ਈਰਾਨੀ ਹਮਲੇ ’ਚ ਕਿਸੇ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ : ਟਰੰਪ

1713

ਇਰਾਕ ’ਚ ਅਮਰੀਕੀ ਟਿਕਾਣਿਆਂ ਉੱਤੇ ਈਰਾਨ ਦੇ ਹਮਲੇ ਕਾਰਨ ਕਿਸੇ ਵੀ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਇਹ ਦਾਅਵਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ। ਉਨ੍ਹਾਂ ਨਾਲ ਹੀ ਈਰਾਨੀ ਲੀਡਰਸ਼ਿਪ ਨੂੰ ਸ਼ਾਂਤੀ ਦੀ ਪੇਸ਼ਕਸ਼ ਕੀਤੀ ਕਿ ਜਿਸ ਨੂੰ ਪੱਛਮੀ ਏਸ਼ੀਆ ’ਚ ਤਣਾਅ ਘਟਾਉਣ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ ਗ੍ਰੈਂਡ ਫ਼ੌਇਰ ਤੋਂ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ’ਚ ਕਿਹਾ ਕਿ ਸਾਡਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਸਾਡੇ ਸਾਰੇ ਫ਼ੌਜੀ ਜਵਾਨ ਸੁਰੱਖਿਅਤ ਹਨ ਤੇ ਸਾਡੇ ਫ਼ੌਜੀ ਅੱਡਿਆਂ ਨੂੰ ਥੋੜ੍ਹਾ–ਬਹੁਤ ਨੁਕਸਾਨ ਹੋਇਆ ਹੈ। ਟਰੰਪ ਦੀ ਇਹ ਟਿੱਪਣੀ ਈਰਾਨ ਵੱਲੋਂ ਇਰਾਕ ’ਚ ਘੱਟੋ–ਘੱਟ ਉਨ੍ਹਾਂ ਦੋ ਅੱਡਿਆਂ ਉੱਤੇ ਇੱਕ ਦਰਜਨ ਤੋਂ ਵੀ ਵੱਧ ਬੈਲਿਸਟਿਕ ਮਿਸਾਇਲਾਂ ਦਾਗੇ ਜਾਣ ਦੇ ਕੁਝ ਘੰਟਿਆਂ ਪਿੱਛੋਂ ਆਈ ਹੈ; ਜਿੱਥੇ ਅਮਰੀਕਨ ਤੇ ਗੱਠਜੋੜ ਫ਼ੌਜਾਂ ਦੇ ਜਵਾਨ ਤਾਇਨਾਤ ਸਨ। ਉਸ ਹਮਲੇ ਨੂੰ ਈਰਾਨ ਨੇ ਅਮਰੀਕਾ ਦੇ ‘ਮੂੰਹ ਉੱਤੇ ਥੱਪੜ’ ਕਰਾਰ ਦਿੱਤਾ ਸੀ। ਈਰਾਨ ਦੇ ਸਰਕਾਰੀ ਟੀਵੀ ਮੁਤਾਬਕ ਇਹ ਹਮਲਾ ਈਰਾਨ ਦੇ ਤਾਕਤਵਰ ਰੈਵੋਲਿਯੂਸ਼ਨਰੀ ਗਾਰਡਜ਼ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਬੀਤੇ ਸ਼ੁੱਕਰਵਾਰ ਨੂੰ ਅਮਰੀਕੀ ਡ੍ਰੋਨ ਹਮਲੇ ਦੌਰਾਨ ਹੋਈ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਸੁਲੇਮਾਨੀ ਉੱਤੇ ਹਮਲਾ ਟਰੰਪ ਦੇ ਹੁਕਮਾਂ ਮੁਤਾਬਕ ਕੀਤਾ ਗਿਆ ਸੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਸੀ ਕਿ ਇਰਾਕ ’ਚ ਅਮਰੀਕੀ ਟਿਕਾਣਿਆਂ ਉੱਤੇ ਹਮਲੇ ’ਚ ਘੱਟੋ–ਘੱਟ 80 ‘ਅਮਰੀਕੀ ਅੱਤਵਾਦੀ ਫ਼ੌਜੀ’ ਮਾਰੇ ਗਏ ਹਨ। ਅੱਤਵਾਦੀ ਸਮੂਹ ‘ਇਸਲਾਮਿਕ ਸਟੇਟ’ ਵਿਰੁੱਧ ਕੌਮਾਂਤਰੀ ਗੱਠਜੋੜ ਦੇ ਇਰਾਕ ਵਿੱਚ ਲਗਭਗ 5,000 ਅਮਰੀਕੀ ਫ਼ੌਜੀ ਹਨ। ਈਰਾਨ ਨੇ ਅਮਰੀਕੀ ਫੌਜ਼ੀਆਂ ਨੂੰ ਅੱਤਵਾਦੀ ਐਲਾਨਿਆ ਹੈ ।

Real Estate