ਪਾਣੀਆਂ ਦੇ ਮੁੱਦੇ ਤੇ ਕੈਪਟਨ ਨੇ ਸੱਦੀ ਸਰਵ ਪਾਰਟੀ ਮੀਟਿੰਗ

755

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਤੋਂ ਇਲਾਵਾ ਪਾਣੀ ਦੇ ਡਿੱਗਦੇ ਪੱਧਰ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 23 ਜਨਵਰੀ ਨੂੰ ਬੁਲਾਈ ਗਈ ਇਸ ਮੀਟਿੰਗ ਦੌਰਾਨ ਪਾਣੀਆਂ ਦੇ ਮੁੱਦਿਆਂ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਇਸ ਮੁੱਦੇ ਪਹਿਲਾਂ ਵੀ ਮੀਟਿੰਗ ਬੁਲਾਈ ਗਈ ਸੀ। ਉਧਰ ਬੈਂਸ ਭਰਾਵਾਂ ਵਲੋਂ ਵੀ ਪਾਣੀ ਦੇ ਮੁੱਦੇ ‘ਤੇ ਸਰਗਰਮੀ ਵਿਖਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਆਉਂਦੇ ਦਿਨਾਂ ‘ਚ ਬਿਜਲੀ ਦੇ ਨਾਲ ਨਾਲ ਪਾਣੀਆਂ ਦਾ ਮੁੱਦਾ ਵੀ ਵੱਡੇ ਪੱਧਰ ‘ਤੇ ਛਾਏ ਰਹਿਣ ਦੀ ਸੰਭਾਵਨਾ ਹੈ।
ਇਸ ਮੁੱਦੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਵਿਧਾਨ ਸਭਾ ਬਾਹਰ ਪ੍ਰਦਰਸ਼ਨ ਕਰਦਿਆਂ ਅਪਣੇ ਇਰਾਦੇ ਜਾਹਰ ਕੀਤੇ ਜਾ ਚੁੱਕੇ ਹਨ। ਪ੍ਰਦਰਸ਼ਨ ਦੌਰਾਨ ਬੈਂਸ ਭਰਾਵਾਂ ਨੇ ਕੇਂਦਰ ਦੀ ‘ਅਟੱਲ ਜਲ ਯੋਜਨਾ’ ਵਿਚੋਂ ਪੰਜਾਬ ਦਾ ਨਾਮ ਕੱਢੇ ਜਾਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਬੈਂਸ ਭਰਾਵਾਂ ਵਲੋਂ ਗੁਆਢੀ ਸੂਬਿਆਂ ਤੋਂ ਪਾਣੀਆਂ ਦੀ ਕੀਮਤ ਵਸੂਲੀ ਦਾ ਮਸਲਾ ਵੀ ਉਠਾਇਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਨੇ ਇਕੱਲੇ ਰਾਜਸਥਾਨ ਤੋਂ ਹੀ ਪਾਣੀਆਂ ਸਬੰਧੀ 16 ਲੱਖ ਕਰੋੜ ਰੁਪਏ ਲੈਣੇ ਹਨ। ਉਨ੍ਹਾਂ ਕੈਪਟਨ ਸਰਕਾਰ ਵਲੋਂ ਪਾਣੀਆਂ ਦੇ ਬਿੱਲ ਨਾ ਭੇਜਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਪਾਣੀਆਂ ਦੀ ਕੀਮਤ ਵਸੂਲੀ ਲਈ ਆਖ਼ਰੀ ਦਮ ਤਕ ਲੜਦੇ ਰਹਿਣਗੇ।

Real Estate