ਬਾਬਾ ਚਰਨ ਸਿੰਘ ਦੇ ਪਰਿਵਾਰ ਨੂੰ ਗਾਇਬ ਕਰਨ ਦੇ ਮਾਮਲੇ ‘ਚ 27 ਸਾਲਾਂ ਬਾਅਦ ਪੁਲਸੀਆਂ ਨੂੰ ਸਜ਼ਾ

ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ (ਬੀੜ ਸਾਹਿਬ ਵਾਲੇ) ਤੇ ਉਨ੍ਹਾਂ ਦੇ ਛੇ ਪਰਿਵਾਰਕ ਮੈਂਬਰਾਂ ਦੇ ਭੇਤ–ਭਰੇ ਹਾਲਾਤ ’ਚ ਗ਼ਾਇਬ ਹੋਣ ਦੇ ਲਗਭਗ 27 ਸਾਲਾਂ ਪਿੱਛੋਂ ਮੋਹਾਲੀ ਦੀ ਅਦਾਲਤ ਨੇ ਇਸ ਮਾਮਲੇ ’ਚ ਫੈਸਲਾ ਸੁਣਾਇਆ ਹੈ। ਭੇਤ–ਭਰੀ ਹਾਲਤ ’ਚ ਗ਼ਾਇਬ ਹੋਣ ਵਾਲਿਆਂ ’ਚ ਪੰਜਾਬ ਪੁਲਿਸ ਦਾ ਕਾਂਸਟੇਬਲ ਬਲਵਿੰਦਰ ਸਿੰਘ ਵੀ ਸ਼ਾਮਲ ਸੀ। ਸੀ। ਬੀ। ਆਈ। ਅਦਾਲਤ ਵਲੋਂ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਅਦਾਲਤ ਨੇ ਇੰਸਪੈਕਟਰ ਸੂਬਾ ਸਿੰਘ ਨੂੰ ਦੋ ਕੇਸਾਂ ‘ਚ 10-10 ਸਾਲ ਦੀ ਕੈਦ, ਵਿਕਰਮਜੀਤ ਸਿੰਘ ਨੂੰ ਇੱਕ ਕੇਸ ‘ਚ 10 ਸਾਲ ਦੀ ਕੈਦ, ਸੁਖਦੇਵ ਸਿੰਘ ਨੂੰ ਇੱਕ ਕੇਸ ‘ਚ 10 ਸਾਲ ਦੀ ਕੈਦ, ਸੁਖਦੇਵ ਰਾਜ ਜੋਸ਼ੀ ਨੂੰ ਦੋ ਕੇਸਾਂ ‘ਚ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਅਦਾਲਤ ਨੇ ਏ ਐੱਸ ਆਈ ਸੂਬਾ ਸਿੰਘ ਅਤੇ ਹੌਲਦਾਰ ਲੱਖਾ ਸਿੰਘ ਆਪਣੀ ਨੇਕ ਚਾਲ ਚੱਲਣੀ ਦੀ ਸ਼ਰਤ ‘ਤੇ 50-50 ਹਜ਼ਾਰ ਦੇ ਜ਼ਮਾਨਤੀ ਮੁਚੱਲਕੇ ‘ਤੇ ਛੱਡ ਦਿੱਤਾ। ਅਦਾਲਤ ਨੇ ਡੀਐੱਸਪੀ ਗੁਰਮੀਤ ਸਿੰਘ ਰੰਧਾਵਾ, ਇੰਸਪੈਕਟਰ ਕਸ਼ਮੀਰ ਸਿੰਘ ਤੇ ਸਬ–ਇੰਸਪੈਕਟਰ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਹੈ। ਐੱਸਐੱਸਪੀ ਅਜੀਤ ਸਿੰਘ ਸੰਧੂ ਸਮੇਤ ਸੱਤ ਜਣਿਆ ਇਸ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਹੈ।
ਇਹ ਮਾਮਲਾ 1997 ’ਚ ਸੀਬੀਆਈ ਹਵਾਲੇ ਕਰ ਦਿੱਤਾ ਸੀ; ਜਦੋਂ ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ। ਅਰਜ਼ੀ ’ਚ ਲਿਖਿਆ ਸੀ ਉਨ੍ਹਾਂ ਦੇ ਪਤੀ ਬਾਬਾ ਚਰਨ ਸਿੰਘ,ਭਤੀਜੇ ਬਲਵਿੰਦਰ ਸਿੰਘ (ਜੋ ਪੰਜਾਬ ਪੁਲਿਸ ’ਚ ਕਾਂਸਟੇਬਲ ਸੀ), ਉਸ ਦੇ ਪਿਤਾ ਗੁਰਮੇਜ ਸਿੰਘ, ਬਾਬਾ ਚਰਨ ਸਿੰਘ ਦੇ ਭਰਾਵਾਂ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਉਸ ਦੇ ਸਾਲੇ ਗੁਰਮੇਜ ਸਿੰਘ ਸਮੇਤ ਕੁੱਲ ਛੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਅਪ੍ਰੈਲ 1993 ਦੌਰਾਨ ਤਰਨ ਤਾਰਨ ਅਤੇ ਵੱਖੋ–ਵੱਖਰੇ ਸਥਾਨਾਂ ਤੋਂ ਅਗ਼ਵਾ ਕਰ ਲਿਆ ਸੀ। ਬਾਅਦ ’ਚ ਪੁਲਿਸ ਨੇ ਰਿਕਾਰਡ ਵਿੱਚ ਇਹ ਦਰਸਾ ਦਿੱਤਾ ਸੀ ਕਿ ਉਹ ਸਾਰੇ ਵਿਅਕਤੀ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਲੱਗੇ ਸਨ ਤੇ ਉਸ ਚੱਕਰ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਸਾਰੇ ਮਾਰੇ ਗਏ। ਬੀਬੀ ਸੁਰਜੀਤ ਕੌਰ ਦੀ ਉਸ ਚਿੱਠੀ ਮੁਤਾਬਕ ਇਨ੍ਹਾਂ ਸਭਨਾਂ ’ਤੇ ਐਂਵੇਂ ਝੂਠੇ ਕੇਸ ਪਾ ਦਿੱਤੇ ਗਏ ਸਨ।ਸੀਬੀਆਈ ਦੀ ਜਾਂਚ ਦਾ ਇਹੋ ਨਤੀਜਾ ਨਿੱਕਲਿਆ ਸੀ ਕਿ ਪੁਲਿਸ ਨੇ ਇਸ ਪਰਿਵਾਰ ਨੂੰ ਪਹਿਲਾਂ ਅਗ਼ਵਾ ਕੀਤਾ ਤੇ ਫਿਰ ਉਨ੍ਹਾਂ ਨੂੰ ਗ਼ੈਰ–ਕਾਨੂੰਨੀ ਹਿਰਾਸਤ ’ਚ ਰੱਖਿਆ। ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਤੇ ਫਿਰ ਉਨ੍ਹਾਂ ਨੂੰ ਹਿਰਾਸਤ ’ਚੋਂ ਫ਼ਰਾਰ ਹੁੰਦੇ ਸਮੇਂ ਮਾਰੇ ਗਏ ਕਰਾਰ ਦੇ ਦਿੱਤਾ।

Real Estate