ਈਰਾਨ ਨੇ ਲਹਿਰਾਇਆ ਲਾਲ ਝੰਡਾ : ਖ਼ੂਨੀ ਜੰਗ ਦਾ ਦਿੱਤਾ ਸੰਕੇਤ ?

1319

ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਹੁਣ ਈਰਾਨ ਨੇ ਸ਼ਹਿਰ ਕੋਮ ਦੀ ਇੱਕ ਇਤਿਹਾਸਕ ਮਸਜਿਦ ਉੱਤੇ ਐਤਵਾਰ ਨੂੰ ਲਾਲ ਝੰਡਾ ਲਹਿਰਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਈਰਾਨ ਨੇ ਆਪਣੇ ਵੱਲੋਂ ਜੰਗ ਦਾ ਐਲਾਨ ਕਰ ਦਿੱਤਾ ਹੈ। ਈਰਾਨ ’ਚ ਲਾਲ ਝੰਡਾ ਬਦਲਾ ਲੈਣ ਤੇ ਖ਼ੂਨੀ ਜੰਗ ਦਾ ਸੰਕੇਤ ਹੁੰਦਾ ਹੈ। ਉੱਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਈਰਾਨ ਨੂੰ ਧਮਕੀ ਦੇ ਦਿੱਤੀ ਹੈ ਕਿ ਈਰਾਨ ਵੱਲੋਂ ਹਮਲਾ ਕੀਤੇ ਜਾਣ ਦੀ ਹਾਲਤ ’ਚ ਅਮਰੀਕਾ ਕਰਾਰਾ ਜਵਾਬ ਦੇਵੇਗਾ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਮੌਜੂਦ ਆਧੁਨਿਕ ਹਥਿਆਰਾਂ ਨੂੰ ਈਰਾਨ ਕਦੇ ਵੀ ਝੱਲ ਨਹੀਂ ਸਕੇਗਾ। ਈਰਾਨ ਨੇ ਲਾਲ ਝੰਡਾ ਜਾਮਕਰਨ ਮਸਜਿਦ ਉੱਤੇ ਲਹਿਰਾਇਆ ਹੈ, ਜੋ ਕੋਮ ਸ਼ਹਿਰ ’ਚ ਸਥਿਤ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਝੰਡਾ ਲਹਿਰਾਏ ਜਾਣ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਦੇ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕੀਤੀ ਹੋਈ ਹੈ। ਦਰਅਸਲ, 1979 ’ਚ ਅਮਰੀਕੀ ਦੂਤਾਵਾਸ ’ਚੋਂ 52 ਅਮਰੀਕਨਾਂ ਨੇ ਹਿਰਾਸਤ ’ਚ ਲੈ ਲਿਆ ਸੀ। ਉਨ੍ਹਾਂ ਨੂੰ ਛੁਡਾਉਣ ’ਚ ਅਮਰੀਕਾ ਦਾ ਕਾਫ਼ੀ ਵਿੱਤੀ ਨੁਕਸਾਨ ਹੋ ਗਿਆ ਸੀ।
ਈਰਾਨ ’ਚ ਲਾਲ ਝੰਡਾ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਦਾ ਪ੍ਰਤੀਕ ਹੈ। ਦੱਸਿਆ ਜਾ ਰਿਹਾ ਹੈ ਕਿ ਕਰਬਲਾ ’ਚ ਇਮਾਮ ਹੁਸੈਨ ਦੇ ਕਤਲ ਤੋਂ ਬਾਅਦ ਵੀ ਅਜਿਹਾ ਝੰਡਾ ਲਹਿਰਾਇਆ ਗਿਆ ਸੀ; ਜੋ ਇਸ ਗੱਲ ਦਾ ਸੰਕੇਤ ਸੀ ਕਿ ਇਮਾਮ ਹੁਸੈਨ ਦੇ ਕਤਲ ਦਾ ਬਦਲਾ ਲਿਆ ਜਾਵੇਗਾ। ਸੋਸ਼ਲ ਮੀਡੀਆ ਉੱਤੇ ਈਰਾਨ ਦੀ ਜਨਤਾ ’ਚ ਵੀ ਲਾਲ ਝੰਡੇ ਨੂੰ ਲੈ ਕੇ ਬਹੁਤ ਸਾਰੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਫ਼ੈਸਲੇ ਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ। ਹਾਲੇ ਈਰਾਨ ਦੀਆਂ ਸੜਕਾਂ ਉੱਤੇ ਲੋਕ ਅਮਰੀਕਾ ਵਿਰੁੱਧ ਲਗਾਤਾਰ ਪ੍ਰਦਰਸ਼ਨ ਕਰ ਕੇ ਬਦਲੇ ਦੀ ਕਾਰਵਾਈ ਦੀ ਮੰਗ ਕਰ ਰਹੇ ਹਨ।

Real Estate