ਵਿਧਵਾ ਹਾਂ ਵਿਚਾਰੀ ਨਹੀਂ

2057

ਹਰਮੀਤ ਬਰਾੜ – ਵਿਧਵਾ ਹੋਣਾ ਕੋਈ ਸ਼ਰਾਪ ਨਹੀਂ, ਥੋਡੇ ਸਾਥੀ ਦਾ ਤੁਰ ਜਾਣਾ ਬੇਸ਼ੱਕ ਉਦਾਸ ਕਰਦਾ ਹੈ। ਮੈਂ ਵੀ ਉਦਾਸ ਹੁੰਨੀ ਆਂ, ਬੱਚਿਆਂ ਨੂੰ ਪਿਓ ਦੀ ਕਮੀ ਵੀ ਰੜਕਦੀ ਹੈ ਪਰ ਜੇ ਏਸੇ ਗੱਲ ਤੇ ਤਰਸ ਲੈ ਕੇ ਮੈਂ ਆਪਣੇ ਆਪ ਨੂੰ ਵਿਚਾਰੀ ਸਾਬਿਤ ਕਰਨ ਤੇ ਲੱਗੀ ਰਹੂੰਗੀ ਤਾਂ ਮੇਰੇ ਬੱਚੇ ਜਾਂ ਮੈਂ ਕਿੰਨਾ ਕੁ ਖੁਸ਼ ਰਹਿ ਸਕਾਂਗੇ? ਲੋਕ ਵਿਚਾਰੀ ਤਾਂ ਕਹਿ ਦੇਣਗੇ, ਫੇਸਬੁੱਕ ਤੇ ਹੱਲਾਸ਼ੇਰੀ ਵੀ ਦੇ ਦੇਣਗੇ ਪਰ ਉਹ ਮੈਨੂੰ ਜਿੰਦਗੀ ਨਹੀਂ ਦੇ ਸਕਦੇ, ਕਿਉਂਕਿ ਮੈਂ ਤਾਂ ਜਿਉਣਾ ਚਾਹੁੰਨੀ ਆਂ ਆਪਣੇ ਹਿੱਸੇ ਦੀ ਜਿੰਦਗੀ ਤੇ ਦੇਣਾ ਚਾਹੁੰਨੀ ਆਂ ਆਪਣੇ ਬੱਚਿਆਂ ਨੂੰ ਸ਼ਾਨਦਾਰ ਜਿੰਦਗੀ ਜਿਸਤੇ ਉਹ ਮਾਣ ਕਰ ਸਕਣ।ਜਦੋਂ ਮੇਰੇ ਪਤੀ ਦੀ ਹੱਤਿਆ ਹੋਈ ਸੀ ਤਾਂ ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ, ਤਕਰੀਬਨ ਮੌਤ ਦੇ ਮੂੰਹ ਚ ਹੱਥ ਪਾਉਣ ਵਰਗਾ ਸੰਘਰਸ਼। ਕੁਝ ਇਸ ਤਰ੍ਹਾਂ ਦਾ ਕਿ ਜਾਂ ਤਾਂ ਮੈਂ ਵੀ ਮਾਰ ਦਿੱਤੀ ਜਾਂਦੀ ਤੇ ਜਾਂ ਮੈਂ ਜਿੱਤ ਕੇ ਮੁੜਦੀ। ਮੈਂ ਉਹ ਸੰਘਰਸ਼ ਚੁਣਿਆ ਨਾ ਕਿ ਵਿਚਾਰੀ ਬਣ ਕੇ ਰੋੰਦੀ ਰਹੀ। ਸਭ ਦੇ ਰੋਕਣ ਦੇ ਬਾਵਜੂਦ ਮੈਂ ਲੜੀ ਅਤੇ ਜਿੱਤ ਕੇ ਮੁੜੀ। ਓਹਨਾਂ ਹਾਲਾਤਾਂ ਨੇ ਮੈਨੂੰ ਮਜਬੂਤ ਬਣਾਇਆ ਤੇ ਹੌਂਸਲਾ ਭਰਿਆ ਕਿ ਔਰਤ ਕਮਜੋਰ ਨਹੀਂ ਹੁੰਦੀ। ਜੇ ਚਾਹੇ ਤਾਂ ਚੰਗੇ ਚੰਗੇ ਤਖਤ ਹਿਲਾ ਸਕਦੀ ਐ।ਇਹ ਸਭ ਮੈਂ ਆਪਣੀ ਵਡਿਆਈ ਲਈ ਨਹੀਂ ਬਲਕਿ ਇਸ ਲਈ ਲਿਖਿਆ ਕਿਉਂਕਿ ਅੱਜ ਇੱਕ ਭੈਣ ਨੇ ਪੋਸਟ ਪਾਈ ਕਿ ਵਿਧਵਾ ਔਰਤ ਦੀ ਕੋਈ ਜਿੰਦਗੀ ਨਹੀਂ ਰਹਿ ਜਾਂਦੀ ਆਦਿ ਆਦਿ। ਜਦੋਂ ਕਿ ਮੇਰੇ ਵਰਗੀ ਔਰਤ ਜੋ ਕਿ ਇਸ ਵਿਸ਼ੇ ਤੇ ਕਾਫੀ ਸੰਜੀਦਾ ਹੈ ਕਹਿਣਾ ਜਰੂਰੀ ਲੱਗਿਆ ਕਿ ਤਰਸਯੋਗ ਹੋਣਾ ਕਦੇ ਵੀ ਹੱਲ ਨਹੀਂ ਹੁੰਦਾ। ਐਨੀਆ ਕੁ ਦਲੇਰ ਜਰੂਰ ਹੋਵੋ ਕਿ ਥੋਡੇ ਬੱਚੇ ਥੋਡੇ ਤੇ ਫਖਰ ਕਰਨ ਤੇ ਸਮਾਜ ਨੂੰ ਥੋਡੀ ਕੋਈ ਦੇਣ ਹੋ ਸਕੇ। ਕੋਈ ਵੀ ਔਰਤ ਜਦੋਂ ਕੁਝ ਲਿਖਦੀ ਹੈ ਤਾਂ ਉਹ ਸਿਰਫ ਆਪਣੇ ਬਾਰੇ ਨਹੀਂ ਲਿਖ ਰਹੀ ਹੁੰਦੀ, ਉਹ ਪੂਰੇ ਔਰਤ ਸਮੂਹ ਦੀ ਤਰਜਮਾਨੀ ਕਰ ਰਹੀ ਹੁੰਦੀ ਹੈ।ਭਾਵਨਾ ਹਰ ਇਨਸਾਨ ਚ ਹੁੰਦੀ ਹੈ, ਫੇਰ ਵੀ ਵਿਚਾਰੇ ਹੋਣਾ ਹਰਗਿਜ਼ ਹੱਲ ਨਹੀਂ।
ਲਿਖਣ ਨੂੰ ਹੋਰ ਬਹੁਤ ਕੁਝ ਹੈ ਪਰ ਮੇਰੀ ਨਿੱਜੀ ਜਿੰਦਗੀ ਮੈਨੂੰ ਕਿਸੇ ਦੀ ਨਿਗਾਹ ਚ ਤਰਸਯੋਗ ਬਣਾਵੇ, ਮੈਨੂੰ ਹਰਗਿਜ਼ ਬਰਦਾਸ਼ਤ ਨਹੀਂ।

Real Estate