ਸਹਿਕਾਰੀ ਬੈਂਕ ਲਈ ਹਾਕਮ ਧਿਰ ਤੇ ਨਾਮਜਦਗੀ ਕਾਗਜ ਨਾ ਭਰਨ ਦੇਣ ਦਾ ਦੋਸ਼

704

ਬਠਿੰਡਾ/ 24 ਦਸੰਬਰ/ ਬਲਵਿੰਦਰ ਸਿੰਘ ਭੁੱਲਰ
ਸਹਿਕਾਰੀ ਬੈਂਕ ਬਠਿੰਡਾ ਦੀ ਮੈਨੇਜਮੈਂਟ ਤੇ ਕਬਜਾ ਜਮਾਉਣ ਦੇ ਯਤਨ ਵਜੋਂ ਹਾਕਮ ਧਿਰ ਨੇ ਸਰਕਾਰੀ ਮਸ਼ੀਨਰੀ ਦੀ ਮੱਦਦ ਨਾਲ ਵਿਰੋਧੀ ਧਿਰ ਨੂੰ ਨਾਮਜਦਗੀ ਕਾਗਜ ਦਾਖ਼ਲ ਨਹੀਂ ਕਰਨ ਦਿੱਤੇ। ਇਹ ਦੋਸ਼ ਲਾਉਂਦਿਆਂ ਬੈਂਕ ਦੇ ਸਾਬਕਾ
ਮੈਨੇਜਿੰਗ ਡਾਇਰੈਕਟਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਗੁਰਪ੍ਰੀਤ ਸਿੰਘ ਮਲੂਕਾ ਨੇ ਇਨਸਾਫ ਲਈ ਹਾਈਕੋਰਟ ਦੇ ਦਰ ਤੇ ਦਸਤਕ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਦੱਸਿਆ ਕਿ ਬੀਤੇ ਕੱਲ੍ਹ ਚੋਣ ਅਮਲ ਵਿੱਚ ਭਾਗ ਲੈਣ ਲਈ ਉਹਨਾਂ ਦੇ ਸਮਰਥਕਾਂ ਨੇ ਸਹਿਕਾਰੀ ਸੁਸਾਇਟੀਆਂ ਦੇ ਜੋ ਮਤੇ ਬੈਂਕ ਦੇ ਹੈ¤ਡਕੁਆਟਰ ਵਿਖੇ ਜਮਾਂ ਕਰਵਾਏ ਸਨ, ਉਹਨਾਂ ਨੂੰ ਖੁਰਦ ਬਰੁਦ ਕਰ ਦਿੱਤਾ। ਅੱਜ ਜਦ ਅਕਾਲੀ ਦਲ ਦੇ ਉਮੀਦਵਾਰ ਆਪਣੇ ਨਾਮਜਦਗੀ ਪਰਚੇ ਦਾਖ਼ਲ ਕਰਵਾਉਣ ਲਈ ਆਏ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ, ਕਿ ਭਾਰੀ ਪੁਲਿਸ ਫੋਰਸ ਨੂੰ ਬੈਂਕ ਦੇ ਕੇਂਦਰੀ ਦਫ਼ਤਰ ਦੀ ਜਬਰਦਸਤ ਨਾਕਾਬੰਦੀ ਕੀਤੀ ਹੋਈ ਸੀ। ਮਲੂਕਾ ਦੇ ਦੋਸ਼ ਅਨੁਸਾਰ ਜਿਉਂ ਹੀ ਅਕਾਲੀ ਉਮੀਦਵਾਰਾਂ ਨੇ ਬੈਂਕ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਇੇੱਕ ਐੱਸ ਪੀ ਦੀ ਅਗਵਾਈ ਹੇਠਲੀ ਪੁਲਿਸ ਨੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜਤ ਨਾ ਦਿੱਤੀ। ਨਤੀਜੇ ਵਜੋਂ ਉਹ ਆਪਣੇ ਕਾਗਜ ਦਾਖ਼ਲ ਨਹੀਂ ਕਰ ਸਕੇ। ਇਸ ਵਰਤਾਰੇ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਮਲੂਕਾ ਨੇ ਕਿਹਾ ਕਿ ਉਹ ਇਨਸਾਫ ਦੀ ਪ੍ਰਾਪਤੀ ਲਈ ਹਾਈਕੋਰਟ ਵਿਖੇ ਪਟੀਸਨ ਦਾਇਰ ਕਰਨਗੇ। ਮਲੂਕਾ ਨੇ ਖਦਸ਼ਾ ਪ੍ਰਗਟ ਕੀਤਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਹਾਕਮ ਧਿਰ ਡਿਫਾਲਟਰ ਸੁਸਾਇਟੀਆਂ ਨਾਲ ਸਬੰਧਤ ਕਾਂਗਰਸੀ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਚੁਣੇ ਕਰਾਰ ਦੇਣ ਲਈ ਯਤਨਸ਼ੀਲ ਹੈ, ਜੋ ਬੈਂਕ ਲਈ ਨੁਕਸਾਨਦੇਹ ਸਾਬਤ ਹੋਵੇਗਾ। ਜਦ ਉਹਨਾਂ ਨੂੰ ਇਹ ਸੁਆਲ ਕੀਤਾ ਕਿ ਜਿਹਨਾਂ ਪੁਲਿਸ ਤੇ ਸਿਵਲ ਅਫ਼ਸਰਾਂ ਦੀ ਦੁਰਵਰਤੋਂ ਆਪਣੀ ਹਕੂਮਤ ਵੇਲੇ ਅਕਾਲੀ ਦਲ ਵੱਲੋਂ ਕੀਤੀ ਜਾਂਦੀ ਸੀ, ਕਿਉਂਕਿ ਵੱਖ ਵੱਖ ਜਿਲ੍ਹਿਆਂ ਵਿੱਚ ਹੁਣ ਵੀ ਉਹੋ ਹੀ ਅਫ਼ਸਰ ਤਾਇਨਾਤ ਹਨ, ਇਸਦਾ ਇਹ ਮਤਲਬ ਤਾਂ ਨਹੀਂ ਕਿ ਦੋਵਾਂ ਧਿਰਾਂ ਨੂੰ ਪ੍ਰਸਾਸਨਿਕ ਮਸ਼ੀਨਰੀ ਦਾ ਰਾਜਸੀਕਰਨ ਕਰਕੇ ਰੱਖ ਦਿੱਤਾ ਹੈ, ਤਾਂ ਉਹਨਾਂ ਦਾ ਉੱਤਰ ਸੀ ਕਿ ਸਮਝ ਨਹੀਂ ਆਉਂਦੀ ਐੱਸ ਪੀ ਐੱਚ ਹੁੰਦਿਆਂ ਜਿਸ ਪੁਲਿਸ ਅਫ਼ਸਰ ਦੀ ਛਵੀਂ ਇਮਾਨਦਾਰ ਅਤੇ ਨਿਰਪੱਖ ਅਫ਼ਸਰ ਵਾਲੀ ਹੁੰਦੀ ਸੀ, ਐੱਸ ਐੱਸ ਪੀ ਲਗਦਿਆਂ ਹੀ ਉਸਦੀ ਕਾਰਜ ਪ੍ਰਣਾਲੀ ਵਿੱਚ ਕਥਿਤ ਵਿਗਾੜ ਕਿਵੇਂ ਆ ਗਿਆ। ਇਸ ਮੌਕੇ ਅਕਾਲੀ ਉਮੀਦਵਾਰਾਂ ਤੋਂ ਇਲਾਵਾ ਇਸ ਬੈਂਕ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਬਰਾੜ ਵੀ ਮੌਜੂਦ ਸਨ।

Real Estate