ਡੇਰੇਦਾਰ ਭਾਨਿਆਰਾ ਵਾਲੇ ਦੀ ਮੌਤ

797

ਵਿਵਾਦਿਤ ਡੇਰੇਦਾਰ ਪਿਆਰਾ ਸਿੰਘ ਭਾਨਿਆਰਾ ਵਾਲਾ ਦੀ ਅੱਜ ਸੋਮਵਾਰ ਨੂੰ ਰੋਪੜ ਨੇੜਲੇ ਪਿੰਡ ਧਮਾਣਾ ਵਿਚਲੇ ਉਨ੍ਹਾਂ ਦੇ ਡੇਰੇ ‘ਚ ਮੌਤ ਹੋ ਗਈ ਹੈ । ਉਹ 61 ਸਾਲ ਦਾ ਸੀ। ਭਨਿਆਰਾ ਵਾਲਾ ਨੂੰ ਛਾਤੀ ‘ਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼੍ਰੀ ਅਕਾਲ ਤਖ਼ਤ ਵੱਲੋਂ 1998 ‘ਚ ਉਸ ਨੂੰ ਸਿੱਖ ਪੰਥ ਵਿੱਚੋਂ ਛੇਕਿਆ ਗਿਆ ਸੀ। ਭਨਿਆਰਾ ਵਾਲਾ ‘ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਸਤੰਬਰ 2001 ‘ਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ। ਜਦੋਂ ਉਸ ਖਿਲਾਫ ਕਈ ਅਪਰਾਧਾਂ ਲਈ ਅੰਬਾਲਾ ਦੀ ਇੱਕ ਅਦਾਲਤ ‘ਚ ਮੁਕੱਦਮਾ ਚੱਲ ਰਿਹਾ ਸੀ ਤਾਂ 24 ਸਤੰਬਰ 2003 ਨੂੰ ਉਸ ਨੂੰ ਅਦਾਲਤ ਦੇ ਬਾਹਰ ਇੱਕ ਨੌਜਵਾਨ ਨੇ ਚਾਕੂ ਮਾਰ ਦਿੱਤਾ ਸੀ। ਉਸ ਦੇ ਡੇਰੇ ‘ਤੇ ਉਸ ਨੂੰ ਕਤਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਦਿੱਤੀ ਗਈ।2001 ’ਚ ਭਨਿਆਰਾਵਾਲੇ ਨੇ ਆਪਣਾ ਖ਼ੁਦ ਦਾ ਇੱਕ ‘ਭਵਸਾਗਰ ਗ੍ਰੰਥ’ ਪ੍ਰਕਾਸ਼ਿਤ ਕੀਤਾ ਸੀ; ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਮੰਨਿਆ ਗਿਆ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ‘ਭਵਸਾਗਰ ਗ੍ਰੰਥ’ ਉੱਤੇ ਪਾਬੰਦੀ ਲਾ ਦਿੱਤੀ ਸੀ ਤੇ ਬਾਬੇ ਨੂੰ ਜੇਲ੍ਹ ਵੀ ਜਾਣਾ ਪਿਆ ਸੀ।  7 ਭੈਣ–ਭਰਾਵਾਂ ਵਿੱਚੋਂ ਇੱਕ ਪਿਆਰਾ ਸਿੰਘ ਭਨਿਆਰਾ ਵਾਲੇ ਦੇ ਪਿਤਾ ਤੁਲਸੀ ਰਾਮ ਇੱਕ ਰਾਜਗੀਰ ਸਨ। ਧਾਰਮਿਕ ਆਗੂ ਬਣਨ ਤੋਂ ਪਹਿਲਾਂ ਬਾਬਾ ਪਿਆਰਾ ਸਿੰਘ ਪੰਜਾਬ ਦੇ ਬਾਗ਼ਬਾਨੀ ਵਿਭਾਗ ਵਿੱਚ ਦਰਜਾ–ਚਾਰ ਦੇ ਮੁਲਾਜ਼ਮ ਸਨ ਤੇ ਪਿੰਡ ਅਸਮਾਨਪੁਰ ਵਿਖੇ ਸਥਿਤ ਰੇਸ਼ਮ ਦੇ ਕੀੜੇ ਪਾਲਣ ਵਾਲੇ ਇੱਕ ਫ਼ਾਰਮ ਵਿੱਚ ਕੰਮ ਕਰਦੇ ਰਹੇ ਸਨ। ਬਾਬੇ ਦੇ ਪਿਤਾ ਤੁਲਸੀ ਰਾਮ ਦਰਅਸਲ ਪਹਿਲਾਂ ਆਪਣੇ ਪਿੰਡ ਧਮਾਣਾ ਦੇ ਬਾਹਰਵਾਰ ਸਥਿਤ ਦੋ ਮਜ਼ਾਰਾਂ ਦੀ ਸੇਵਾ ਕਰਦੇ ਹੁੰਦੇ ਸਨ ਤੇ ਆਪਣੇ ਪਿਤਾ ਦੇ ਦੇਹਾਂਤ ਪਿੱਛੋਂ ਪਿਆਰਾ ਸਿੰਘ ਭਨਿਆਰਾ ਇਨ੍ਹਾਂ ਮਜ਼ਾਰਾਂ ਦੇ ਨਿਗਰਾਨ ਬਣ ਗਏ। ਉਨ੍ਹਾਂ ਉੱਥੇ ਆਪਣੇ ਪੈਰੋਕਾਰਾਂ ਨੂੰ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤਦ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਵਧਦੀ ਚਲੀ ਗਈ।ਚੋਣਾਂ ਵਿੱਚ ਸਿਆਸੀ ਆਗੂ ਉਨ੍ਹਾਂ ਕੋਲ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਮੰਗਣ ਆਉਣ ਲੱਗ ਪਏ। ਉਸ ਤੋਂ ਬਾਅਦ ਬਾਬੇ ਦੀ ਚੜ੍ਹਤ ਹੁੰਦੀ ਗਈ।

Real Estate