ਨਨਕਾਣਾ ਸਾਹਿਬ ਘਟਨਾ ਨਿੰਦਾਜਨਕ ਪਰ ਭਾਰਤ ’ਚ ਇਸਨੂੰ ਤੂਲ ਦੇਣਾ ਜਾਇਜ਼ ?

1602

ਬਲਵਿੰਦਰ ਸਿੰਘ ਭੁੱਲਰ

ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਜਿਸਨੂੰ ਬਾਬਾ ਨਾਨਕ ਦੇ 550ਵੇਂ ਜਨਮ ਪੁਰਬ ਮੌਕੇ ਪਾਕਿਸਤਾਨ ਸਰਕਾਰ ਅਤੇ ਉ¤ਥੋਂ ਦਾ ਅਵਾਮ ਸਿੱਖਾਂ ਦਾ ਮੱਕਾ ਕਹਿ ਕੇ ਸਤਿਕਾਰ ਦਿੰਦੇ ਰਹੇ ਹਨ, ਥੋੜੇ ਹੀ ਦਿਨਾਂ ਬਾਅਦ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਮੁਕੱਦਸ ਅਸਥਾਨ ਤੇ ਪੱਥਰਬਾਜੀ ਕਰਨ ਅਤੇ ਇਸ ਪਵਿੱਤਰ ਸ਼ਹਿਰ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਕਰ ਦੇਣ ਦਾ ਐਲਾਨ ਕਰਨਾ ਅੱਤ ਦਰਜੇ ਦੀ ਘਿਨਾਉਣੀ ਤੇ ਨਿੰਦਾਜਨਕ ਘਟਨਾ ਹੈ, ਜਿਸਨੂੰ ਸਿੱਖ ਕੌਮ ਬਰਦਾਸਤ ਨਹੀਂ ਕਰ ਸਕਦੀ। ਪਰ ਇਸ ਮਾਮਲੇ ਤੇ ਭਾਰਤੀ ਸਿਆਸਤਦਾਨਾਂ ਵੱਲੋਂ ਆਪਣੇ ਸਿਆਸੀ ਲਾਭ ਵਾਸਤੇ ਭਾਰਤ ਤੇ ਪਾਕਿਸਤਾਨ ਅਤੇ ਸਿੱਖਾਂ ਤੇ ਮੁਸਲਮਾਨਾਂ ਦਰਮਿਆਨ ਪਾੜਾ ਵਧਾ ਕੇ ਗੁੱਸਾ ਪੈਦਾ ਕਰਨ ਦੀ ਸ਼ਾਜਿਸ ਨੂੰ ਤੂਲ ਦੇਣਾ ਵੀ ਜਾਇਜ਼ ਨਹੀਂ ਹੈ। ਇਸ ਅਤੀ ਮਾੜੇ ਮਾਮਲੇ ਦਾ ਮੁੱਢ ਪਿਛਲੇ ਵਰ੍ਹੇ ਦੇ ਅਗਸਤ ਮਹੀਨੇ ਉਦੋਂ ਬੱਝਾ ਜਦੋਂ ਇੱਕ ਗੰ੍ਰਥੀ ਦੀ ਪੁੱਤਰੀ ਦਾ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਹੋਣ ਦੀ ਗੱਲ ਸਾਹਮਣੇ ਆਈ। ਮੁਸਲਮਾਨ ਲੜਕੇ ਏਹਸਾਨ ਨੇ ਲੜਕੀ ਜਗਜੀਤ ਕੌਰ ਨਾਲ ਨਿਕਾਹ ਕਰਕੇ ਉਸਦਾ ਨਾਂ ਆਇਸ਼ਾ ਰੱਖਦਿਆਂ, ਉਸਨੂੰ ਆਪਣੇ ਘਰ ਲੈ ਗਿਆ ਸੀ। ਏਹਸਾਨ ਵੱਲੋਂ ਇਹ ਵਿਆਹ ਦੋਵਾਂ ਦੀ ਰਜਾਮੰਦੀ ਨਾਲ ਕੀਤਾ ਦੱਸਿਆ ਗਿਆ, ਜਦ ਕਿ ਜਗਜੀਤ ਕੌਰ ਦੇ ਬਾਪ ਨੇ ਦੋਸ਼ ਲਾਇਆ ਸੀ ਕਿ ਲੜਕੀ ਨੂੰ ਅਗਵਾ ਕਰਕੇ ਉਸਦਾ ਜਬਰਦਸਤੀ ਧਰਮ ਤਬਦੀਲ ਕਰਕੇ ਉਸ ਨਾਲ ਧੱਕੇਸ਼ਾਹੀ ਨਾਲ ਨਿਕਾਹ ਕੀਤਾ ਗਿਆ ਹੈ। ਲੜਕੀ ਦੀ ਰਜਾਮੰਦੀ ਸੀ ਜਾਂ ਨਹੀਂ ਪਰ ਇਹ ਗੱਲ ਸਪਸ਼ਟ ਹੋ ਗਈ ਕਿ ਉਸ ਸਮੇਂ ਲੜਕੀ ਨਾਬਾਲਗ ਸੀ। ਇਸ ਕਰਕੇ ਇਸ ਵਿਆਹ ਨੂੰ ਕਾਨੂੰਨੀ ਤੌਰ ਤੇ ਸਹੀ ਨਹੀਂ ਮੰਨਿਆ ਜਾ ਸਕਦਾ ਸੀ। ਲੜਕੀ ਦੇ ਬਾਪ ਵੱਲੋਂ ਜਿਲ੍ਹਾ ਪ੍ਰਸਾਸਨ ਤੱਕ ਕੀਤੀ ਪਹੁੰਚ ਉਪਰੰਤ ਪੁਲਿਸ ਨੇ ਲੜਕੀ ਨੂੰ ਬਰਾਮਦ ਕਰਕੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਅਤੇ ਲੜਕੇ ਏਹਸਾਨ ਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇੱਥੋਂ ਤੱਕ ਇਹ ਮਾਮਲਾ ਨਿੱਜੀ ਹੀ ਸੀ, ਜਿਸਦੀ ਹੱਦ ਸਿਰਫ਼ ਵਿਆਹ ਤੱਕ ਹੀ ਸੀਮਤ ਸੀ। ਇਹ ਮਾਮਲਾ ਉਦੋਂ ਬਰਦਾਸਤ ਤੋਂ ਬਾਹਰ ਵਾਲਾ ਹੋ ਗਿਆ ਜਦ ਏਹਸਾਨ ਦੇ ਭਰਾ ਇਮਰਾਨ ਚਿਸਤੀ ਨੇ ਕੁੱਝ ਹੋਰ ਗੁੰਡਿਆਂ ਨੂੰ ਨਾਲ ਲੈ ਕੇ ਬਾਬਾ ਨਾਨਕ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਹੁੜਦੰਗ ਮਚਾਇਆ ਅਤੇ ਨਨਕਾਣਾ ਸਾਹਿਬ ਵਿੱਚੋਂ ਸਿੱਖਾਂ ਨੂੰ ਬਾਹਰ ਕੱਢ ਦੇਣ ਦੀਆਂ ਧਮਕੀਆਂ ਦੇ ਨਾਲ ਨਾਲ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਰੱਖਣ ਦਾ ਐਲਾਨ ਕਰ ਦਿੱਤਾ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਵੀ ਕੀਤਾ ਅਤੇ ਗੁੰਡਿਆਂ ਨੂੰ ਵੀ ਖਿੰਡਾ ਦਿੱਤਾ ਗਿਆ।
ਕੁੱਝ ਗੁੰਡਿਆਂ ਵੱਲੋਂ ਵਰਤਾਏ ਇਸ ਕਹਿਰ ਦੀ ਵੀਡੀਓ ਵੈਰਿਲ ਹੋ ਗਈ ਤਾਂ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਫੈਲ ਗਿਆ। ਤੁਰੰਤ ਨਨਕਾਣਾ ਸਾਹਿਬ ਜਿਲ੍ਹਾ ਪ੍ਰਸਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸਥਿਤੀ ਨੂੰ ਸਾਂਤ ਕੀਤਾ। ਇਲਾਕੇ ਦੇ ਸਿਆਸਤਦਾਨ, ਅਧਿਕਾਰੀ ਤੇ ਧਾਰਮਿਕ ਆਗੂ ਗੁਰਦੁਆਰਾ ਜਨਮ ਅਸਥਾਨ ਵਿਖੇ ਪਹੁੰਚੇ ਉਹਨਾਂ ਸਿੱਖ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਇਸ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਸ਼ਰਾਰਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸਬੰਧਤ ਪੁਲਿਸ ਨੇ ਇਮਰਾਨ ਚਿਸਤੀ ਸਮੇਤ ਗੁੰਡਿਆਂ ਤੇ ਅੱਤਵਾਦ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ, ਜਿਸਦੀ ਜਮਾਨਤ ਵੀ ਜਲਦੀ ਨਹੀਂ ਹੋ ਸਕਦੀ। ਇਹ ਪਤਾ ਲੱਗਣ ਤੇ ਦੋਸ਼ੀ ਇਮਰਾਨ ਨੇ ਆਪਣੇ ਘਰ ਬੈਠ ਕੇ ਸੋਸਲ ਮੀਡੀਆ ਰਾਹੀਂ ਗਲਤੀ ਦਾ ਪਸਚਾਤਾਪ ਕੀਤਾ ਅਤੇ ਸਿੱਖ ਜਗਤ ਤੋਂ ਮੁਆਫ਼ੀ ਵੀ ਮੰਗੀ, ਪਰ ਦੋਸ਼ ਮੁਆਫ਼ ਕਰਨਯੋਗ ਨਹੀਂ ਸੀ। ਪੁਲਿਸ ਨੇ ਉਸਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਹੈ।
ਗੁਰੂ ਸਾਹਿਬਾਨਾਂ ਦੇ ਹਮਸਫ਼ਰ ਤੇ ਮਹਾਨ ਸੰਤ ਸਾਈਂ ਮੀਆਂ ਮੀਰ ਜੀ ਦੇ ਗੱਦੀਨਸ਼ੀਨ, ਇਲਾਕੇ ਚੋਂ ਪ੍ਰਸਿੱਧ ਮੌਲਵੀ ਅਤੇ ਲੋਕ ਆਗੂ ਫੁੱਲ ਪੱਤੀਆਂ ਲੈ ਕੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਪਹੁੰਚੇ ਅਤੇ ਉਹਨਾਂ ਐਲਾਨ ਕੀਤਾ ਕਿ ਇਸ ਮੁਕੱਦਸ ਅਸਥਾਨ ਤੇ ਕੀਤਾ ਕੋਈ ਹਮਲਾ ਬਰਦਾਸਤ ਨਹੀਂ ਕੀਤਾ ਜਾਵੇਗਾ, ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ। ਉਹਨਾਂ ਇਹ ਐਲਾਨ ਕਰਦਿਆਂ ਕਿ ਇਸ ਅਸਥਾਨ ਅਤੇ ਸਿੱਖ ਭਾਈਚਾਰੇ ਨੂੰ ਫੁੱਲਾਂ ਰੱਖਣਗੇ, ਇਹ ਪੱਤੀਆਂ ਗੁਰੂ ਘਰ ਦੇ ਗੇਟ ਤੇ ਭੇਂਟ ਕਰਕੇ ਵਚਨ ਦਿੱਤਾ। ਸਵਾਲ ਉਠਦਾ ਹੈ ਕਿ ਵਿਆਹ ਕਾਨੂੰਨੀ ਸੀ ਜਾਂ ਗੈਰਕਾਨੂੰਨੀ, ਉਸ ਸਬੰਧੀ ਬਣਦੀ ਕਾਰਵਾਈ ਪੁਲਿਸ ਨੇ ਕੀਤੀ।ਪੁਲਿਸ ਦੀ ਕਾਰਵਾਈ ਨੂੰ ਸਵੀਕਾਰ ਕਰਨ ਦੇ ਉਲਟ ਕੁੱਝ ਗੁੰਡਿਆਂ ਨੇ ਗੁਰੂ ਘਰ ਤੇ ਹਮਲਾ ਕਰਨ ਵਾਲੀ ਅਤੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਪ੍ਰਤੀ ਸਿੱਖਾਂ ਵਿੱਚ ਰੋਸ ਫੈਲਣਾ ਸੁਭਾਵਿਕ ਅਤੇ ਜਰੂਰੀ ਵੀ ਸੀ। ਇਸ ਸਬੰਧੀ ਵੀ ਪਾਕਿਸਤਾਨ ਪੁਲਿਸ ਨੇ ਬਣਦੀ ਕਾਰਵਾਈ ਕਰ ਦਿੱਤੀ, ਮੁਕੱਦਮਾ ਦਰਜ ਕਰਕੇ ਮਾਮਲੇ ਦੇ ਅਸਲ ਸਾਜਿਸਕਾਰ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਗ੍ਰਹਿ ਮੰਤਰੀ ਤੋਂ ਇਸ ਘਟਨਾ ਦੀ ਰਿਪੋਰਟ ਮੰਗ ਲਈ ਹੈ ਅਤੇ ਕਿਹਾ ਹੈ ਕਿ ਅਜਿਹੀ ਘਟਨਾ ਨੂੰ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਘਟਨਾ ਵਿੱਚ ਸਾਮਲ ਲੋਕ ਨਰਮੀ ਦੇ ਹੱਕਦਾਰ ਨਹੀਂ ਹਨ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਾਕਿਸਤਾਨ ਸਰਕਾਰ, ਧਾਰਮਿਕ ਤੇ ਸਮਾਜਿਕ ਨੇਤਾਵਾਂ ਅਤੇ ਅਵਾਮ ਨੇ ਵੀ ਇਸ ਘਟਨਾ ਤੇ ਦੁੱਖ ਜਿਤਾਇਆ ਹੈ। ਦੂਜੇ ਪਾਸੇ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਇਸ ਘਟਨਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਕੁੱਝ ਮੁੱਠੀ ਭਰ ਗੁੰਡਿਆਂ ਦੀ ਕਾਰਵਾਈ ਨੂੰ ਤੂਲ ਦੇ ਕੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ ਨਾਲ ਜੋੜ ਕੇ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਸਹੀ ਠਹਿਰਾ ਕੇ ਦੇਸ਼ ਭਰ ਵਿੱਚ ਵਿੱਢੇ ਸੰਘਰਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਸਿਆਸਤਦਾਨ ਤੇ ਮੀਡੀਆ ਇਸ ਘਟਨਾ ਨਾਲ ਭਾਰਤ ਤੇ ਪਾਕਿਸਤਾਨ ਸਰਕਾਰਾਂ ਅਤੇ ਸਿੱਖਾਂ ਤੇ ਮੁਸਲਮਾਨਾਂ ਵਿੱਚ ਪਾੜਾ ਵਧਾਉਣ ਲਈ ਯਤਨਸ਼ੀਲ ਹੈ ਤਾਂ ਜੋ ਆਰ ਐ¤ਸ ਐ¤ਸ ਦੀ ਨੀਤੀ ਨੂੰ ਲਾਗੂ ਕਰਨ ਲਈ ਸ਼ਾਹ ਮੋਦੀ ਜੋੜੀ ਦੀਆਂ ਚਾਲਾਂ ਨੂੰ ਸਫ਼ਲਤਾ ਦਿਵਾਈ ਜਾ ਸਕੇ।
ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਅਤੀ ਮਾੜੀ ਹੈ, ਇਸਦੀ ਜਿਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਪਰ ਜਦ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਖੋਹਿਆ ਢਾਹਿਆ ਜਾਂਦਾ ਹੈ, ਉਦੋਂ ਕੇਂਦਰ ਸਰਕਾਰ ਅਤੇ ਭਾਰਤੀ ਸਿਆਸਤਦਾਨ ਅੱਖਾਂ ਮੀਚ ਲੈਂਦੇ ਹਨ। ਪਾਕਿਸਤਾਨ ਸਰਕਾਰ ਨੇ ਤੁਰੰਤ ਗੁੰਡਿਆਂ ਤੇ ਮੁਕੱਦਮੇ ਕੀਤੇ, ਸਲਾਖਾਂ ਪਿੱਛੇ ਦੇ ਦਿੱਤੇ, ਸਰਕਾਰ ਤੇ ਨੇਤਾਵਾਂ ਨੇ ਘਟਨਾ ਤੇ ਦੁੱਖ ਜ਼ਾਹਿਰ ਕੀਤਾ, ਪਰ ਫਿਰ ਵੀ ਸਿਆਸੀ ਲਾਹਾ ਲੈਣ ਲਈ ਵਧਾ ਚੜ੍ਹਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸਦਾ ਅਸਲ ਮਕਸਦ ਸਿੱਖਾਂ ਤੇ ਮੁਸਲਮਾਨਾਂ ਵਿੱਚ ਦੂਰੀ ਵਧਾਉਣਾ ਹੀ ਹੈ। ਪਾਕਿਸਤਾਨ ਸਰਕਾਰ ਅਤੇ ਅਵਾਮ ਵੱਲੋਂ ਗੁਰਧਾਮਾਂ ਦੀ ਕੀਤੀ
ਜਾ ਰਹੀ ਸੇਵਾ ਸੰਭਾਲ ਅਤੇ ਲੋਕਾਂ ਦੀ ਵਧਦੀ ਨੇੜਤਾ ਕੇਂਦਰ ਦੀ ਮੋਦੀ ਸਰਕਾਰ ਤੋਂ ਝੱਲੀ ਨਹੀਂ ਜਾ ਰਹੀ। ਇਸ ਲਈ ਲੋਕਾਂ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ, ਪਾਕਿਸਤਾਨ ਸਰਕਾਰ ਨੂੰ ਅੱਗੇ ਲਈ ਅਜਿਹੀ ਕੋਈ ਘਟਨਾ ਵਾਪਰਨ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਹਮਲਾਕਾਰੀ ਗੁੰਡਿਆਂ ਨੂੰ ਸਖ਼ਤ ਸਜਾਵਾਂ ਦਿਵਾ ਕੇ ਘੱਟ ਗਿਣਤੀਆਂ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦਾ ਸਬੂਤ ਦੇਣਾ ਚਾਹੀਦਾ ਹੈ।

ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ
ਬਠਿੰਡਾ

ਮੋਬਾ: 098882-75913

Real Estate