਹਿਲਾਂ ਬਹੁਗਿਣਤੀ ਮੈਂਬਰਾਂ ਵੱਲੋਂ ਜੋਰ ਪਾਉਣ ਦੇ ਬਾਵਜੂਦ ਵੀ ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਦੀ ਚੋਣ ਗੁਪਤ ਪਰਚੀ ਰਾਹੀਂ ਕਰਵਾਉਣ ਦੇ ਉਲਟ ਸ੍ਰੀਮਤੀ ਮਨਜੀਤ ਕੌਰ ਨੂੰ ਜੇਤੂ ਕਰਾਰ ਦੇ ਦਿੱਤਾ ਸੀ, ਜਿਸਨੂੰ ਮਾਲ ਮੰਤਰੀ ਸ੍ਰੀ ਕਾਂਗੜ ਦੀ ਸ੍ਰਪਰਸਤੀ ਹੈ। ਹਾਲਾਂਕਿ ਐੱਸ ਡੀ ਐੱਮ ਅਨੁਸਾਰ ਬਹੁਗਿਣਤੀ ਮੈਂਬਰਾਂ ਨੇ ਹੱਥ ਖੜੇ ਕਰਕੇ ਮਨਜੀਤ ਕੌਰ ਦੀ ਹਮਾਇਤ ਕੀਤੀ ਸੀ, ਜਦ ਕਿ ਬਹੁਗਿਣਤੀ ਮੈਂਬਰਾਂ ਵੱਲੋਂ ਮੀਡੀਆ ਪ੍ਰਤੀਨਿਧਾਂ ਦੀ ਮੌਜੂਦਗੀ ਵਿੱਚ ਕਾਂਗੜ ਖਿਲਾਫ਼ ਕੀਤੀ ਨਾਅਰੇਬਾਜੀ ਤੋਂ ਇਹ ਸਪਸਟ ਹੋ ਗਿਆ ਕਿ ਇਹ ਸਭ ਕੁੱਝ ਇੱਕਤਰਫਾ ਹੋਇਆ ਹੈ। ਸਿਆਸੀ ਦਰਸਕਾਂ ਅਨੁਸਾਰ ਇੱਕ ਕੈਬਨਿਟ ਮੰਤਰੀ ਦਾ ਨਿਯੁਕਤੀਆਂ, ਤਬਾਦਲਿਆਂ ਆਦਿ ਦੇ ਮਾਮਲਿਆਂ ’ਚ ਹੱਥ ਉ¤ਪਰ ਹੋਣ ਦੇ ਨਾਲ ਨਾਲ ਚੋਣਾਂ ਦੇ ਨਾਂ ਹੇਠ ਆਪਣੇ ਸਮਰਥਕਾਂ ਨੂੰ ਅਹਿਮ ਅਹੁੱਦਿਆਂ ਤੇ ਥੋਪਣ ਦੇ ਏਕਾਅਧਿਕਾਰ ਨੇ ਪ੍ਰਦੇਸ਼ ਦੀ ਹਾਈਕਮਾਂਡ ਨੂੰ ਕਿਉਂਕਿ ਪਰੇਸਾਨ ਕੀਤਾ ਹੋਇਆ ਹੈ, ਇਸ ਲਈ ਅੱਜ ਦੀ ਚੋਣ ਮੀਟਿੰਗ ਮੁਲਤਵੀ ਹੋਣ ਦਾ ਮੁੱਖ ਕਾਰਨ ਉਪਰਲੀ ਦਖ਼ਲ ਅੰਦਾਜ਼ੀ ਜਾਪਦਾ ਹੈ। ਇੱਕ ਟਕਸਾਲੀ ਕਾਂਗਰਸੀ ਤੋਂ ਜਦ ਪ੍ਰਤੀਕਰਮ ਜਾਣਿਆਂ ਤਾਂ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਵਿੱਚ ਕੀਤੀ ਆਪਾ ਧਾਪੀ ਦਾ ਹਵਾਲਾ ਦੇ ਕੇ ਉਸਨੇ ਇਸ ਕਹਾਵਤ ਨਾਲ ਵਗੈਰ ਕੁੱਛ ਕਿਹਾ ਹੀ ਬਹੁਤ ਕੁੱਝ ਕਹਿ ਦਿੱਤਾ, ‘‘ਕਦੇ ਆਪ ਦੀਆਂ ਕਦੇ ਬਾਪ ਦੀਆਂ।’’

Real Estate