ਈਰਾਨ ਨਾਲ ਜੰਗ ਦੇ ਵਿਰੋਧ ‘ਚ ਅਮਰੀਕੀ ਸੰਸਦ

2416

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਜਨਰਲ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਤੇ ਇਰਾਕ ’ਤੇ ਹਵਾਈ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਪਰ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਛੇੜਨ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੋਕਣ ਲਈ ਅਮਰੀਕੀ ਸੰਸਦ ਨੇ ਪ੍ਰਸਤਾਵ ਪਾਸ ਕਰ ਦਿੱਤਾ ਹੈ। ਅਮਰੀਕੀ ਸੰਸਦ ਦੇ ਹੇਠਲੇ ਪ੍ਰਤੀਨਿਧ ਸਦਨ ਨੇ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਰਾਸ਼ਟਰਪਤੀ ਟਰੰਪ ਦੇ ਅਧਿਕਾਰ ਸੀਮਤ ਕਰਨ ਦਾ ‘ਜੰਗੀ–ਤਾਕਤ’ ਪ੍ਰਸਤਾਵ ਪਾਸ ਕਰ ਦਿੱਤਾ ਹੈ। ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਹੇਠਲੇ ਅਮਰੀਕੀ ਪ੍ਰਤੀਨਿਧ ਸਦਨ ਵਿੱਚ ਵਾਸ਼ਿੰਗਟਨ ਡੀਸੀ ਦੇ ਸਥਾਨਕ ਸਮੇਂ ਮੁਤਾਬਕ ਵੀਰਵਾਰ ਨੂੰ ਵੋਟਿੰਗ ਦੌਰਾਨ 224–194 ਦੇ ਬਹੁਮਤ ਨਾਲ ਵੋਟਾਂ ਪਈਆਂ। ਈਰਾਨ ਨਾਲ ਜੰਗ ਲੜਨ ਦੇ ਹੱਕ ਵਿੱਚ 194 ਵੋਟਾਂ ਪਈਆਂ, ਜਦ ਕਿ 224 ਐੱਮਪੀਜ਼ ਨੇ ਜੰਗ ਦੇ ਵਿਰੁੱਧ ਵੋਟਾਂ ਪਾਈਆਂ। ਇਸ ਪ੍ਰਸਤਾਵ ਦਾ ਮਤਲਬ ਹੈ ਕਿ ਹੁਣ ਡੋਨਾਲਡ ਟਰੰਪ ਨੂੰ ਈਰਾਨ ਵਿਰੁੱਧ ਜੰਗ ਦਾ ਐਲਾਨ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਉਂਝ ਹਾਲੇ ਇਹ ਪ੍ਰਸਤਾਵ ਉੱਪਰਲੇ ਸਦਨ ਭਾਵ ਸੈਨੇਟ ’ਚ ਪਾਸ ਹੋਣਾ ਬਾਕੀ ਹੈ। ਸਦਨ ’ਚ ਇਸ ਪ੍ਰਸਤਾਨ ਵੀ ਨੂੰ ਸੰਸਦ ਦੇ ਆਗੂ ਐਲਿਸਾ ਸਲੌਟਕਿਨ ਨੇ ਪੇਸ਼ ਕੀਤਾ। ਐਲਿਸਾ ਇਸ ਤੋਂ ਪਹਿਲਾਂ ਛੀੳ ਵਿਸ਼ਲੇਸ਼ਕ ਮਾਹਿਰ ਵਜੋਂ ਕੰਮ ਕਰ ਚੁੱਕੇ ਹਨ ਤੇ ਰੱਖਿਆ ਵਿਭਾਗ ਦੇ ਕੌਮਾਂਤਰੀ ਮਾਮਲਿਆਂ ਵਿੱਚ ਕਾਰਜਕਾਰੀ ਸਹਾਇਕ ਸਕੱਤਰ ਦੇ ਰੂਪ ਵਿੱਚ ਵੀ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕੀ ਸੰਸਦ ਦੇ ਪ੍ਰਤੀਨਿਧ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਨੇ ਕਿਹਾ ਸੀ ਕਿ ਈਰਾਨ ਨਾਲ ਜੰਗ ਛੇੜਨ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੋਕਣ ਲਈ ਅੱਜ ਅਮਰੀਕੀ ਸੰਸਦ ਵੋਟਿੰਗ ਕਰੇਗੀ। ਦਰਅਸਲ, ਅਮਰੀਕੀ ਸੰਸਦ ਵਿੱਚ ਈਰਾਨ ਨਾਲ ਸੰਭਾਵੀ ਜੰਗ ਦੇ ਮਸਲੇ ਉੱਤੇ ਵੋਟਿੰਗ ਅਜਿਹੇ ਵੇਲੇ ਹੋ ਰਹੀ ਹੈ, ਜਦੋਂ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਡੂੰਘਾ ਹੋ ਗਿਆ ਹੈ। ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਈਰਾਨੀ ਹਮਲੇ ਤੋਂ ਬਾਅਦ ਅਮਰੀਕੀ ਸੰਸਦ ਵਿੱਚ ਇਸ ਉੱਤੇ ਵੋਟਿੰਗ ਹੋਈ ਤੇ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਸੀਮਤ ਕਰਨ ਲਈ ਇਹ ਪ੍ਰਸਤਾਵ ਪਾਸ ਕੀਤਾ ਗਿਆ ਕਿਉਂਕਿ ਬੁੱਧਵਾਰ ਨੂੰ ਈਰਾਨ ਨੇ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਇਰਾਕ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਇੱਕ ਦਰਜਨ ਦੇ ਲਗਭਗ ਮਿਸਾਇਲਾਂ ਦਾਗੀਆਂ ਸਨ।

Real Estate