ਧਿਆਨ ਨਾਲ ਲਿਖੋ-2020 : ਇਸ ਸਾਲ ਕਾਗਜ਼ਾਤਾਂ ਉਤੇ ਤਰੀਕ ਲਿਖਣ ਵੇਲੇ ਸਹੀ ਢੰਗ ਦੀ ਕਰੋ ਵਰਤੋ-ਨਹੀਂ ਤਾਂ ਬਦਲ ਸਕਦਾ ਸਾਲ

ਔਕਲੈਂਡ 7 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਸਾਲ 2020 ਦੇ ਵਿਚ ਲੋਕਾਂ ਦੇ ਕੰਮ-ਕਾਰ ਸ਼ੁਰੂ ਹੋ ਚੁੱਕੇ ਹਨ। ਬਹੁਤੇ ਅਦਾਰੇ ਛੁੱਟੀਆਂ ਤੋਂ ਬਾਅਦ ਖੁੱਲ੍ਹ ਗਏ ਹਨ। ਇਸ ਸਾਲ ਜਿਸ ਆਮ ਗੱਲ ਦਾ ਖਾਸ ਧਿਆਨ ਰੱਖਣ ਲਈ ਸਲਾਹ ਦਿੱਤੀ ਗਈ ਹੈ ਉਹ ਇਹ ਹੈ ਕਿ ਜਦੋਂ ਵੀ ਕਿਤੇ ਤਰੀਕ ਲਿਖਣ ਦੀ ਲੋੜ ਪਵੇ ਤਾਂ ਸਹੀ ਢੰਗ (ਫਾਰਮੈਟ) ਵਿਚ ਤਰੀਕ ਲਿਖੀ ਜਾਵੇ, ਜਿਸ ਦੇ ਵਿਚ ਮਿਤੀ, ਮਹੀਨਾ ਅਤੇ ਸਾਲ ਪੂਰੇ ਅੱਖਰਾਂ ਵਿਚ ਲਿਖਿਆ ਜਾਵੇ ਕਿਉਂਕਿ ਆਮ ਤੌਰ ‘ਤੇ ਸਾਲ ਲਿਖਣ ਵੇਲੇ ਆਖਰੀ ਦੋ ਅੱਖਰ ਹੀ ਲਿਖ ਲਏ ਜਾਂਦੇ ਹਨ। ਅਜਿਹਾ ਕਰਨ ਦੇ ਨਾਲ ਕਿਤੇ ਨਾ ਕਿਤੇ ਕੋਈ ਪੰਗਾ ਪੈਣ ਦਾ ਅੰਦੇਸ਼ਾ ਹੈ ਕਿਉਂਕਿ 2020 ਦੀ ਬਜ਼ਾਏ ਜੇਕਰ ਸਿਰਫ ਇਕੱਲਾ 20 ਹੀ ਲਿਖਿਆ ਜਾਵੇਗਾ ਤਾਂ ਕੋਈ ਵੀ 20 ਦੇ ਪਿੱਛੇ ਕੋਈ ਵੀ ਦੋ ਨੰਬਰ ਜੋੜ ਕੇ ਸਾਲ ਬਦਲੀ ਕਰ ਸਕਦਾ ਹੈ। ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਦੇ ਵਿਚ ਇਹ ਖਬਰ ਵੀ ਰਾਸ਼ਟਰੀ ਮੀਡੀਏ ਉਤੇ ਛਾਈ ਹੋਈ ਹੈ ਅਤੇ ਸਲਾਹ ਦਿੱਤੀ ਗਈ ਹੈ ਕਿ ਇਸ ਸਾਲ ਤਰੀਕ ਲਿਖਣ ਦਾ ਸਹੀ ਢੰਗ ਹੀ ਵਰਤਿਆ ਜਾਵੇ। ਜੇਕਰ ਕੋਈ 1/1/20 ਲਿਖਦਾ ਹੈ ਤਾਂ ਇਸ ਨੂੰ ਕੋਈ ਵੀ ਆਸਾਨੀ ਨਾਲ 1/1/2021 ਜਾਂ 01/1/2022 ਆਦਿ ਲਿਖ ਸਕਦਾ ਹੈ। ਜੇਕਰ ਤੁਸੀਂ ਕਿਸੀ ਦੁਕਾਨ ਆਦਿ ਦਾ ਕਿਰਾਏ ਵਾਲੇ ਘਰ ਦਾ ਐਗਰੀਮੈਂਟ ਦੇ ਪਿੱਛੇ ਸਿਰਫ 20 ਲਿਖ ਦਿੱਤਾ ਤਾਂ ਹੋ ਸਕਦਾ ਹੈ ਕਿ ਮੌਕਾ ਪਾ ਕੇ ਤੁਹਾਡਾ ਕਿਰਾਏਦਾਰ 20 ਦੇ ਪਿੱਛੇ ਕੋਈ ਹੋਰ ਸਾਲ ਲਾ ਦੇਵੇ ਅਤੇ ਤੁਸੀਂ ਸਫਾਈ ਦਿੰਦੇ ਰਹਿ ਜਾਓ। ਜੇਕਰ ਤਰੀਕ ਲਿਖਣ ਲਈ ਅੱਠ ਖਾਨੇ ਹੋਣ ਤਾਂ ਮਿਤੀ ਅਤੇ ਮਹੀਨਾ ਦੋ-ਦੋ ਅੱਖਰਾਂ ਵਿਚ ਲਿਖੋ ਅਤੇ ਸਾਲ ਚਾਰ ਅੱਖਰਾਂ ਵਿਚ। ਜੇਕਰ ਮਿਤੀ ਲਿਖਣ ਲਈ ਖੁੱਲ੍ਹੀ ਥਾਂ ਹੋਵੇ ਤਾਂ 07 ਜਨਵਰੀ 2020 ਜਾਂ ਫਿਰ 07/01/2020 ਆਦਿ ਲਿਖੋ। ਕਾਨੂੰਨੀ ਕਾਗਜ਼ਾਂ ਪੱਤਰਾਂ ਉਤੇ ਹਮੇਸ਼ਾਂ ਪਹਿਲਾਂ ਮਿਤੀ ਫਿਰ ਮਹੀਨੇ ਦਾ ਨਾਂਅ ਅਤੇ ਫਿਰ ਸਾਲ ਲਿਖੋ।

Real Estate