ਕਾਂਗਰਸੀ ਵਿਧਾਇਕ ਕੋਟਭਾਈ ਸਮੇਤ ਤਿੰਨ ਖਿਲਾਫ ਧੋਖਾਧੜੀ ਦਾ ਕੇਸ ਦਰਜ

737

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਪੰਜਾਬ ਦੇ ਭੁੱਚੋ ਮੰਡੀ ਵਿਧਾਨਸਭਾ ਹਲਕੇ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਹੋਰਨਾਂ ਖਿਲਾਫ ਚਿੱਟ ਫੰਡ ਸਕੀਮ ਵਿਚ ਘੁਟਾਲਾ ਕਰਨ ‘ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਅਾ ਹੈ। ਨਿਵੇਸ਼ਕਾਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਨਾਲ 96 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਮਗਰੋਂ ਕਾਂਗਰਸੀ ਵਿਧਾਇਕੀ ਪ੍ਰੀਤਮ ਸਿੰਘ ਕੋਟਭਾਈ, ਜੋ ਕਿ ਚਿੱਟ ਫੰਡ ਫਰਮ ਦੇ ਡਾਇਰੈਕਟਰ ਹਨ, ਅਤੇ ਮੈਨੇਜਰ ਰਾਕੇਸ਼ ਤੇ ਕਮਲ ਕਿਸ਼ੋਰ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਪ੍ਰਗਟਾਵਾ ਮਦਨ ਮਹਿਲ ਪੁਲਿਸ ਸਟੇਸ਼ਨ ਦੇ ਇੰਚਾਰਜ ਸੰਦੀਪ ਅਯਾਚੀ ਨੇ ਕੀਤਾ ਹੈ। ਕੋਟਭਾਈ ਦੀ ਕੰਪਨੀ ਜੀ ਸੀ ਏ ਪ੍ਰਾਈਵੇਟ ਲਿਮਟਿਡ ਕੰਪਨੀ, ਜਿਸਨੇ 2006 ਵਿਚ ਜਬਲਪੁਰ ਵਿਚ ਕੰਮ ਸ਼ੁਰੂ ਕੀਤਾ ਸੀ, ਵਿਚ ਇਹ ਘੁਟਾਲਾ 2008 ਤੋਂ 2018 ਦੇ ਦਰਮਿਆਨ ਕੀਤਾ ਗਿਆ। ਜਦੋਂ ਲੋਕ ਕੰਪਨੀ ਕੋਲੋਂ ਆਪਣਾ ਪੈਸਾ ਵਾਪਸ ਲੈਣ ਪੁੱਜੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਹੈਡ ਆਫਿਸ ਤੋਂ ਅਦਾਇਗੀ ਹੋਵੇਗੀ ਪਰ ਉਸ ਮਗਰੋਂ ਕੰਪਨੀ ਦੇ ਅਧਿਕਾਰੀਆਂ ਨਾਲ ਲੋਕ ਰਾਬਤਾ ਨਾ ਬਣਾ ਸਕੇ ਜਿਸ ਮਗਰੋਂ ਲੋਕ ਪੁਲਿਸ ਕੋਲ ਪਹੁੰਚ ਗਏ। ਕੇਸ ਧਾਰਾ 420, 406, 409 ਅਤੇ 34 ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਹੈ ਤੇ ਜਾਂਚ ਚਲ ਰਹੀ ਹੈ। ਹਾਲੇ ਤੱਕ ਕੋਈ ਗ੍ਰਿਫਤਾਰ ਨਹੀਂ ਹੋਈ। ਦੋਸ਼ਾਂ ਦਾ ਖੰਡਨ ਕਰਦਿਆਂ ਕੋਟਭਾਈ ਨੇ ਕਿਹਾ ਹੈ ਕਿ ਉਹਨਾਂ ਖਿਲਾਫ ਸਿਆਸੀ ਰੰਜਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਕੁਝ ਲੋਕ ਉਹਨਾਂ ਦਾ ਸਿਆਸੀ ਤੌਰ ‘ਤੇ ਨੁਕਸਾਨ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਜੀ ਸੀ ਏ ਪ੍ਰਾਈਵੇਟ ਲਿਮਟਿਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹ ਕਾਨੂੰਨੀ ਲੜਾਈ ਲੜਨਗੇ।

BS

Real Estate