ਪਾਪਾਟੋਏਟੋਏ ਦੇ ਇਕ ਘਰ ਵਿਚੋਂ ਮਹਿਲਾ ਅਤੇ ਪੁਰਸ਼ ਦੀ ਲਾਸ਼ ਤੇ ਬੱਚਾ ਜਖ਼ਮੀ ਹਾਲਤ ਵਿੱਚ ਮਿਲਿਆ

1201

ਔਕਲੈਂਡ 30 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਲੋਕਾਂ ਦੀ ਬਹੁਗਿਣਤੀ ਵਾਲੇ ਸ਼ਹਿਰ ਪਾਪਾਟੋਏਟੋਏ ਦੇ ਸੰਨੀਸਾਈਡ ਕ੍ਰੀਜੈਂਟ ਉਤੇ ਇਕ ਘਰ ਦੇ ਵਿਚ ਪੁਲਿਸ ਨੂੰ ਇਕ ਮਹਿਲਾ ਅਤੇ ਪੁਰਸ਼ ਦੀ ਲਾਸ਼ ਪ੍ਰਾਪਤ ਹੋਈ ਹੈ। ਇਸੇ ਘਰ ਦੇ ਵਿਚ 6-7 ਸਾਲ ਦਾ ਬੱਚਾ ਵੀ ਜ਼ਖਮੀ ਹਾਲਿਤ ਵਿਚ ਮਿਲਿਆ ਜਿਸ ਨੂੰ ਸਟਾਰਸ਼ਿਪ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਵਰਨਣਯੋਗ ਹੈ ਕਿ ਇਸ ਗਲੀ ਦੇ ਵਿਚ ਭਾਰਤੀ ਲੋਕਾਂ ਦੀ ਕਾਫੀ ਗਿਣਤੀ ਰਹਿੰਦੀ ਹੈ। ਇਹ ਘਟਨਾ ਬੀਤੀ ਰਾਤ ਦੀ ਹੈ ਅਤੇ ਪੁਲਿਸ ਜਦੋਂ ਸਵੇਰੇ 9:45 ਵਜੇ ਇਸ ਘਰ ਦੇ ਵਿਚ ਸਵੇਰੇ ਪਹੁੰਚੀ ਤਾਂ ਆਂਢ-ਗੁਆਂਢ ਨੂੰ ਪਤਾ ਲੱਗਿਆ। 10:08 ਮਿੰਟ ਉਤੇ ਐਂਬੂਲੈਂਸ ਨੂੰ ਕਾਲ ਕੀਤੀ ਗਈ। ਮਹਿਲਾ ਦੀ ਲਾਸ਼ ਬੈਡਰੂਮ ਵਿਚ ਮਿਲੀ ਅਤੇ ਬੱਚਾ ਵੀ ਬੈਡਰੂਮ ਵਿਚ ਜ਼ਖਮੀ ਹਾਲਤ ਵਿਚ ਮਿਲਿਆ। ਪੁਰਸ਼ ਦੀ ਲਾਸ਼ ਕਾਰ ਗੈਰਾਜ ਦੇ ਵਿਚ ਮਿਲੀ। ਪੁਲਿਸ ਨੇ ਮਾਨਵ ਹੱਤਿਆ ਦਾ ਕੇਸ ਦਰਜ ਕੀਤਾ ਹੈ ਅਤੇ ਕਿਹਾ ਹੈ ਕਿ ਜਾਂਚ-ਪੜ੍ਹਤਾਲ ਜਾਰੀ ਹੈ ਅਤੇ ਇਸ ਵੇਲੇ ਪੁਲਿਸ ਕਿਸੇ ਹੋਰ ਦੀ ਭਾਲ ਵਿਚ ਨਹੀਂ ਹੈ। ਜਿਸ ਘਰ ਦੇ ਵਿਚ ਇਹ ਲਾਸ਼ਾਂ ਪ੍ਰਾਪਤ ਹੋਈਆਂ ਹਨ ਉਥੇ ਬੀਤੇ ਐਤਵਾਰ ਹੀ ਬੱਚਿਆਂ ਦੇ ਉਛਲਣ-ਕੁੱਦਣ ਲਈ ਟ੍ਰੈਂਪਲਿਨ ਸਟੈਂਡ ਲਗਾਇਆ ਗਿਆ ਸੀ ਅਤੇ ਬਾਕੀ ਕੰਮ ਰਹਿੰਦਾ ਸੀ। ਖਬਰਾਂ ਹਨ ਕਿ ਮ੍ਰਿਤਕ ਭਾਰਤੀ ਮੂਲ ਦੇ ਫੀਜ਼ੀ ਲੋਕ ਸਨ।
ਗੁਆਂਢੀ ਨੇ ਦੱਸਿਆ ਕਿ ਇਹ ਪਰਿਵਾਰ ਕ੍ਰਿਸਮਸ ਕਰਕੇ ਘਰੇ ਹੀ ਸੀ ਅਤੇ ਉਨ੍ਹਾਂ ਨੇ ਬੱਚੇ ਨੂੰ ਵੀ ਨਵੀਂ ਬਾਈਕ ਲੈ ਕੇ ਦਿੱਤੀ ਸੀ। ਇਕ ਹੋਰ ਗੁਆਂਢੀ ਨੇ ਦੱਸਿਆ ਕਿ ਰਾਤ ਇਕ ਵਜੇ ਉਸਦਾ ਕੁੱਤਾ ਇਕ ਦਮ ਮੁੱਖ ਦੁਆਰ ਵੱਲ ਵਧਿਆ ਸੀ। ਉਸਨੇ ਇਕ ਕਾਰ ਵੀ ਬਹੁਤ ਤੇਜ ਇਥੋਂ ਜਾਂਦੀ ਵੇਖੀ ਸੀ। ਮ੍ਰਿਤਕ 6 ਕੁ ਮਹੀਨੇ ਪਹਿਲਾਂ ਹੀ ਇਥੇ ਰਹਿਣ ਆਏ ਸਨ। ਗੁਆਂਢੀਆਂ ਨੇ ਸਵੇਰੇ ਇਕ ਹੋਰ ਜੋੜੇ ਨੂੰ ਪੁਲਿਸ ਦੀ ਗੱਡੀ ਦੇ ਵਿਚ ਉਦਾਸ ਅਵਸਥਾ ਵਿਚ ਬੈਠਿਆਂ ਨੂੰ ਵੇਖਿਆ।

Real Estate