ਔਕਲੈਂਡ 17 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਸ਼ਾਮ 6:20 ਮਿੰਟ ਉਤੇ ਕ੍ਰਾਈਸਟਚਰਚ ਵਿਖੇ ਇਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ। ਘਟਨਾ ਕੰਮ ਦੌਰਾਨ ਹੋਈ ਦੱਸੀ ਜਾ ਰਹੀ ਹੈਤੇ ਇਹ ਮਸ਼ੀਨ ਦੀ ਚਪੇਟ ਵਿਚ ਆ ਗਿਆ। 2015 ਤੋਂ ਇਹ ਨੌਜਵਾਨ ਕ੍ਰਾਈਸਟਚਰਚ ਵਿਚ ਸੀ ਤੇ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਿਤ ਸੀ। ਸਿਹਤ ਪੱਖੋਂ ਸੁਡੋਲ ਇਹ ਨੌਜਵਾਨ ਸਥਾਨਕ ਜ਼ਿੱਮ ਦਾ ਪੱਕਾ ਮੈਂਬਰ ਸੀ ਤੇ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਸੀ। ਇਹ ਨੌਜਵਾਨ ਕ੍ਰਿਕਟ ਵੀ ਬਹੁਤ ਸੋਹਣੀ ਖੇਡਦਾ ਸੀ। ਘਰਦਿਆਂ ਦਾ ਇਹ ਇਕੱਲਾ ਪੁੱਤਰ ਦੱਸਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਲਈ ਇਹ ਹੀ ਸਾਰਾ ਕੁਝ ਸੀ। ਵਰਕ ਸੇਫ ਅਤੇ ਹੋਰ ਸਬੰਧਿਤ ਮਹਿਕਮਾ ਇਸ ਸਾਰੀ ਘਟਨਾ ਦੀ ਜਾਂਚ ਵਿਚ ਲੱਗ ਗਿਆ ਹੈ। ਪਰਿਵਾਰ ਦੇ ਲਈ ਇਹ ਬਹੁਤ ਹੀ ਅਸਹਿ ਦੁੱਖ ਹੈ। ਲੋਕਲ ਕਮਿਊਨਿਟੀ ਦੇ ਸਹਿਯੋਗ ਨਾਲ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
Real Estate