ਮੈਨੂੰ ਤਾਂ ਅਜੇ ਪੈਂਤੀ ਵੀ ਨਹੀਂ ਆਈ……

4760

                    ਕੁਲਦੀਪ ਸਿੰਘ ਘੁਮਾਣ

ਕਿਸੇ ਸ਼ੋਹਰਤ ਲਈ ਨਹੀਂ, ਮੈਂ ਮਨ ਦੇ ਸਕੂਨ ਲਈ ਲਿਖਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ ਵੀ ਨਹੀਂ ਆਈ, ਮੈਂ ਤਾਂ ਹਰ ਰੋਜ਼ ਸਿੱਖਦਾ ਹਾਂ।

ਇਨਸਾਨੀਅਤ ਤੋਂ ਪਰੇ, ਮਜ਼੍ਹਬਾਂ ਦੇ ਜੰਗਲ ਵਿੱਚ ਇੱਕ ਮੰਡੀ ਲੱਗਦੀ ਹੈ।
ਅਸੀਂ ਵਿਕਾਊ ਨਹੀਂ, ਅਸੀਂ ਐਲਾਨ ਕਰਦੇ ਹਾਂ ਹਰ ਰੋਜ਼ ਹੀ ਭਾਵੇਂ।
ਦਾਨਿਸ਼ਮੰਦ ਅਕਸਰ ਹੀ ਦੱਸਦੇ ਨੇ, ਮੈਂ ਤਾਂ ਇੱਕ ਵੋਟ ਸਾਂ,ਹਰ ਰੋਜ਼ ਵਿਕਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ…….।

ਕੌਣ ਪੁੱਛਦਾ ਕਦੇ, ਕਿਸੇ ਦੀਆਂ ਹਸਰਤਾਂ ਦੀ ਕੀਮਤ ਕੀ ਹੁੰਦੀ ਹੈ।
ਇੱਕ ਜ਼ਖ਼ਮੀ ਦਿਲ ਹੈ ਮੇਰੇ ਕੋਲ ਤਾਂ ਸਿਰਫ, ਪਲ ਪਲ ਦਹਿਲਦਾ ਹੈ ਜੋ।
ਇੱਕ ਜ਼ਖ਼ਮ ਨਹੀਂ, ਹੁਣ ਤਾਂ ਨਾਸੂਰ ਹਾਂ ਮੈਂ , ਜੋ ਹਰ ਘੜੀ ਤੇ ਛਿਨ ਰਿਸਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ……..।

ਇੱਕ ਰੋਟੀ ਤੇ ਢਿੱਡ ਦੀ ਭੁੱਖ ਖਾਤਰ ਜਾਂ ਸਿਰਫ਼ ਹਵਸ ਦੀ ਪੂਰਤੀ ਲਈ।
ਮੇਰੇ ਵਤਨ ਦੀ ਮਿੱਟੀ ਵਿੱਚ ਨਿੱਤ ਅਸਮਤਾਂ ਵਿਕਣ ਇਹ ਹੁਣ ਰੋਜ਼ ਦੀ ਗੱਲ।
ਕਿੱਥੇ ਅਜ਼ਮਤਾਂ ਗੲੀਆਂ, ਜ਼ਮੀਰਾਂ ਵੀ ਨਿੱਘਰੀਆਂ ਕੰਧਾਂ ਤੋਂ ਪੁੱਛਦਾ ਗਿੱਛਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ……….।

ਉਦਾਸ ਜੰਗਲ ਵਿੱਚ ਇੱਕ ਰੌਸ਼ਨੀ ਦੀ ਕਿਰਨ ਦਿੱਸੇ ਤੇ ਮੈਨੂੰ ਹੌਂਸਲਾ ਦੇਂਦੀ।
ਚਾਨਣ ਕਦੇ ਮਰਿਆ ਨਹੀਂ, ਨਾਂ ਉਮਰ ਭਰ ਰਾਤ ਹੀ ਰਹਿੰਦੀ ਕਦੇ।
ਰੱਖ ਹੌਂਸਲਾ ਝੱਲਿਆ ਮੈਂ ਵਕ਼ਤ ਹਾਂ ਮੈਂ ਠਹਿਰਦਾ ਕਦੋਂ ਨਾ ਉਸਦਾ ਹਾਨਾਇਸਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ………….।

ਕਦੇ ਖ਼ਿਜ਼ਾਂਵਾਂ ,ਕਦੇ ਫਿਜ਼ਾਵਾਂ, ਅੰਤ ਤਾਂ ਹਰ ਰੁੱਤ ਬਦਲ ਜਾਂਦੀ।
ਕੁਦਰਤ ਵੀ ਨਿਯਮਾਂ ਵਿੱਚ ਬੰਨ੍ਹੀ, ਉਸ ਕਰਤਾ, ਕਾਦਰੁ, ਕਰੀਮ।
‘ਘੁਮਾਣਾਂ’ ਫ਼ੌਲਾਦ ਬਣ ਜਾ,ਆ ਮੰਜ਼ਿਲ ‘ਤੇ ਚੱਲੀਏ ਮੈਂ ਨਰਮ ਦਿਲਾਂ ‘ਤੇ ਕਦ ਵਿੱਸਦਾ ਹਾਂ।
ਮੈਨੂੰ ਤਾਂ ਅਜੇ ਪੈਂਤੀ…………….।

Real Estate