ਐੱਨਪੀਆਰ ਲਈ ਕਦੇ ਫਾਰਮ ਨਹੀਂ ਭਰਾਂਗਾ: ਯੋਗੀ ਕੁਰਸੀ ਖਾਤਰ ਜੁਲਮ ਕਰਵਾ ਰਿਹਾ :- ਅਖਿਲੇਸ਼

658

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਨੂੰ ਦੇਸ਼ ਦੇ ਗਰੀਬਾਂ ਤੇ ਘੱਟ ਗਿਣਤੀਆਂ ਦਾ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਉਹ ਐੱਨਪੀਆਰ ਲਈ ਕੋਈ ਫਾਰਮ ਨਹੀਂ ਭਰਨਗੇ। ਪ੍ਰੈੱਸ ਕਾਨਫਰੰਸ ’ਚ ਕਿਹਾ, ‘ਭਾਵੇਂ ਐੱਨਆਰਸੀ ਹੋਵੇ ਜਾਂ ਐੱਨਪੀਆਰ, ਇਹ ਹਰ ਗਰੀਬ, ਹਰ ਘੱਟ ਗਿਣਤੀ ਅਤੇ ਹਰ ਮੁਸਲਿਮ ਦੇ ਖ਼ਿਲਾਫ਼ ਹੈ।’ ਉਨ੍ਹਾਂ ਇਸ ਮੌਕੇ ਸਪਾ ਦੇ ਵਿਦਿਆਰਥੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਵਾਲ ਇਹ ਹੈ ਕਿ ਸਾਨੂੰ ਐੱਨਪੀਆਰ ਦੀ ਲੋੜ ਹੈ ਜਾਂ ਰੁਜ਼ਗਾਰ ਦੀ? ਜੇਕਰ ਜ਼ਰੂਰਤ ਪਈ ਤਾਂ ਮੈਂ ਪਹਿਲਾ ਵਿਅਕਤੀ ਹੋਵਾਂਗਾ ਜੋ ਕੋਈ ਫਾਰਮ ਨਹੀਂ ਭਰੇਗਾ। ਤੁਸੀਂ ਸਾਥ ਦੇਵੋਗੇ ਕਿ ਨਹੀਂ। ਨਹੀਂ ਭਰਦੇ ਤਾਂ ਅਸੀਂ ਤੇ ਤੁਸੀਂ ਸਾਰੇ ਕੱਢ ਦਿੱਤੇ ਜਾਵਾਂਗੇ। ਅਸੀਂ ਤਾਂ ਨਹੀਂ ਭਰਾਂਗੇ, ਤੁਸੀਂ ਭਰੋਗੇ?’ ਸਪਾ ਪ੍ਰਧਾਨ ਨੇ ਕਿਹਾ ਕਿ ਜੋ ਪੁਲੀਸ ਮੁਲਾਜ਼ਮ ਨਵੇਂ ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਦਾ ਵਿਰੋਧ ਕਰਨ ਵਾਲੇ ਲੋਕਾਂ ’ਤੇ ਡਾਂਗਾਂ ਵਰ੍ਹਾ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਤੋਂ ਵੀ ਉਨ੍ਹਾਂ ਦੇ ਮਾਪਿਆਂ ਦਾ ਸਰਟੀਫਿਕੇਟ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਭਾਰਤੀ ਅਜਿਹੇ ਲੋਕਾਂ ਤੋਂ ਭਾਰਤ ਨੂੰ ਬਚਾਉਣ ਜੋ ਸੰਵਿਧਾਨ ਦੀ ਧੱਜੀਆਂ ਉਡਾ ਰਹੇ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਆਪਣੀਆਂ ਮੂਲ ਸਮੱਸਿਆਵਾਂ ਅਤੇ ਦੇਸ਼ ਦੀ ਮਾੜੀ ਵਿੱਤੀ ਹਾਲਤ ਬਾਰੇ ਸਵਾਲ ਨਾ ਪੁੱਛਣ। ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੀ ਕੁਰਸੀ ਬਚਾਉਣ ਲਈ ਸੂਬੇ ’ਚ ਨਵੇਂ ਨਾਗਰਿਕਤਾ ਕਾਨੂੰਨ ਤੇ ਐੱਨਆਰਸੀ ਖ਼ਿਲਾਫ਼ ਰੋਸ ਮੁਜ਼ਾਹਰਿਆਂ ਦੀ ਆੜ ਹੇਠ ਇੱਕ ਵਿਸ਼ੇਸ਼ ਭਾਈਚਾਰੇ ’ਤੇ ਜ਼ੁਲਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜੋ ਜ਼ੁਲਮ ਹੋ ਰਿਹਾ ਹੈ ਅਤੇ ਜੋ ਲੋਕ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਹਨ, ਉਸ ਲਈ ਭਾਜਪਾ ਸਰਕਾਰ ਤੇ ਖੁਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜ਼ਿੰਮੇਵਾਰ ਹਨ। ਉਹ ਆਪਣੀ ਕੁਰਸੀ ਬਚਾਉਣ ਲਈ ਮੁਸਲਮਾਨਾਂ ’ਤੇ ਜ਼ੁਲਮ ਕਰਵਾ ਰਹੇ ਹਨ।

Real Estate