ਜਾਮੀਆ ਤੋਂ ਬਾਅਦ ਮਦਰਾਸ ਯੂਨੀਵਰਸਿਟੀ ’ਚ ਪੁਲਿਸ

735

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਜਾਰੀ ਹਨ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਮੇਤ ਕਈ ਯੂਨੀਵਰਸਿਟੀਜ਼ ’ਚ ਨਾਗਰਿਕਤਾ ਕਾਨੂੰਨ ਵਿਰੁੱਧ ਜ਼ਬਰਦਸਤ ਰੋਹ ਤੇ ਰੋਸ ਵੇਖਣ ਨੂੰ ਮਿਲੇ। ਨਾਗਰਿਕਤਾ ਕਾਨੂੰਨ ਵਿੱਚ ਸੋਧ ਵਿਰੁੱਧ ਮਦਰਾਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇੱਕ ਵਰਗ ਨੇ ਕੱਲ੍ਹ ਲਗਾਤਾਰ ਦੂਜੇ ਦਿਨ ਵੀ ਕੈਂਪਸ ਵਿੱਚ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਪਰ ਉੱਥੇ ਉਸ ਵੇਲੇ ਮਾਹੌਲ ਕੁਝ ਤਣਾਅਪੂਰਨ ਹੋ ਗਿਆ, ਜਦੋਂ ਪੁਲਿਸ ਯੂਨੀਵਰਸਿਟੀ ਕੈਂਪਸ ’ਚ ਦਾਖ਼ਲ ਹੋ ਗਈ। ਮੰਗਲਵਾਰ ਨੂੰ ਪੁਲਿਸ ਜਦੋਂ ਮਦਰਾਸ ਯੂਨੀਵਰਸਿਟੀ ਕੈਂਪਸ ’ਚ ਵੜੀ, ਤਾਂ ਉੱਥੇ ਲਗਭਗ 80 ਵਿਦਿਆਰਥੀ ਜਾਮੀਆ ਮਿਲੀਆ ਯੂਨੀਵਰਸਿਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਹੋਈ ਹਿੰਸਾ ਤੇ ਨਾਗਰਿਕਤਾ ਕਾਨੂੰਨ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ। ਵੱਖੋ–ਵੱਖ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦੀਆਂ ਜੱਥੇਬੰਦੀਆਂ ਨੇ ਵੀਰਵਾਰ ਨੂੰ ਸਮੁੱਚੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।
ਕੈਂਪਸ ’ਚ ਦਾਖ਼ਲ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਦਾਅਵਾ ਹੈ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਨ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਦੋ ਵਿਦਿਆਰਥੀਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ ਨੇ 2 ਜਨਵਰੀ ਤੱਕ ਛੁੱਟੀ ਐਲਾਨ ਦਿੱਤੀ ਹੈ।

Real Estate