JNU ਹਮਲਾ ਆਕਸਫੋਰਡ ਤੱਕ ਰੋਹ

839

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਖ਼ਿਲਾਫ਼ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ’ਵਰਸਿਟੀਆਂ ’ਚ ਰੋਸ ਹੈ। ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਉੱਠਣ ਲੱਗੀ ਹੈ। ਐਤਵਾਰ ਰਾਤ ਹੋਈ ਹਿੰਸਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ 36 ਜਣੇ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਦਿੱਲੀ ਪੁਲੀਸ ਨੇ ਦੰਗਾ ਫ਼ਸਾਦ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਂਜ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਿੱਲੀ ਪੁਲੀਸ ਨੇ ਕੇਸ ਅੱਗੇ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਹੈ।
ਜੇਐੱਨਯੂ ਹਿੰਸਾ ਦੇ ਰੋਸ ਵਜੋਂ ਪੁੱਡੂਚੇਰੀ ਤੋਂ ਚੰਡੀਗੜ੍ਹ ਅਤੇ ਅਲੀਗੜ੍ਹ ਤੋਂ ਕੋਲਕਾਤਾ ਤਕ ਦੀਆਂ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ ਕੀਤੇ। ਬੰਗਲੌਰ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਆਈਆਈਟੀ ਬੰਬੇ ਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਵਿੱਚ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਹੋਏ। ਮੁੰਬਈ ਦੇ ਗੇਟਵੇਅ ਆਫ਼ ਇੰਡੀਆ ’ਤੇ ਵਿਦਿਆਰਥੀਆਂ ਵੱਲੋਂ ਐਤਵਾਰ ਅੱਧੀ ਰਾਤ ਤੋਂ ਸ਼ੁਰੂ ਕੀਤਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਨੇ ਕੇਂਦਰੀ ਦਿੱਲੀ ਵਿੱਚ ਟਾਰਚਲਾਈਟਾਂ ਨਾਲ ਮਾਰਚ ਕੱਢਿਆ। ਵਿਦੇਸ਼ਾਂ ਵਿੱਚ ਨੇਪਾਲ, ਬਰਤਾਨੀਆ ਦੀਆਂ ਆਕਸਫੋਰਡ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਸਸੈਕਸ ਅਤੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਇਕੱਤਰ ਹੋ ਕੇ ਰੋਸ ਜਤਾਇਆ।
ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਜੇਐੱਨਯੂ ਹਿੰਸਾ ਮਾਮਲੇ ’ਚ ਦਿੱਲੀ ਪੁਲੀਸ ਤੇ ’ਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤੇ ਹਨ। ਪੁਲੀਸ ਨੂੰ ਜਾਰੀ ਨੋਟਿਸ ’ਚ ਜਿੱਥੇ ਇਸ ਕੇਸ ਵਿੱਚ ਹੁਣ ਤਕ ਦਾਖ਼ਲ ਐਫ਼ਆਈਆਰ ਬਾਰੇ ਤਫਸੀਲ ਮੰਗੀ ਗਈ ਹੈ, ਉਥੇ ਰਜਿਸਟਰਾਰ ਤੋਂ ਹਿੰਸਾ ਨਾਲ ਸਿੱਝਣ ਵਿੱਚ ਹੋਈ ਦੇਰੀ ਦਾ ਕਾਰਨ ਪੁੱਛਿਆ ਗਿਆ ਹੈ। ਪੁਲੀਸ ਨੂੰ 8 ਜਨਵਰੀ ਨੂੰ ਕਮਿਸ਼ਨ ਦੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਭਾਜਪਾ ਦੇ ਭਾਈਵਾਲ ਜੇਡੀਯੂ ਨੇ ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕਰਦਿਆਂ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇੱਕ ਹਿੰਦੂ ਰਕਸ਼ਾ ਦਲ ਨੇ ਐਤਵਾਰ ਰਾਤ ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਦੀ ਜ਼ਿੰਮੇਵਾਰੀ ਲਈ ਹੈ।
ਹਿੰਸਾ ਦੇ ਮਾਮਲੇ ਵਿੱਚ ਸਮਾਜਿਕ ਕਾਰਕੁਨ ਤਹਿਸੀਨ ਪੂਨਾਵਾਲਾ ਨੇ ਅੱਜ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕਰਕੇ ਕੇਂਦਰ ਸਰਕਾਰ ਤੇ ਦਿੱਲੀ ਪੁਲੀਸ ਖਿਲਾਫ਼ ਅਦਾਲਤ ਦੀ ਤੌਹੀਨ ਕਰਨ ਬਦਲੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਪੂਨਾਵਾਲਾ ਨੇ ਕਿਹਾ ਕਿ ਕੇਂਦਰ ਤੇ ਦਿੱਲੀ ਪੁਲੀਸ ਹਜੂਮੀ ਹਿੰਸਾ ਨਾਲ ਸਿੱਝਣ ਸਬੰਧੀ ਸਿਖਰਲੀ ਅਦਾਲਤ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਕਥਿਤ ਨਾਕਾਮ ਰਹੇ ਹਨ।

Real Estate