ਕਸ਼ਮੀਰ ਬਾਰੇ ਇਸਲਾਮਿਕ ਮੁਲਕਾਂ ਦੀ ਮੀਟਿੰਗ !

843

ਸਾਊਦੀ ਅਰਬ ਕਸ਼ਮੀਰ ਦੀ ਸਥਿਤੀ ’ਤੇ ਚਰਚਾ ਕਰਨ ਲਈ ਇਸਲਾਮਿਕ ਸਹਿਯੋਗ ਜਥੇਬੰਦੀ (ਓਆਈਸੀ) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸਦਣ ਜਾ ਰਿਹਾ ਹੈ। ਇਹ ਖ਼ਬਰਾਂ ਪਾਕਿਸਤਾਨੀ ਮੀਡੀਆ ਰਾਹੀ ਆਈਆਂ ਹਨ। ‘ਡਾਅਨ’ ਨੇ ਕੂਟਨੀਕਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸ਼ਹਿਜ਼ਾਦਾ ਫੈਸਲ ਬਿਨ ਫਰਹਾਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ’ਚ ਮੁਲਾਕਾਤ ਕੀਤੀ। ਸ਼ਹਿਜ਼ਾਦਾ ਫੈਸਲ ਹਾਲ ਹੀ ’ਚ ਮੁਸਲਿਮ ਮੁਲਕਾਂ ਦੇ ਕੁਆਲਾਲੰਪੁਰ ਸੰਮੇਲਨ ’ਚ ਹਿੱਸਾ ਨਾ ਲੈਣ ਬਾਰੇ ਆਪਣੇ ਦੇਸ਼ ਦੇ ਪੱਖ ਬਾਰੇ ਜਾਣੂ ਕਰਵਾਉਣ ਲਈ ਇੱਕ ਦਿਨ ਦੇ ਦੌਰੇ ’ਤੇ ਪਾਕਿਸਤਾਨ ਆਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵੇਂ ਵਿਦੇਸ਼ ਮੰਤਰੀਆਂ ਨੇ ਕਸ਼ਮੀਰ ਮਸਲੇ ਦੇ ਸਬੰਧ ’ਚ ਓਆਈਸੀ ਦੀ ਭੂਮਿਕਾ ’ਤੇ ਚਰਚਾ ਕੀਤੀ।’ਕੁਰੈਸ਼ੀ ਨੇ ਸ਼ਹਿਜ਼ਾਦਾ ਫੈਸਲ ਨੂੰ ਭਾਰਤ ਵੱਲੋਂ ਪੰਜ ਅਗਸਤ ਨੂੰ ਧਾਰਾ 370 ਦੀਆਂ ਵਧੇਰੇ ਤਜਵੀਜ਼ਾਂ ਨੂੰ ਖਤਮ ਕਰਨ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਤੇ ਐੱਨਆਰਸੀ ਸਬੰਧੀ ਭਾਰਤ ਸਰਕਾਰ ਦੀ ਕਾਰਵਾਈ ਅਤੇ ਭਾਰਤ ’ਚ ਲਗਾਤਾਰ ਘੱਟ ਗਿਣਤੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਉਠਾਇਆ। ਓਆਈਸੀ ਮੁਸਲਿਮ ਮੁਲਕਾਂ ਦੀ ਜਥੇਬੰਦੀ ਹੈ ਅਤੇ ਪਾਕਿਸਤਾਨ ਵੀ ਇਸ ਦਾ ਹਿੱਸਾ ਹੈ। ਆਮ ਤੌਰ ’ਤੇ ਇਹ ਜਥੇਬੰਦੀ ਪਾਕਿਸਤਾਨ ਦੀ ਹਮਾਇਤ ਕਰਦੀ ਹੈ। ਓਆਈਸੀ ਨੇ ਪਿਛਲੇ ਹਫ਼ਤੇ ਇੱਕ ਸੰਖੇਪ ਬਿਆਨ ’ਚ ਕਿਹਾ ਸੀ ਕਿ ਉਹ ਭਾਰਤ ’ਚ ਮੁਸਲਿਮ ਘੱਟ ਗਿਣਤੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸ਼ਹਿਜ਼ਾਦਾ ਫੈਸਲ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ’ਚ ਵਿਦੇਸ਼ ਮੰਤਰੀ ਕੁਰੈਸ਼ੀ, ਵਿਦੇਸ਼ ਸਕੱਤਰ ਸੋਹੇਲ ਮਹਿਮੂਦ, ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Real Estate