ਜਿਨਸ਼ੀ ਸ਼ੋਸਣ ਪੀੜ੍ਹਤ ਮਹਿਲਾ ਡਾਕਟਰ ਮਾਮਲਾ ਇਨਸਾਫ ਅਤੇ ਕਿਸਾਨ ਆਗੂ ਦੀ ਰਿਹਾਈ ਖਾਤਰ ਕਿਸਾਨਾਂ ਵੱਲੋਂ ਧਰਨਾ

855

ਬਠਿੰਡਾ, 20 ਦਸੰਬਰ ( ਬਲਵਿੰਦਰ ਸਿੰਘ ਭੁੱਲਰ ) ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਇੱਕ ਉਚ ਅਧਿਕਾਰੀ ਡਾ: ਸੰਜੇ ਗੁਪਤਾ ਦੁਆਰਾ ਜਿਨਸੀ ਸ਼ੋਸਣ ਤੋਂ ਪੀੜ੍ਹਤ ਮਹਿਲਾ ਡਾਕਟਰ ਦੇ ਬਹੁਚਰਚਿਤ ਮਾਮਲੇ ’ਚ ਪੀੜ੍ਹਤਾ ਲਈ ਇਨਸਾਫ ਸਮੇਤ ਜੇਲ੍ਹ ਡੱਕੇ ਕਿਸਾਨ ਆਗੂ ਰਾਜਿੰਦਰ ਸਿੰਘ ਦੀ ਰਿਹਾਈ ਅਤੇ ਸੰਬਧਿਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਜਿਲ੍ਹਾ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਮੂਹਰੇ ਧਰਨਾ ਦੇਣ ਤੋ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਮਹਿਲਾ ਡਾਕਟਰ ਵੱਲੋਂ ਨਾਮਜ਼ਦ ਜਿਨਸ਼ੀ ਸ਼ੋਸ਼ਣ ਦੇ ਦੋਸ਼ੀ ਡਾਕਟਰ ਸੰਜੇ ਗੁਪਤਾ ਵਿਰੁੱਧ ਮੁਜਰਮਾਨਾ ਕੇਸ ਤੁਰੰਤ ਦਰਜ ਕੀਤਾ ਜਾਵੇ,ਇਸ ਖਾਤਰ ਸੰਘਰਸ਼ਸੀਲ ਜਨਤਕ ਜੱਥੇਬੰਦੀਆਂ ਦੇ ਇੱਕਠ ’ਤੇ 7 ਦਸੰਬਰ ਨੂੰ ਕੀਤੇ ਲਾਠੀਚਾਰਜ/ਅੱਥਰੂ ਗੈਸ ਹਮਲੇ ਮੌਕੇ ਮੜ੍ਹਿਆ ਨਜਾਇਜ ਕੇਸ ਰੱਦ ਕੀਤਾ ਜਾਵੇ ਅਤੇ ਨਜਰਬੰਦ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਤੁਰੰਤ ਰਿਹਾਅ ਕੀਤੀ ਜਾਵੇ, 8 ਦਸੰਬਰ ਨੂੰ ਗ੍ਰਿਫਤਾਰੀ ਵਿਰੁੱਧ ਰੋਸ ਪ੍ਰਗਟਾ ਰਹੀਆਂ 6 ਔਰਤਾਂ ਸਣੇ ਪੀੜ੍ਹਤ ਮਹਿਲਾ ਡਾਕਟਰ ਨੂੰ ਥਾਣੇ ਅੰਦਰ ਲਿਜਾ ਕੇ ਕੁੱਟਮਾਰ ਕਰਨ ਦੇ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪੁਲਿਸ ਵੱਲੋਂ ਧਰਨਾਕਾਰੀਆਂ ਦਾ ਜਬਤ ਕੀਤਾ ਸਾਰਾ ਸਮਾਨ ਵਾਪਸ ਕੀਤਾ ਜਾਵੇ ਅਤੇ ਭੰਨ-ਤੋੜ ਦਾ ਮੁਆਵਜਾ ਦਿੱਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਔਰਤ ਜੱਥੇਬੰਦੀ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਿੰਦਰ ਬਿੰਦੂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਅਤੇ ਪੰਜਾਬ ਸਰਕਾਰ 20 ਅਗਸਤ ਤੋ ਲੈ ਕੇ ਇਸ ਮਸਲੇ ਨੂੰ ਜਾਣ ਬੁੱਝ ਕੇ ਲਮਕਾ ਰਹੇ ਹਨ ਤਾਂ ਕਿ ਕਿਸਾਨਾਂ,ਮਜਦੂਰਾਂ ਦੇ ਜਾਨਲੇਵਾ ਕਰਜਿਆਂ ਤੇ ਖੁਦਕਸ਼ੀਆਂ ਸਮੇਤ ਪਰਾਲੀ,ਅਵਾਰਾ ਪਸ਼ੂਆਂ ਦੇ ਭਖਦੇ ਮਸਲਿਆਂ ਦੇ ਸੰਘਰਸ਼ਾਂ ਤੋਂ ਜੱਥੇਬੰਦੀਆਂ ਦਾ ਧਿਆਨ ਪਾਸੇ ਰਹੇ। ਉਨ੍ਹਾਂ ਕਿਹਾ ਕਿ ਜਿਨਸ਼ੀ ਸ਼ੋਸਣ ਅਤੇ ਬਲਤਾਕਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਰਕਾਰ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਜਾਂ ਦੇਰੀ ਨਾਲ ਕਰਨ ਕਰਕੇ ਦੋਸ਼ੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ ਜਿਸ ਕਰਕੇ ਅਜਿਹੇ ਘਿਨੌਣੇ ਜੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੋਸ਼ੀਆਂ ਨੂੰ ਉੱਚ ਅਸਰ ਰਸੂਖਵਾਨਾਂ ਦੀ ਸਰਪ੍ਰਸਤੀ ਕਾਰਨ ਵੱਧ ਰਹੇ ਅਜਿਹੇ ਅਣਮਨੁੱਖੀ ਕਾਰਿਆਂ ਉੱਤੇ ਡੂੰਘੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੈਦਰਾਬਾਦ ਪੁਲਿਸ ਕਮਿਸ਼ਨਰ ਵੱਲੋਂ ਅਜਿਹੇ ਇੱਕ ਦੋ ਕੇਸਾਂ ’ਚ ਸ਼ਾਮਲ ਆਮ ਲੋਕਾਂ ਨੂੰ ਫਰਜੀ ਪੁਲਿਸ ਮੁਕਾਬਲਿਆਂ ਰਾਹੀਂ ਮਾਰ ਮੁਕਾਉਣ ਰਾਹੀਂ ਆਪਣੇ ਹੋਰ ਵੱਡੇ ਗੁਨਾਹਾਂ ਉੱਤੇ ਪਰਦਾ ਪਾਉਣ ਅਤੇ ਝੂਠੇ ਪੁਲਿਸ ਮੁਕਾਬਲਿਆਂ ਲਈ ਜਨਤਕ-ਮਾਨਤਾ ਹਾਸਲ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਬੁਲਾਰਿਆਂ ਨੇ ਇਨ੍ਹਾਂ ਸਤਾਧਾਰੀ ਸਾਜਿਸ਼ਾਂ ਨੂੰ ਚਕਨਾਚੂਰ ਕਰਕੇ ਅਜਿਹੇ ਘਿਨਾਉਣੇ ਔਰਤ ਵਿਰੋਧੀ ਜੁਰਮਾਂ ਨੂੰ ਪੱਕੀ ਠੱਲ੍ਹ ਪਾਉਣ ਲਈ ਸਮੂਹ ਕਿਰਤੀ/ਕਿਸਾਨਾਂ/ਮਜਦੂਰਾਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦਾ ਹੋਕਾ ਦਿੱਤਾ। ਧਰਨੇ ਨੂੰ ਬਸੰਤ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੂੰਬਾ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮੁਪਰਾ, ਬਲਜੀਤ
ਸਿੰਘ ਪੂਹਲਾ, ਗੁਰਪਾਲ ਸਿੰਘ ਦਿਉਣ, ਅਜੈਪਾਲ ਸਿੰਘ ਘੁੱਦਾ, ਮੋਹਨ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਮਾਲਣ ਕੌਰ ਨੇ ਵੀ ਸੰਬੋਧਨ ਕੀਤਾ।

Real Estate