ਬਠਿੰਡਾ ਏਮਜ਼ ਦੀ ਓ ਪੀ ਡੀ ਸੇਵਾ ਸੁ਼ਰੂ

726

ਬਠਿੰਡਾ/ 23 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਦੇਸ ਦੇ ਹਰ ਆਮ ਨਾਗਰਿਕ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਕੇਂਦਰ ਸਰਕਾਰ ਦੀ ਪਰਮ ਅਗੇਤ ਹੈ। 925 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਏਮਜ਼ ਦੀ ਓ ਪੀ ਡੀ ਸੇਵਾ ਦਾ ਉਦਘਾਟਨ ਕਰਨ ਉਪਰੰਤ ਇਹ ਦਾਅਵਾ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕੀਤਾ। ਜਿਕਰਯੋਗ ਹੈ ਕਿ ਪੰਜਾਬ ਵਿੱਚ ਸਥਾਪਤ ਹੋਣ ਵਾਲੇ ਇੱਕੋ ਇੱਕ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਸਾਇੰਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨਵੰਬਰ 2016 ਵਿੱਚ ਰੱਖਿਆ ਸੀ। ਇਸ ਇੰਸਟੀਚਿਊਟ ਲਈ ਜਮੀਨ ਪੰਜਾਬ ਸਰਕਾਰ ਨੇ ਮੁਹੱਈਆ ਕਰਵਾਈ ਹੈ, ਜਦ ਕਿ ਬਾਕੀ ਸਾਰਾ ਖ਼ਰਚ ਕੇਂਦਰ ਸਰਕਾਰ ਦੇ ਜਿੰਮੇ ਹੈ। ਭਾਵੇਂ ਇਸਦੇ ਮੁਕੰਮਲ ਹੋਣ ਦੀ ਸਮਾਂ ਸੀਮਾ ਸਾਲ 2020 ਹੈ, ਲੇਕਿਨ ਐਮ ਬੀ ਬੀ ਐ¤ਸ ਦੀ ਪੜ੍ਹਾਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਪਹਿਲਾਂ ਹੀ ਸੁਰੂ ਹੋ ਚੁੱਕੀ ਹੈ।
ਆਪਣੇ ਸੰਬੋਧਨ ਰਾਹੀਂ ਡਾ: ਹਰਸ਼ਵਰਧਨ ਨੇ ਦੱਸਿਆ ਕਿ ਸੁਰੂ ਸੁਰੂ ਵਿੱਚ ਦੇਸ ਦੇ ਵੱਖ ਵੱਖ ਹਿੱਸਿਆਂ ਵਿੱਚ ਛੇ ਨਵੇਂ ਏਮਜ਼ ਖੋਹਲਣ ਦਾ ਫੈਸਲਾ ਵਾਜਪਾਈ ਸਰਕਾਰ ਨੇ ਕੀਤਾ ਸੀ, ਲੇਕਿਨ ਪ੍ਰਧਾਨ ਮੰਤਰੀ ਬਣਨ ਤੇ ਇਹ ਮਹਿਸੂਸ ਕਰਦਿਆਂ ਕਿ ਭਾਰਤ ਦੇ ਆਮ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ, ਮੋਦੀ ਸਰਕਾਰ ਨੇ ਇਸ ਗਿਣਤੀ ਨੂੰ ਵਧਾਉਂਦਿਆਂ 22 ਕਰ ਦਿੱਤੀ। ਇੱਥੇ ਹੀ ਬੱਸ ਨਹੀਂ ਸਗੋਂ ਪਿਛਲੇ ਪੰਜ ਸਾਲਾਂ ਦੌਰਾਨ ਵੱਖ ਵੱਖ ਸੂਬਿਆਂ ਲਈ 157 ਮੈਡੀਕਲ ਕਾਲਜ ਖੋਹਲਣ ਦਾ ਫੈਸਲਾ ਵੀ ਲਿਆ ਜਾ ਚੁੱਕਾ ਹੈ। ਜਿਹਨਾਂ ਚੋਂ ਮੁਹਾਲੀ ਅਤੇ ਕਪੂਰਥਲਾ ਪੰਜਾਬ ਨਾਲ ਸਬੰਧਤ ਹਨ, ਜਦ ਕਿ ਹੁਸਿਆਰਪੁਰ ਵਿਖੇ ਵੀ ਅਜਿਹਾ ਹੀ ਮੈਡੀਕਲ ਕਾਲਜ ਖੋਹਲਣ ਦੀ ਜੋ ਤਜਵੀਜ ਪੰਜਾਬ ਸਰਕਾਰ ਨੇ ਭੇਜੀ ਹੈ, ਉਸਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਡਾ: ਹਰਸ਼ਵਰਧਨ ਅਨੁਸਾਰ ਫਿਰੋਜਪੁਰ ਵਿਖੇ ਵੀ ਪੀ ਜੀ ਆਈ ਦਾ ਸੈਟੇਲਾਈਟ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਨੇ ਜਮੀਨ ਮੁਹੱਈਆ ਕਰਵਾ ਦਿੱਤੀ ਹੈ। ਉਹਨਾਂ ਦੱਸਿਆ ਕਿ ਵਿਸਵ ਸਿਹਤ ਸੰਸਥਾ ਵੱਲੋਂ ਹੈਲਥ ਫਾਰ ਆਲ ਲਈ 2030 ਤੱਕ ਦਾ ਟੀਚਾ ਮਿਥਿਆ ਗਿਆ ਹੈ, ਲੇਕਿਨ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਇਸਨੂੰ 2025 ਤੱਕ ਹੀ ਮੁਕੰਮਲ ਕਰਨ ਦਾ ਅਹਿਦ ਕੀਤਾ ਹੋਇਆ ਹੈ। ਆਯੂਸ਼ਮਾਨ ਯੋਜਨਾ ਵੀ ਇਸਦਾ ਹੀ ਹਿੱਸਾ ਹੈ ਜੋ ਭਾਰਤ ਦੀ ਅਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕਾਰਗਾਰ ਸਾਬਤ ਹੋ ਰਿਹਾ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਜਿੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਡਾ: ਹਰਸ਼ਵਰਧਨ ਨੂੰ ਧੰਨਵਾਦ ਦਿੰਦਿਆਂ ਮਰਹੂਮ ਕੇਂਦਰੀ ਵਜ਼ੀਰ ਸ੍ਰੀ ਅਰੁਣ ਜੇਤਲੀ ਨੂੰ ਵੀ ਉਚੇਚੇ ਤੌਰ ਤੇ ਯਾਦ ਕੀਤਾ ਜਿਹਨਾਂ ਨੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ 2014 ਦੇ ਆਪਣੇ ਪਲੇਠੇ ਬੱਜਟ ਵਿੱਚ ਏਮਜ਼ ਬਠਿੰਡਾ ਲਈ ਲੋੜੀਂਦੀ ਰਕਮ ਪ੍ਰਵਾਨ ਕਰਵਾਈ ਸੀ।
ਸਮਾਗਮ ਨੂੰ ਸੰਬੋਧਨ ਹੁੰਦਿਆਂ ਪੰਜਾਬ ਦੇ ਮੈਡੀਕਲ ਐਜੂਕੇਸਨ ਐਂਡ ਰਿਸਰਚ ਮੰਤਰੀ ਓ ਪੀ ਸੋਨੀ ਨੇ ਇਸ ਪ੍ਰੋਜੈਕਟ ਲਈ ਕੇਂਦਰ ਸਰਕਾਰ ਵੱਲੋਂ ਦਿਖਾਈ ਦਰਿਆਦਿਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਕੇਂਦਰੀ ਯੋਜਨਾਵਾਂ ਦੀ ਸਫ਼ਲਤਾ ਲਈ ਜਿਵੇਂ ਪਹਿਲਾਂ ਹਰ ਤਰ੍ਹਾਂ ਸਹਿਯੋਗ ਕਰਦੀ ਆ ਰਹੀ ਹੈ, ਭਵਿੱਖ ਵਿਚ ਵੀ ਕਰੇਗੀ। ਉਹਨਾਂ ਨੇ ਡਾ: ਹਰਸ਼ਵਰਧਨ ਨੂੰ ਅਪੀਲ ਕੀਤੀ ਕਿ ਉਹ ਪੈਡਿੰਗ ਪੰਜਾਬ ਦੀਆਂ ਤਜਵੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਪ੍ਰਵਾਨਗੀ ਦੇਣ। ਇਸ ਸਮਾਗਮ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਪੀ ਜੀ ਆਈ ਦੇ ਡਾਇਰੈਕਟਰ ਪ੍ਰੋ: ਜਗਤ ਰਾਮ ਨੇ ਵੀ ਸੰਬੋਧਨ ਕੀਤਾ।

Real Estate