ਜ਼ੁਲਮ ਅਤੇ ਜ਼ਾਲਮ ਦੇ ਖਿਲਾਫ ਲੜਨ ਦੀ ਗੁੜ੍ਹਤੀ ਦਿਤੀ ਦਸ਼ਮੇਸ਼ ਪਿਤਾ ਨੇ- ਅਨੁਰਾਗ
ਕਪੂਰਥਲਾ, 26 ਦਸੰਬਰ (ਕੌੜਾ)- ਮਾਤਾ ਗੁਜ਼ਰ ਕੌਰ ਅਤੇ ਸ਼ਾਹਿਬਜਾਦਿਆਂ ਦੀਆਂ ਲਸਾਨੀ ਸ਼ਹਾਦਤਾਂ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈੜਾ ਦੋਨਾ ਵਿੱਖੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਹਰ ਸਾਲ ਵਾਂਗ ਪਾਠ ਅਤੇ ਭੋਗ ਪਏ ਗਏ । ਪ੍ਰਿੰਸੀਪਲ ਅਨੁਰਾਗ ਭੱਲਾ ਨੇ ਕਿਹਾ ਕਿ ਜ਼ੁਲਮ ਅਤੇ ਜ਼ਾਲਮ ਦੇ ਖਿਲਾਫ ਜੋ ਦਸ਼ਮੇਸ਼ ਪਿਤਾ ਨੇ ਜੰਗ ਸ਼ੁਰੂ ਕੀਤੀ ਸੀ , ਨੂੰ ਜਿੱਤਣ ਲਈ ਆਪਣੇ ਮਾਤਾ ਪਿਤਾ ਸਮੇਤ ਚਾਰ ਸਾਹਿਬਜਾਦਿਆਂ ਨੂੰ ਸੱਚ ਉਤੋਂ ਵਾਰ ਕੇ ਵਿਸ਼ਵ ਨੂੰ ਵੱਡੀ ਸੇਧ ਦਿੱਤੀ ਅਤੇ ਸਾਹਿਬਜਾਦਿਆਂ ਦੀ ਕੁਰਬਾਨੀ ਅੱਜ ਸਾਡੇ ਬੱਚਿਆਂ ਲਈ ਵੱਡੀ ਆਦਰਸ਼ ਸਾਬਿਤ ਹੋ ਰਹੀ ਹੈ । ਪੰਥਕ ਕਵੀ ਅਜੀਤ ਸਿੰਘ ਫਤਿਹਪੁਰੀ ਜਦੋਂ ਸਾਹਿਬਜਾਦਿਆਂ ਦੀ ਕੁਰਬਾਨੀ ਦਾ ਇਤਿਹਾਸ ਬਹੁਤ ਹੀ ਭਾਵੁਕਤਾ ਨਾਲ ਕਵਿਤਾ ਰਾਹੀਂ ਪੇਸ਼ ਕੀਤਾ ਤਾਂ ਸਮੂਹ ਸੰਗਤ ਨੇ ਆਪਣੀਆਂ ਨਮ ਅੱਖਾਂ ਨਾਲ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ । ਕਥਾ ਵਾਚਕ ਭਾਈ ਗੁਰਚੇਤਨ ਸਿੰਘ ਨੇ ਸੰਸਥਾ ਵਲੋਂ ਸਾਹਿਬਜਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਰੱਖੇ ਗਏ ਸਮਾਗਮਾ ਬਾਰੇ ਕਿਹਾ ਕਿ ਸ਼ਹਾਦਤਾਂ ਦੀ ਕਦਰ ਕਰਨ ਵਾਲੇ ਹੀ ਅਜਿਹੇ ਆਦਰਸ਼ ਫੈਸਲੇ ਕਰਦੇ ਹਨ । ਉਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲ ਜਾਂਦੀਆਂ ਹਨ ਉਹ ਕਦੇ ਗੁਲਾਮ ਹੋ ਜਾਂਦੀਆਂ ਹਨ । ਉਨਾਂ ਕਿਹਾ ਕਿ ਸਰਬੰਸ ਦਾਨੀ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਨੇ ਵਿਸ਼ਵ ਨੂੰ ਅਜਿਹੇ ਖਾਲਸੇ ਦੀ ਸਿਰਜਣਾ ਕਰਕੇ ਦਿੱਤੀ ਹੈ ਜੋ ਉੱਚੇ ਸੁੱਚੇ ਕਿਰਦਾਰ ਸਦਕਾ ਨਾ ਜ਼ੁਲਮ ਕਰਦਾ ਹੈ ਅਤੇ ਨਾ ਹੀ ਸਹੁਣ ਕਰ ਸਕਦਾ ਹੈ । ਉਨਾਂ ਕਿਹਾ ਕਿ ਸਰਹਿੰਦ ਦੀਆਂ ਨੀਹਾਂ ਬੱਚਿਆਂ ਦੇ ਚਿਣੇ ਜਾਣ ਨਾਲ ਭਾਂਵੇ ਸੂਬਾ ਸਰਹਿੰਦ ਆਪਣਾ ਵੱਡਾ ਹਾਸਿਲ ਸਮਝਦਾ ਸੀ ਪਰ ਦਰਅਸਲ ਸਿੱਖੀ ਦੇ ਮਹੱਲਾਂ ਦੀਆਂ ਨੀਹਾਂ ਨੂੰ ਵੱਡੀ ਮਜ਼ਬੂਤੀ ਮਿਲੀ ਸੀ ।ਇਸ ਮੌਕੇ ਸਕੂਲ ਮੈਨਜ਼ਮੈਂਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਖੈੜਾ , ਸਰਪੰਚ ਤੇਜਵਿੰਦਰ ਸਿੰਘ ਸਾਹਬੀ , ਇਨਸਪੈਕਟਰ ਬਲਵਿੰਦਰ ਸਿੰਘ ਖੈੜਾ , ਏਐਸ ਆਈ ਅਵਤਾਰ ਸਿੰਘ , ਮੈਂਬਰ ਪੰਚਾਇਤ ਸੰਦੀਪ ਸ਼ਰਮਾਂ ,ਸੀਨੀਅਰ ਲੈਕਚਰਾਰ ਰੌਸ਼ਨ ਖੈੜਾ ਸਟੇਟ ਐਵਾਰਡੀ , ਲੈਕਚਰਾਰ ਨਰੇਸ਼ ਸਾਵਲ ਪੱਵਿਤਰ ਉੱਪਲ , ਮਨਜੀਤ ਥਿੰਦ , ਸਤਵੰਤ ਕੌਰ , ਸੰਧਿਆ ਸ਼ਰਮਾਂ , ਗੁਰਦੇਵ ਕੌਰ , ਜਸਵੀਰ ਕੌਰ , ਪਰਮਜੀਤ ਸਿੰਘ ਡੀ ਪੀ ਈ , ਜਸਵੀਰ ਨਾਹਰ , ਅਰੁਣਦੀਪ ਸਿੰਘ ਮੋਮੀ , ਪਰਵਿੰਦਰ ਕੌਰ , ਪ੍ਰੀਤੀ ਕਪੂਰ , ਰਾਜਵੰਤ ਕੌਰ ਆਦਿ ਨੇ ਇਨਾ ਸਮਾਗਮਾ ਨੂੰ ਸਫਲ ਬਨਾਉਣ ਲਈ ਤਨੋ , ਮਨੋ ਅਤੇ ਧਨੋ ਸਹਿਯੋਗ ਦਿੱਤਾ । ਗੁਰੂ ਮਰਿਯਾਦਾ ਅਨੁਸਾਰ ਸਭ ਲਈ ਲੰਗਰ ਵੀ ਅਤੁੱਟ ਵਰਤਾਏ ਗਏ ।