CAA : ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲੀ ਵਿਦੇਸ਼ੀ ਬੀਬੀ ਨੂੰ ਭਾਰਤ ਛੱਡਣ ਦੇ ਹੁਕਮ

921

ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿਚ ਸ਼ਾਮਲ ਹੋਣ ‘ਤੇ ਜਰਮਨ ਵਿਦਿਆਰਥੀ ਮਗਰੋਂ ਹੁਣ ਨਾਰਵੇ ਦੀ ਔਰਤ ਨੂੰ ਵੀ ਭਾਰਤ ਛੱਡਣ ਲਈ ਕਿਹਾ ਗਿਆ ਹੈ। ਵਿਦੇਸ਼ੀ ਖੇਤਰੀ ਪੰਜੀਕਰਨ ਦਫ਼ਤਰ ਦੇ ਅਧਿਕਾਰੀ ਅਨੁਸਾਰ, ‘ਸਾਡੀ ਜਾਂਚ ਮੁਤਾਬਕ ਉਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਕਾਰਨ ਉਸ ਨੂੰ ਜਾਣ ਲਈ ਕਿਹਾ ਗਿਆ ਹੈ।’ ਕੋਚੀ ਵਿਚ 23 ਦਸੰਬਰ ਨੂੰ ਨਾਗਰਿਕਤਾ ਕਾਨੂੰਨ ਵਿਰੁਧ ਹੋਏ ਪ੍ਰਦਰਸ਼ਨ ਵਿਚ ਜੇਨੇ ਮੇਟੇ ਜੋਹਾਨਸਨ ਨੇ ਹਿੱਸਾ ਲਿਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿਚ ਫੈਲ ਗਈਆਂ ਸਨ। ਵੀਰਵਾਰ ਨੂੰ ਅਧਿਕਾਰੀਆਂ ਨੇ ਉਸ ਕੋਲੋਂ ਪੁੱਛ-ਪੜਤਾਲ ਕੀਤੀ। ਗ੍ਰਹਿ ਮੰਤਰਾਲੇ ਹੇਠ ਆਉਂਦੇ ਇਸ ਦਫ਼ਤਰ ਨੇ ਮਾਮਲੇ ਦੀ ਜਾਂਚ ਕੀਤੀ। ਦਫ਼ਤਰ ਦੇ ਅਧਿਕਾਰੀ ਫ਼ੋਰਟ ਕੋਚੀ ਹੋਟਲ ਵਿਚ ਉਸ ਦੇ ਕਮਰੇ ਵਿਚ ਗਏ ਅਤੇ ਉਸ ਨੂੰ ਪੁੱਛ-ਪੜਤਾਲ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਦਫ਼ਤਰ ਪਹੁੰਚਣ ਲਈ ਕਿਹਾ। ਜੇਨੇ ਨੇ ਫ਼ੇਸਬੁਕ ‘ਤੇ ਦਸਿਆ ਕਿ ਉਸ ਨੂੰ ਫ਼ੌਰਨ ਦੇਸ਼ ਛੱਡਣ ਲਈ ਕਿਹਾ ਗਿਆ ਹੈ, ਨਹੀਂ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਸਵੀਡਨ ਦੀ ਵਾਸੀ 71 ਸਾਲਾ ਜੇਨੇ ਨੇ ਕਿਹਾ ਕਿ ਜਦ ਉਸ ਨੇ ਸਪੱਸ਼ਟੀਕਰਨ ਮੰਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਲਿਖਤ ਵਿਚ ਕੁੱਝ ਨਹੀਂ ਦਿਤਾ ਜਾਵੇਗਾ। ਇਹ ਬਜ਼ੁਰਗ ਔਰਤ ਸੈਰ ਸਪਾਟਾ ਵੀਜ਼ੇ ‘ਤੇ ਆਈ ਸੀ ਅਤੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਮਗਰੋਂ ਅਧਿਕਾਰੀਆਂ ਦੀ ਨਜ਼ਰ ਹੇਠ ਸੀ। ਉਸ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ‘ਪੀਪਲਜ਼ ਮਾਰਚ’ ਵਿਚ ਹਿੱਸਾ ਲਿਆ ਸੀ।

Real Estate