ਈਰਾਨ ਨੇ ਅਮਰੀਕੀ ਫ਼ੌਜੀ ਟਿਕਾਣਿਆ ਤੇ ਦਾਗੀਆਂ ਮਿਸਾਇਲਾਂ

2823

ਈਰਾਨ ਨੇ ਇਰਾਕ ’ਚ ਅਮਰੀਕਾ ਦੇ ਦੋ ਫ਼ੌਜੀ ਅੱਡਿਆਂ ਉੱਤੇ ਮਿਸਾਇਲਾਂ ਨਾਲ ਹਮਲੇ ਕੀਤੇ ਹਨ।ਅਮਰੀਕੀ ਰੱਖਿਆ ਵਿਭਾਗ ਨੇ ਵੀ ਈਰਾਨ ਦੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਪੈਂਟਾਗਨ ਭਾਵ ਰੱਖਿਆ ਵਿਭਾਗ ਨੇ ਈਰਾਨੀ ਹਮਲੇ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਰਾਕ ’ਚ ਸਾਡੇ ਦੋ ਟਿਕਾਣਿਆਂ ਉੱਤੇ ਈਰਾਨ ਨੇ ਮਿਸਾਇਲਾਂ ਨਾਲ ਹਮਲੇ ਕੀਤੇ ਹਨ।ਅਮਰੀਕੀ ਰੱਖਿਆ ਮੰਤਰਾਲੇ ਦੇ ਅਧਿਕਾਰੀ ਜੋਨਾਥ ਹੌਫ਼ਮੈਨ ਨੇ ਇੱਕ ਬਿਆਨ ’ਚ ਕਿਹਾ ਹੈ ਕਿ 7 ਜਨਵਰੀ ਨੂੰ ਲਗਭਗ 5:30 ਵਜੇ ਈਰਾਨ ਨੇ ਇਰਾਕ ’ਚ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਸਾਇਲਾਂ ਨਾਲ ਅਮਰੀਕੀ ਤੇ ਗੱਠਜੋੜ ਫ਼ੌਜੀਆਂ ਉੱਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਮਿਸਾਇਲਾਂ ਈਰਾਨ ਵੱਲੋਂ ਦਾਗੀਆਂ ਗਈਆਂ ਸਨ ਜਿਨ੍ਹਾਂ ਦਾ ਨਿਸ਼ਾਨਾ ਇਰਾਕ ’ਚ ਅਮਰੀਕੀ ਤੇ ਗੱਠਜੋੜ ਫ਼ੌਜੀਆਂ ਦੇ ਦੋ ਟਿਕਾਣੇ ਅਲ–ਅਸਦ ਤੇ ਅਬਰਿਲ ਸਨ। ਇਸ ਤੋਂ ਪਹਿਲਾਂ ਵੀ ਬਗ਼ਦਾਦ ’ਚ ਅਮਰੀਕੀ ਦੂਤਾਵਾਸ ਨੇੜੇ ਐਤਵਾਰ ਭਾਵ 5 ਜਨਵਰੀ ਨੂੰ ਦੋ ਰਾਕੇਟ ਦਾਗੇ ਗਏ ਸਨ।
ਸ਼ੁੱਕਰਵਾਰ 3 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਦਾਇਤ ’ਤੇ ਬਗ਼ਦਾਦ ਹਵਾਈ ਅੱਡੇ ਕੋਲ ਅਮਰੀਕੀ ਡ੍ਰੋਨ ਹਮਲੇ ’ਚ ਸੀਨੀਅਰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ (62) ਤੇ ਹਮਲਾ ਕਰ ਉਸ ਨੂੰ ਮਾਰ ਦਿੱਤਾ ਗਿਆ ਸੀ। ਅਮਰੀਕਾ ਦਾ ਦੋਸ਼ ਹੈ ਕਿ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਅਮਰੀਕੀ ਕੂਟਨੀਤਕਾਂ ਦੇ ਕਤਲ ਤੇ ਇਰਾਕ ’ਚ ਅਮਰੀਕੀ ਫ਼ੌਜੀ ਬਲਾਂ ਉੱਤੇ ਹਮਲਿਆਂ ਦੀ ਸਾਜ਼ਿਸ਼ ਘੜ ਰਿਹਾ ਸੀ। ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ।

Real Estate