ਪੀਪਲਜ ਲਿਟਰੇਰੀ ਫੈਸਟੀਵਲ ਪੈੜਾਂ ਪਾਉਂਦਾ ਹੋਇਆ ਸਮਾਪਤ

664

ਨਾਗਰਿਕਤਾ ਨੂੰ ਧਰਮ ਨਾਲ ਜੋੜ ਕੇ ਦੇਸ਼ ਦੇ ਸੰਵਿਧਾਨ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ-ਸ੍ਰੀ ਯਾਦਵ

ਬਠਿੰਡਾ/ 30 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਪੰਜ ਰੋਜ਼ਾ ਪੀਪਲਜ ਲਿਟਰੇਰੀ ਫੈਸਟੀਵਲ ਸਥਾਨਕ ਟੀਚਰਜ ਹੋਮ ਵਿਖੇ ਨਵੀਂਆਂ ਪੈੜਾਂ ਪਾਉਂਦਾ ਹੋਇਆ ਪੂਰੀ ਸਫਲਤਾ ਨਾਲ ਸਮਾਪਤ ਹੋ ਗਿਆ। ਇਸ ਮੇਲੇ ਦੌਰਾਨ ਕਈ ਲੱਖ ਰੁਪਏ ਦੀਆਂ ਕਿਤਾਬਾਂ ਦੀ ਵਿੱਕਰੀ ਹੋਈ, ਤਸੱਲੀ ਵਾਲਾ ਇੱਕ ਪੱਖ ਇਹ ਵੀ ਹੈ ਕਿ ਵਿਗਿਆਨਕ ਪੁਸਤਕਾਂ ਵੱਲ ਪਾਠਕਾਂ ਦੀ ਰੁਚੀ ਜਿਆਦਾ ਦਿਖਾਈ ਦਿੱਤੀ। ਪੁਸਤਕਾਂ ਦੀ ਵਿਕਰੀ ਤੋਂ ਇਲਾਵਾ ਮੇਲੇ ਦੌਰਾਨ ਮਘਦੀ ਸਟੇਜ ਤੇ ਦੇਸ਼ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ, ਨਾਗਰਿਕਤਾ ਬਿਲ, ਧਰਮ ਨਿਰਪੱਖਤਾ, ਸਾਹਿਤਕ ਘਾਟਾਂ ਤੇ ਪ੍ਰਫੁੱਲਤਾ, ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ, ਕਿਸਾਨੀ ਦੀ ਦੁਰਦਸਾਂ, ਔਰਤ ਦੀ ਮੌਜੂਦਾ ਦੌਰ ਵਿੱਚ ਹਾਲਤ, ਸਿਆਸਤ ਵਿੱਚ ਆਏ ਨਿਘਾਰ, ਵਾਤਾਵਰਣ ਤੇ ਜੀਵ ਜੰਤੂਆਂ ਦੀ ਰੱਖਿਆ ਅਤੇ ਲੋਕ ਲਹਿਰ ਖੜੀ ਕਰਨੀ ਮੌਜੂਦਾ ਸਮੇਂ ਦੀ ਲੋੜ ਆਦਿ ਵਿਸ਼ਿਆਂ ਤੇ ਭਖਵੀਂ ਚਰਚਾ ਹੁੰਦੀ ਰਹੀ। ਇਸ ਮੌਕੇ ਤਰਕ ਭਾਰਤੀ ਪ੍ਰਕਾਸਨ ਬਰਨਾਲਾ, ਤਰਕਸ਼ੀਲ ਸੁਸਾਇਟੀ ਬਠਿੰਡਾ, ਬੇਗਮਪੁਰਾ ਬੁੱਕ ਸੈਂਟਰ, ਨਵਰੰਗ ਪਬਲੀਕੇਸ਼ਨ ਸਮਾਣਾ, ਵਾਣੀ ਪ੍ਰਕਾਸ਼ਨ, ਠੇਕਾ ਕਿਤਾਬ ਦੇਸੀ ਤੇ ਅੰਗਰੇਜੀ, ਨਵਰੰਗ ਪਬਲਿਸ਼ਰਜ, ਪੀਪਲਜ ਫੋਰਮ ਬਰਗਾੜੀ, ਸਹੀਦ ਭਗਤ ਸਿੰਘ ਬੁੱਕ ਸੈਂਟਰ ਲੁਧਿਆਣਾ, ਚੇਤਨਾ ਪ੍ਰਕਾਸਲ ਲੁਧਿਆਣਾ ਆਦਿ ਵੱਲੋਂ ਹਜ਼ਾਰਾਂ ਪੁਸਤਕਾਂ ਪਾਠਕਾਂ ਲਈ ਪੇਸ਼ ਕੀਤੀਆਂ ਗਈਆਂ। ਪੁਸਤਕ ਮੇਲੇ ਦਾ ਉਦਘਾਟਨ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਤੇ ਲੋਕ ਅਧਿਕਾਰ ਲਹਿਰ ਦੇ ਸੰਸਥਾਪਕ ਸ੍ਰ: ਸਰਦਾਰਾ ਸਿੰਘ ਜੌਹਲ ਨੇ ਕੀਤਾ, ਇਸ ਮੌਕੇ ਉਹਨਾਂ ਪਵਨ ਨਾਦ ਦੀ ਪੁਸਤਕ ‘ਕਵਿਤਾ ਦੇ ਵਿਹੜੇ’, ਰਾਜਪਾਲ ਦੀ ‘ਇੱਕ ਕਵੀ ਦੀ ਆਤਮ ਕਥਾ’, ਬਲਵਿੰਦਰ ਸਿੰਘ ਭੁੱਲਰ ਦੀ ‘ਉਡਾਰੀਆਂ ਭਰਦੇ ਲੋਕ’, ਗੁਰਪ੍ਰੇਮ ਲਹਿਰੀ ਦੀ ‘ਬੁਲੇਟਨਾਮਾ’ ਅਤੇ ਸੁਭਾਸ ਪਰਿਹਾਰ ਦੀ ‘ਸ਼ੁਭਾਸ ਪਰਿਹਾਰ ਫੇਸਬੁੱਕ ਕਾਮ’ ਰਿਲੀਜ਼ ਕੀਤੀਆਂ। ਇਸ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਜੌਹਲ ਨੇ ਕਿਹਾ ਕਿ ਸਰਕਾਰਾਂ ਵੱਲੋਂ ਆਟਾ ਦਾਲ ਜਾਂ ਸਮਾਰਟ ਫੋਨ ਮੁਫ਼ਤ ਦੇਣਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਦਾ ਸਾਧਨ ਹਨ, ਇਹ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ, ਪਰ ਰਾਜ ਦੇ ਲੋਕ ਵੀ ਮੁਫ਼ਤ ਵਸਤਾਂ ਦੇ ਲਾਲਚ ਵਿੱਚ ਆ ਜਾਂਦੇ ਹਨ, ਜੋ ਚੰਗਾ ਰੁਝਾਨ ਨਹੀਂ। ਪੰਜਾਬ ਦੇ ਨੌਜਵਾਨਾਂ ਦਾ ਵਿਦੇਸਾਂ ਵੱਲ ਵਧ ਰਿਹਾ ਰੁਝਾਨ ਵੀ ਰਾਜ ਦੇ ਭਵਿੱਖ ਲਈ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਮਿਹਨਤ ਕਰਨੀ ਪਵੇਗੀ ਅਤੇ ਸਰਕਾਰਾਂ ਨੂੰ ਛੋਟੇ ਛੋਟੇ ਲਾਲਚਾਂ ਦੀ ਬਜਾਏ ਰੁਜਗਾਰ ਦੇਣਾ ਪਵੇਗਾ ਤਾਂ ਹੀ ਪੰਜਾਬ ਦਾ ਭਵਿੱਖ ਬਚਾਇਆ ਜਾ ਸਕਦਾ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋ: ਅਪੂਰਵਾ¦ਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਦੇ ਭੈਅ ਦੇ ਮਹੌਲ ਵਿੱਚ ਮੁਸਲਿਮ ਭਾਈਚਾਰਾ ਇਕੱਲਤਾ ਨਾਲ ਲੜ ਰਿਹਾ ਹੈ, ਤਾਂ ਯੂਨੀਵਰਸਿਟੀਆਂ ਚੋਂ ਨੌਜਵਾਨ ਵਰਗ ਸੰਘਰਸ ਦੇ ਮੈਦਾਨ ਵਿੱਚ ਕੁੱਦਿਆ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਨੌਜਵਾਨ ਰਾਹ ਦਿਖਾ ਰਿਹਾ ਹੈ, ਜਿਸਤੋਂ ਤਸੱਲੀ ਹੁੰਦੀ ਹੈ। ਉਹਨਾਂ ਕਿਹਾ ਦੁੱਖ ਦੀ ਗੱਲ ਹੈ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੇ ਮੁਸਲਮਾਨਾਂ ਨਾਲ ਹੋ ਰਹੀਆਂ ਜਿਆਦਤੀਆਂ ਵਿਰੁੱਧ ਆਵਾਜ਼ ਨਹੀ ਉਠਾਈ, ਬਲਕਿ ਸ੍ਰੋਮਣੀ ਅਕਾਲੀ ਦਲ ਨੇ ਤਾਂ ਜਿਆਦਤੀਆਂ ਕਰ ਰਹੀ ਕੇਂਦਰ ਸਰਕਾਰ ਦੇ ਹੱਕ ਵਿੱਚ ਹਾਮੀ ਭਰ ਦਿੱਤੀ ਹੈ। ਉਹਨਾਂ ਕਿਹਾ ਕਿ ਜੋ ਲੋਕ ਬਿਹਤਰ ਸਮਾਜ ਚਾਹੁੰਦੇ ਹਨ ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਪਵੇਗਾ। ਸਾਹਿਤ ਤੇ ਗੱਲ ਕਰਦਿਆਂ ਡਾ: ਜਗਵਿੰਦਰ ਸਿੰਘ ਜੋਧਾ ਨੇ ਕਿਹਾ ਕਿ ਅੱਜ ਹਿੰਦੀ ਵਿੱਚ ਜੋ ਕਵਿਤਾ ਰਚੀ ਜਾ ਰਹੀ ਹੈ, ਉਹ ਸਿਆਸਤ ਨਾਲ ਖਹਿੰਦੀ ਹੈ, ਜਦ ਕਿ ਪੰਜਾਬੀ ਵਿੱਚ ਅਜਿਹਾ ਨਹੀਂ ਹੋ ਰਿਹਾ। ਡਾ: ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਨੇ ਸੰਕਟਾਂ ਤੇ ਚਿਣੌਤੀਆਂ ਨੂੰ ਤਰਜੀਹੀ ਰੂਪ ਵਿੱਚ ਗੌਲਿਆ ਨਹੀਂ ਹੈ, ਜਵਾਨੀ ਨੂੰ ਸਾਹਿਤ ਤੋਂ ਅਪਣੱਤ ਨਹੀਂ ਦਿਸਦੀ। ਪ੍ਰੋ: ਬੂਟਾ ਸਿੰਘ ਨੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਦਾ ਪਾਲਣ ਪੋਸਣ ਦਾ ਢੰਗ ਆਰਥਿਕ ਮਾਨਵੀ ਰੂਪ ਪੈਦਾ ਕਰ ਰਿਹਾ ਹੈ, ਜਿਸ ਨਾਲ ਮਨੁੱਖ ਦੀ ਵਿੱਥ ਵਧੀ ਹੈ। ਪੁਰਾਣੀ ਪੀੜ੍ਹੀ ਨੂੰ ਖ਼ੁਦ ਸੰਘਰਸਾਂ ਦਾ ਪਾਧੀ ਬਣਨਾ ਪਿਆ ਹੈ, ਪਰ ਅਜੋਕੀ ਪੀੜ੍ਹੀ ਨੂੰ ਸਭ ਕੁੱਝ ਰੈਡੀਮੇਡ ਮਿਲ ਰਿਹੈ। ਔਰਤਾਂ ਪ੍ਰਤੀ ‘‘ਹਿੰਸਾ ਅਤੇ ਖਪਤ ਦੇ ਜੰਗਲ ਵਿੱਚੋਂ ਬੋਲਦੀ ਔਰਤ’’ ਸਿਰਲੇਖ ਹੇਠ ਹੋਈ ਵਿਚਾਰ ਚਰਚਾ ਦੌਰਾਨ ਸਪਸਟ ਹੋਇਆ ਕਿ ਮੌਜੂਦਾ ਫਾਸ਼ੀਵਾਦੀ ਦੌਰ ’ਚ
ਮੁੱਖ ਨਿਸ਼ਾਨੇ ਤੇ ਔਰਤ ਹੈ, ਜਿਸਦੇ ਟਾਕਰੇ ਲਈ ਔਰਤ ਨੂੰ ਉਸੇ ਭਾਸ਼ਾ ਵਿੱਚ ਢਾਲ ਬਣਕੇ ਖੜਣਾ ਪਵੇਗਾ। ਪਟਿਆਲਾ ਦੀ ਅਧਿਆਪਕਾ ਡਾ: ਕੁਲਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਨੂੰ ਹਰ ਦੌਰ ਵਿੱਚ ਲੜਣਾ ਪਿਆ ਹੈ ਅਤੇ ਅੱਜ ਵੀ ਲੜਣਾ ਪੈ ਰਿਹਾ ਹੈ। ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਔਰਤਾਂ ਨੂੰ ਇਕੱਲੀ ਸਰੀਰਕ ਹੀ ਨਹੀਂ ਮਾਨਸਿਕ ਹਿੰਸਾ ਵੀ ਝੱਲਣੀ ਪੈਂਦੀ ਹੈ। ਔਰਤ ਨੂੰ ਸਵੈਮਾਨ ਲਈ ਸੰਗਠਿਤ ਹੋ ਕੇ ਲੜਣਾ ਪਵੇਗਾ, ਪੱਤਰਕਾਰ ਦਵੀ ਦਵਿੰਦਰ ਕੌਰ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਮੌਜੂਦਾ ਸਮਾਜ ਵਿੱਚ ਧਰਮ ਤੇ ਸੱਭਿਆਚਾਰ ਔਰਤ ਨੂੰ ਦਬਾਉਣ ਦੇ ਸਭ ਤੋਂ ਵੱਡੇ ਹਥਿਆਰ ਵਜੋਂ ਵਰਤੇ ਜਾ ਰਹੇ ਹਨ। ਔਰਤ ਨੂੰ ਵਸਤ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਖਿਲਾਫ ਔਰਤ ਨੂੰ ਉਤਰਨਾ ਹੋਵੇਗਾ। ਮੇਲੇ ਦੇ ਸਮਾਪਤੀ ਮੌਕੇ ‘‘ਜਿੰਨੇ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈ’’ ਤੇ ਕੁੰਜੀਵਤ ਭਾਸਣ ਕਰਦਿਆਂ ਸਵਰਾਜ ਅਭਿਆਨ ਭਾਰਤ ਦੇ ਮੋਢੀ ਤੇ ਉ¤ਘੇ ਸਮਾਜ ਚਿੰਤਕ ਯੋਗੇਂਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਅੱਜ ਖਾਮੋਸ ਰਹੇ ਤਾਂ ਭਲਕੇ ਛਨਾਟਾ ਛਾ ਜਾਵੇਗਾ, ਹੁਣ ਵਕਤ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦਾ ਹੈ। ਉਹਨਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਜਨਤਾ ਸੜਕਾਂ ਤੇ ਆਈ ਹੈ, ਜਿਸ ਵਿੱਚ ਨੌਜਵਾਨਾਂ ਦੀ ਸਮੂਲੀਅਤ ਤਸੱਲੀਬਖਸ਼ ਹੈ, ਜੋ ਛੇਤੀ ਕੌਮੀ ਅੰਦੋਲਨ ਦਾ ਹਿੱਸਾ ਬਣੇਗੀ। ਉਹਨਾਂ ਕਿਹਾ ਕਿ ਨਾਗਰਿਕਤਾ ਨੂੰ ਧਰਮ ਨਾਲ ਜੋੜ ਕੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਬਦਲਣ ਦੀ ਬਜਾਏ ਲੋਕਾਂ ਦੇ ਸੋਚਣ ਦੇ ਢੰਗ ਨੂੰ ਬਦਲਣ ਦੀ ਲੋੜ ਹੈ, ਇਸ ਲਈ ਸੱਭਿਆਚਾਰਕ ਤੇ ਵਿਚਾਰਧਾਰਕ ਲੜਾਈ ਲੜਣੀ ਪਵੇਗੀ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਭਾਰਤ ਦੇ ਸ਼ਾਇਰਾਂ, ਦਰਵੇਸਾਂ ਗੁਰੂਆਂ ਪੀਰਾਂ ਭਗਤਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅੱਜ ਗੁਰੂ ਨਾਨਕ, ਵਾਰਸ ਸ਼ਾਹ, ਬੁਲ੍ਹੇ ਸ਼ਾਹ, ਤੁਕਾ ਰਾਮ, ਰਵਿਦਾਸ, ਕਬੀਰ ਵਰਗੇ ਵਿਦਰੋਹੀ ਚਿੰਤਕਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ। ਨਵਜੋਤ ਮੰਡੇਰ ਤੇ ਸਾਥੀਆਂ ਨੇ ਢਾਡੀ ਕਲਾ ਰਾਹੀਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ, ਬਾਅਦ ਵਿੱਚ ਸ੍ਰੀ ਮੰਡੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੱਚਰ ਗਾਇਕੀ ਨੂੰ ਰੋਕਣ ਲਈ ਰੌਲਾ ਤਾਂ ਬਹੁਤ ਪਾਇਆ ਜਾ ਰਿਹਾ ਹੈ, ਪਰ ਉਸਨੂੰ ਰੋਕਣ ਲਈ ਸਾਫ਼ ਸੁਥਰੀ ਗਾਇਕੀ ਵਧਾਉਣਾ ਸਮੇਂ ਦੀ ਲੋੜ ਹੈ, ਜਿਸ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਪੀਪਲਜ ਫੋਰਮ ਬਰਗਾੜੀ ਦੇ ਪ੍ਰਧਾਨ ਖੁਸਵੰਤ ਬਰਗਾੜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਤ ਦੀ ਠੰਢ ਦੇ ਬਾਵਜੂਦ ਹਜਾਰਾਂ ਪਾਠਕਾਂ ਤੇ ਸਰੋਤਿਆਂ ਵੱਲੋਂ ਕੀਤੀ ਸਿਰਕਤ ਤਸੱਲੀਬਖ਼ਸ ਤੇ ਹੌਂਸਲਾ ਵਧਾਊ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਇਹੋ ਜਿਹੇ ਮੇਲੇ ਲਗਾਏ ਜਾਂਦੇ ਰਹਿਣਗੇ। ਉਹਨਾਂ ਕਿਹਾ ਕਿ ਮੇਲੇ ਵਿੱਚ ਸ਼ਹਿਰੀਆਂ ਦੀ ਗਿਣਤੀ ਆਸ ਅਨੁਸਾਰ ਰਹੀ ਪਰ ਪੇਂਡੂ ਖੇਤਰ ਦੇ ਪਾਠਕਾਂ ਸਰੋਤਿਆਂ ਦੀ ਗਿਣਤੀ ਘੱਟ ਰਹੀ ਹੈ, ਅੱਗੇ ਲਈ ਪੇਂਡੂ ਖੇਤਰ ਦੀ ਗਿਣਤੀ ਵਧਾਉਣ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ। ਇਹ ਪੁਸਤਕ ਮੇਲਾ ਕੁਲ ਮਿਲਾ ਕੇ ਸਫ਼ਲ ਰਿਹਾ ਹੈ, ਪੁਸਤਕਾਂ ਦੀ ਵਿੱਕਰੀ ਵੀ ਤਿੰਨ ਲੱਖ ਰੁਪਏ ਦਾ ਅੰਕੜਾ ਪਾਰ ਕਰ ਗਈ। ਸਟੇਜ ਤੋਂ ਜੋ ਵਿਚਾਰ ਚਰਚਾਵਾਂ ਹੋਈਆਂ ਉਹ ਕਾਬਲੇ ਤਾਰੀਫ਼ ਤੇ ਮਹੱਤਵਪੂਰਨ ਸਨ। ਪੀਪਲਜ ਫੋਰਮ ਮੇਲੇ ਦੀ ਸਫ਼ਲਤਾ ਲਈ ਵਧਾਈ ਦਾ ਪਾਤਰ ਹੈ ਅਤੇ ਅਜਿਹੇ ਮੇਲੇ ਸਮੇਂ ਦੀ ਵੱਡਮੁੱਲੀ ਲੋੜ ਹੈ। ਮੇਲੇ ਵਿੱਚ ਜਸ ਮੰਡ, ਡਾ: ਪਰਮਜੀਤ ਸਿੰਘ ਰੋਮਾਣਾ, ਹਰਮੀਤ ਵਿਦਿਆਰਥੀ, ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਪੇਂਟਰ, ਸੁਮੇਲ ਸਿੱਧੂ ਵਰਗੇ ਪਾਠਕਾਂ ਦੀ ਸਮੂਲੀਅਤ ਸਫ਼ਲਤਾ ਦੀ ਪ੍ਰਤੀਕ ਹੈ।

Real Estate