ਭਾਜਪਾਈ ਆਗੂ ਵੱਲੋਂ ਲਿਖੀ ‘ਆਜ ਕੇ ਸ਼ਿਵਾਜੀ: ਨਰਿੰਦਰ ਮੋਦੀ’ ਕਿਤਾਬ ਤੇ ਵਿਵਾਦ !

899

ਭਾਜਪਾ ਆਗੂ ਜਯ ਭਗਵਾਨ ਗੋਇਲ ਵੱਲੋਂ ਲਿਖੀ ਗਈ ਕਿਤਾਬ ‘ਆਜ ਕੇ ਸ਼ਿਵਾਜੀ: ਨਰਿੰਦਰ ਮੋਦੀ’ ’ਤੇ ਸ਼ਿਵ ਸੈਨਾ ਸਮੇਤ ਹੋਰ ਵਿਰੋਧੀ ਧਿਰਾਂ ਨੇ ਮੋਦੀ ਦੀ ਤੁਲਨਾ ਸ਼ਿਵਾਜੀ ਨਾਲ ਕੀਤੇ ਜਾਣ ’ਤੇ ਰੋਸ ਪ੍ਰਗਟ ਕੀਤਾ ਹੈ। ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਵਿਕਾਸ ਅਗਾੜੀ ਸਰਕਾਰ ਨੇ ਵੀ ਕਿਤਾਬ ਦੀ ਆਲੋਚਨਾ ਕੀਤੀ ਹੈ। ਐੱਨਸੀਪੀ, ਸੰਭਾਜੀ ਬ੍ਰਿਗੇਡ ਅਤੇ ਸ਼ਿਵ ਸੈਨਾ ਨੇ ਇਸ ਦੇ ਵਿਰੋਧ ’ਚ ਅੱਜ ਪੁਣੇ ਅਤੇ ਸ਼ੋਲਾਪੁਰ ’ਚ ਪ੍ਰਦਰਸ਼ਨ ਕੀਤੇ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਸ਼ਿਵਾਜੀ ਦੇ ਵੰਸ਼ਜਾਂ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਕੀ ਉਹ ਪ੍ਰਧਾਨ ਮੰਤਰੀ ਦੀ ਤੁਲਨਾ ਸ਼ਿਵਾਜੀ ਨਾਲ ਕਰਨਾ ਪਸੰਦ ਕਰਨਗੇ। ਮੁੰਬਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਭਾਜਪਾ ਐਲਾਨ ਕਰੇ ਕਿ ਕਿਤਾਬ ਨਾਲ ਉਸ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਭਾਜਪਾ ਦੇ ਰਾਜ ਸਭਾ ਮੈਂਬਰ ਸੰਭਾਜੀ ਰਾਜੇ, ਜੋ ਸ਼ਿਵਾਜੀ ਦੇ ਵੰਸ਼ਜਾਂ ’ਚੋਂ ਹਨ, ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇਕਰ ਉਹ ਕਿਤਾਬ ਤੋਂ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਨੂੰ ਭਾਜਪਾ ਦਾ ਸਾਥ ਛੱਡ ਦੇਣਾ ਚਾਹੀਦਾ ਹੈ। ਸੰਭਾਜੀ ਰਾਜੇ ਨੇ ਐਤਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਮੰਗ ਕੀਤੀ ਸੀ ਕਿ ਕਿਤਾਬ ’ਤੇ ਤੁਰੰਤ ਪਾਬੰਦੀ ਲਾਈ ਜਾਵੇ ਜੋ ਭਾਜਪਾ ਦੇ ਦਿੱਲੀ ਦਫ਼ਤਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਮਹਾਰਾਸ਼ਟਰ ਕਾਂਗਰਸ ਦੇ ਤਰਜਮਾਨ ਅਤੁਲ ਲੋਂਧੇ ਨੇ ਗੋਇਲ ਖ਼ਿਲਾਫ਼ ਨਾਗਪੁਰ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਤੁਲਨਾ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਕਰਕੇ ਗੋਇਲ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ੋਲਾਪੁਰ ’ਚ ਸ਼ਿਵ ਸੈਨਾ ਵਰਕਰ ਦਿਨਕਰ ਜਗਦਾਲੇ ਨੇ ਫ਼ੌਜਦਾਰ ਚਾਵੜੀ ਪੁਲੀਸ ਸਟੇਸ਼ਨ ’ਚ ਕਿਤਾਬ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਐੈੱਨਸੀਪੀ ਵਰਕਰਾਂ ਅਤੇ ਸੰਭਾਜੀ ਬ੍ਰਿਗੇਡ ਨੇ ਪੁਣੇ ’ਚ ਲਾਲਮਹਿਲ ਇਲਾਕੇ ’ਚ ਪ੍ਰਦਰਸ਼ਨ ਕੀਤੇ। ਭਾਜਪਾ ਨੇ ਵੀ ਕਿਤਾਬ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਪਾਰਟੀ ਦਾ ਇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਮੋਦੀ ਦੀ ਤੁਲਨਾ ਸ਼ਿਵਾਜੀ ਨਾਲ ਇਸ ਲਈ ਕੀਤੀ ਕਿਉਂਕਿ ਸ਼ਿਵਾਜੀ ਵਾਂਗ ਮੋਦੀ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ।

Real Estate