ਨਿਊਜ਼ੀਲੈਂਡ ਦੇ ‘ਚ ਨਵਜੰਮਿਆਂ ਬੱਚਿਆਂ ਦੇ ਨਾਮਕਰਣ ਵਿਚ ‘ਸਿੰਘ’ ਪਹਿਲੇ ਅਤੇ ‘ਕੌਰ’ ਤੀਜੇ ਨੰਬਰ ‘ਤੇ

1465

ਔਕਲੈਂਡ 27 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਵਰਗੇ ਵਿਕਸਤ ਦੇਸ਼ ਨਿੱਕੀ-ਨਿੱਕੀ ਗੱਲ ਦਾ ਕਿੰਨਾ ਖਿਆਲ ਰੱਖਦੇ ਹਨ, ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਨਵ ਜੰਮਿਆਂ ਬੱਚਿਆਂ ਦੇ ਨਾਮਕਰਣ ਦਾ ਵੀ ਅਧਿਐਨ ਕਰਦੇ ਰਹਿੰਦੇ ਹਨ। ਅੰਦਰੂਨੀ ਮਾਮਲਿਆਂ ਦੇ ਵਿਭਾਗ ਵੱਲੋਂ ਨਾਵਾਂ ਦੇ ਪਿੱਛੇ ਲੱਗਣ ਵਾਲੇ ਸਰਨੇਮ (ਕੁੱਲਨਾਂਅ) ਜਾਂ ਗੋਤ ਆਦਿ ਨੂੰ ਅਧਾਰ ਬਣਾ ਕੁਝ ਅੰਕੜੇ ਜਾਰੀ ਕੀਤੇ ਗਏ ਹਨ। ਨਿਊਜ਼ੀਲੈਂਡ ਵਸਦੇ ਸਿੱਖਾਂ ਨੂੰ ਇਸ ਗੱਲ ਦੀ ਪਹਿਲਾਂ ਹੀ ਖੁਸ਼ੀ ਹੈ ਕਿ ਇਥੇ 2013 ਦੇ ਵਿਚ 19191 ਸਿੱਖ ਗਿਣੇ ਗਏ ਸਨ ਅਤੇ 5 ਸਾਲ ਬਾਅਦ ਇਹ ਗਿਣਤੀ ਦੁੱਗਣੀ ਤੋਂ ਜਿਆਦਾ 40908 ਹੋ ਗਈ ਸੀ ਅਤੇ ਇਹ ਵਾਧਾ 113।6% ਦਾ ਸੀ। ਹੁਣ ਦੂਜੀ ਖਬਰ ਇਹ ਹੈ ਕਿ ਇਥੇ ਨਵ ਜੰਮਿਆਂ ਬੱਚਿਆਂ ਦੇ ਨਾਮਕਰਣ ਵੇਲੇ ਜੋ ਆਖਰੀ ਨਾਂਅ ਲਿਖਵਾਇਆ ਜਾਂ ਰੱਖਿਆ ਜਾ ਰਿਹਾ ਹੈ ਉਹ ਹੈ ‘ਸਿੰਘ’। ਇਹ ਸ਼ਬਦ 2019 ਦੇ ਵਿਚ ਰੱਖੇ ਗਏ ਨਾਵਾਂ ਦੇ ਵਿਚ ਸਭ ਤੋਂ ਉਪਰ ਆਇਆ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਇਥੇ ਸਿੱਖਾਂ ਦੀ ਆਬਾਦੀ ਵੀ ਵਧ ਰਹੀ ਹੈ ਅਤੇ ਸਿੱਖ ਅਜੇ ‘ਸਿੰਘ’ ਸ਼ਬਦ ਨੂੰ ਆਪਣਾ ਅਨਿੱਖੜਵਾਂ ਅੰਗ ਮੰਨ ਰਹੇ ਹਨ ਜੋ ਕਿ ਖੁਸ਼ੀ ਦੀ ਗੱਲ ਹੈ। ਇਹ ਨਾਂਵਾ ਵਾਲੇ ਭਾਵੇਂ ਅੱਗੇ ਜਾ ਕਿ ਦਸਤਾਰਾਂ ਸਜਾਉਣ ਜਾਂ ਨਾ ਸਜਾਉਣ ਪਰ ਨਾਂਅ ਹਰ ਥਾਂ ‘ਸਿੰਘ’ ਵਜੋਂ ਵਰਤਿਆ ਜਾਂਦਾ ਰਹੇਗਾ ਅਤੇ ਇਹ ਸਿੱਖਾਂ ਦੀ ਪਹਿਚਾਣ ਬਰਕਰਾਰ ਰੱਖੇਗਾ। ਦੂਜਾ ਜੋ ਨਾਂਅ ਸਭ ਤੋਂ ਜਿਆਦਾ ਰੱਖਿਆ ਗਿਆ ਉਹ ਹੈ ‘ਸਮਿੱਥ’। ਤੀਜੇ ਨੰਬਰ ਉਤੇ ਸਿੱਖ ਬੀਬੀਆਂ ਦੇ ਲਈ ਆਮ ਤੌਰ ‘ਤੇ ਵਰਤਿਆ ਜਾਣਾ ਵਾਲਾ ਸ਼ਬਦ ‘ਕੌਰ’ ਆਇਆ ਹੈ। ਰਜਿਸਟਾਰ ਜਨਮ ਅਤੇ ਮੌਤ ਦਾ ਕਹਿਣਾ ਹੈ ਕਿ ‘ਸਿੰਘ’ ਸ਼ਬਦ ਪ੍ਰਵਾਸੀ ਦੀ ਗਤੀ ਨੂੰ ਵਿਖਾਉਂਦਾ ਹੈ। ਭਾਰਤੀ ਲੋਕ ਨਾਗਰਿਕਤਾ ਹਾਸਿਲ ਕਰਨ ਦੇ ਵਿਚ ਵੀ ਮੋਹਰੀ ਬਣੇ ਹੋਏ ਹਨ। ਦੇਸ਼ ਦੇ ਦੱਖਣੀ ਟਾਪੂ ਦੇ ਵਿਚ ਸਿੱਖਾਂ ਦੀ ਆਬਾਦੀ ਭਾਵੇਂ ਘੱਟ ਹੈ ਪਰ ਫਿਰ ਵੀ ‘ਸਿੰਘ’ ਅਤੇ ‘ਕੌਰ’ ਨੂੰ ਪੰਜਵਾਂ ਅਤੇ ਛੇਵਾਂ ਸਥਾਨ ਹਾਸਿਲ ਹੋਇਆ ਹੈ।
ਅੱਜ ਇਸ ਖਬਰ ਤੋਂ ਬਾਅਦ ਇਕ ਸਮਾਗਮ ਉਤੇ ਚਰਚਾ ਚੱਲੀ ਕਿ ਨਿਊਜ਼ੀਲੈਂਡ ਦੇ ਵਿਚ ‘ਸਿੰਘ’ ਅਤੇ ‘ਕੌਰ’ ਸ਼ਬਦ ਭਾਂਵੇ ਨਵੇਂ ਜੰਮੇ ਬੱਚਿਆਂ ਦੇ ਲਈ ਰੱਖੇ ਜਾ ਰਹੇ ਹਨ ਪਰ ਬੱਚਿਆਂ ਦੇ ਮਾਪਿਆਂ ਦੇ ਸਿਰਾਂ ‘ਤੇ ਦਸਤਾਰਾਂ ਅਤੇ ਚੁੰਨੀਆਂ ਦੀ ਗਿਣਤੀ ਘਟ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿਚ ਬੱਚਿਆਂ ਨੇ ਮਾਪਿਆਂ ਦੀ ਹੀ ਸਿਖਿਆ ਅਤੇ ਦਿੱਖ ਉਤੇ ਚੱਲਣਾ ਹੈ। ਇਨ੍ਹਾਂ ਚਿੰਤਕਾਂ ਨੇ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਮਾਪੇ ਦਸਤਾਰਾਂ ਸਜਾਉਂਦੇ ਹੋਣਗੇ ਤਾਂ ਦਸਤਾਰ ਕੈਂਪਾਂ ਦੀ ਜਰੂਰਤ ਨਹੀਂ ਰਹੇਗੀ। ਪਰ ਫਿਰ ਵੀ ਨਾਂਅ ਰੱਖਣ ਦੀ ਇਸ ਪ੍ਰਵਿਰਤੀ ਉਤੇ ਤਸੱਲੀ ਪ੍ਰਗਟ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਨਾਂਅ ਇਸੇ ਤਰ੍ਹਾਂ ਰੱਖਣੇ ਚਾਹੀਦੇ ਹਨ ਤਾਂ ਕਿ ਆਪਣੀ ਪਹਿਚਾਣ ਬਰਕਰਾਰ ਰੱਖੀਏ।

Real Estate