ਟਰੰਪ ਵਿਰੁੱਧ ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਮਹਾਂਦੋਸ਼ ਪ੍ਰਸਤਾਵ ਪਾਸ

ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਪ੍ਰਸਤਾਵ ਪਾਸ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸੱਤਾ ਦੀ ਦੁਰਵਰਤੋਂ ਲਈ ਮਹਾਂਦੋਸ਼ ਦਾ ਪ੍ਰਸਤਾਵ ਦੇਸ਼ ਦੇ ਹੇਠਲੇ ਸਦਨ ਵਿੱਚ 197 ਦੇ ਮੁਕਾਬਲੇ 229 ਵੋਟਾਂ ਨਾਲ ਪਾਸ ਹੋ ਗਿਆ ਹੈ। ਹੁਣ ਡੋਨਾਲਡ ਟਰੰਪ ਅਗਲੇ ਮਹੀਨੇ ਸੈਨੇਟ ’ਚ ਸੁਣਵਾਈ ਦਾ ਸਾਹਮਣਾ ਕਰ ਸਕਦੇ ਹਨ। ਅਮਰੀਕਾ ਦੀ ਹਾਊਸ ਆੱਫ਼ ਜੁਡੀਸ਼ੀਅਰੀ ਨੇ ਦੱਸਿਆ ਕਿ ਹਾਊਸ ਆੱਫ਼ ਰੀਪ੍ਰੈਜ਼ੈਂਟੇਟਿਵ ਨੇ ਸੰਯੁਕਤ ਰਾਜ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਮਹਾਂਦੋਸ਼ ਲਾਉਣ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ। ਦੋਸ਼ ਹੈ ਕਿ ਉਨ੍ਹਾਂ ਆਪਣੇ ਸੌੜੇ ਹਿਤਾਂ ਲਈ ਸੱਤਾ ਦੀ ਦੁਰਵਰਤੋਂ ਕੀਤੀ ਹੈ।
ਅਮਰੀਕਾ ’ਚ ਪ੍ਰਤੀਨਿਧ ਸਦਨ ਨੂੰ ਬਿਲਕੁਲ ਉਵੇਂ ਹੀ ਹੇਠਲਾ ਸਦਨ ਵੀ ਆਖਿਆ ਜਾਂਦਾ ਹੈ; ਜਿਵੇਂ ਕਿ ਭਾਰਤ ਦੀ ਲੋਕ ਸਭਾ ਲਈ ਇਹ ਨਾਂਅ ਵਰਤਿਆ ਜਾਂਦਾ ਹੈ। ਅਮਰੀਕਾ ਦੇ ਹੇਠਲੇ ਸਦਨ ’ਚ ਪ੍ਰਸਤਾਵ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰਲੇ ਸਦਨ ਸੈਨੇਟ ਵਿੱਚ ਸ੍ਰੀ ਟਰੰਪ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
ਸੈਨੇਟ ਵਿੱਚ ਟਰੰਪ ਦੀ ਪਾਰਟੀ ਰੀਪਬਲਿਕਨ ਨੂੰ ਬਹੁਮੱਤ ਹਾਸਲ ਹੈ, ਇੰਝ ਅਮਰੀਕੀ ਰਾਸ਼ਟਰਪਤੀ ਵਿਰੁੱਧ ਇਹ ਮਤਾ ਉੱਪਰਲੇ ਸਦਨ ਵਿੱਚ ਨਾਕਾਮ ਰਹਿ ਸਕਦਾ ਹੈ।ਟਰੰਪ ਉੱਤੇ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦੇ ਮਾਮਲੇ ’ਤੇ ਸੰਸਦ ਦੇ ਹੇਠਲੇ ਸਦਨ ਵਿੱਚ ਬੁੱਧਵਾਰ ਨੂੰ ਲਗਭਗ 10 ਘੰਟਿਆਂ ਤੱਕ ਬਹਿਸ ਚੱਲੀ।

Real Estate