ਹੁਕਮਨਾਮੇ ਤੇ ਗੁਰਬਾਣੀ ਕੀਰਤਨ ਉੱਤੇ ਮਾਲਕੀ ਦਾ ਦਾਅਵਾ ਗੁਰਬਾਣੀ ਦਾ ਨਿਰਾਦਰ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਉੱਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਅਤੇ ਇਹ ਨਿਰਾਦਰੀ ਕਰਨ ਦੇ ਦੋਸ਼ੀਆਂ ਵਿਰੁੱਧ ਸਿੱਖ ਪੰਪਰਾਵਾਂ ਅਤੇ ਮਰਿਯਾਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਾਰਵਾਈ ਕਰਨ ਦੀ ਅਪੀਲ ਕਰਦਿਆਂ, ਬਾਜਵਾ ਨੇ ਕਿਹਾ, ”ਸਿੱਖ ਗੁਰੂ ਸਾਹਿਬਾਨ ਵਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ, ਪਰ ਮਾਲਕ ਨਹੀਂ। ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ।” ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀਵੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ ਉੱਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਦਾਅਵਾ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਹੈ Àਤੇ ਇਹ ਦਾਅਵਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ। ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਕਿਸੇ ਟੀਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੁੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਇਸ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਅੱਗੇ ਕਿਸੇ ਹੋਰ ਅਦਾਰੇ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਵੇਂ ਵੇਚ ਸਕਦੀ ਹੈ ਅਤੇ ਉਹ ਵੀ ਨਿਰੋਲ ਮੁਨਾਫ਼ਾ ਕਮਾਉਣ ਵਾਲੇ ਇੱਕ ਨਿੱਜੀ ਵਪਾਰਕ ਅਦਾਰੇ ਨੂੰ। ਉਹਨਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ।

Real Estate