ਨਿਰਭੈਯਾ ਕਾਂਡ ਦੇ ਚਾਰੇ ਦੋਸ਼ੀਆਂ ਲਈ ਤਿਹਾੜ ਜੇਲ ‘ਚ ਹੋਈ ਨਕਲੀ ਫਾਂਸੀ

1096

ਨਿਰਭੈਯਾ ਸਮੂਹਿਕ ਬਲਾਤਕਾਰ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਿਆਰੀ ਤੇਜ਼ ਹੋ ਰਹੀ ਹੈ। ਐਤਵਾਰ ਨੂੰ ਚਾਰਾਂ ਦੋਸ਼ੀਆਂ ਦੀ ਡਮੀ ਨੂੰ ਦਿੱਲੀ ਦੀ ਤਿਹਾੜ ਜੇਲ ‘ਚ ਫਾਂਸੀ ਦੇ ਰੱਸੇ ‘ਤੇ ਲਟਕਾ ਦਿੱਤਾ ਗਿਆ। ਇਸ ਦੌਰਾਨ ਚਾਰਾਂ ਦੋਸ਼ੀਆਂ ਦੇ ਵਜ਼ਨ ਦੇ ਬਰਾਬਰ ਬੋਰੀਆਂ ‘ਚ ਮਿੱਟੀ ਅਤੇ ਪੱਥਰ ਭਰ ਕੇ ਡਮੀ ਤਿਆਰ ਕੀਤੀ ਗਈ। ਇਸ ਡਮੀ ਨੂੰ ਰੱਸੀ ‘ਤੇ ਲਟਕਾ ਦਿੱਤਾ ਗਿਆ। ਫਾਂਸੀ ਦੇਣ ਵਾਲੇ ਜੱਲਾਦ ਨੂੰ ਨਹੀਂ ਬੁਲਾਇਆ ਗਿਆ ਸੀ, ਪਰ ਜੇਲ ਦੇ ਇੱਕ ਅਧਿਕਾਰੀ ਨੇ ਡਮੀ ਨੂੰ ਫਾਂਸੀ ‘ਤੇ ਲਟਕਾ ਦਿੱਤਾ। ਦਿੱਲੀ ‘ਚ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸੀਆਂ ਲਈ ਡੈਥ ਵਾਰੰਟ ਜਾਰੀ ਕੀਤਾ ਹੈ। ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ ਦੇ ਫਾਂਸੀ ਘਰ ‘ਚ ਫਾਂਸੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

Real Estate