ਸੰਤ ਸੀਚੇਵਾਲ ਦੇ ਯਤਨਾਂ ਸਦਕਾ 550 ਏਕੜ ਝੋਨੇ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ

809

ਸੁਲਤਾਨਪੁਰ ਲੋਧੀ,16 ਦਸੰਬਰ(ਕੌੜਾ)-ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਜੰਗ ਲੜ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਇਸ ਵਾਰ 550 ਏਕੜ ਦੇ ਕਰੀਬ ਖੇਤਾਂ ਵਿੱਚੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ ਤੇ ਇੰਨ੍ਹਾਂ ਕਿਸਾਨਾਂ ਦੀ ਪਰਾਲੀ ਇੱਕਠੀ ਕਰਕੇ ਬਾਈਓਮਾਸ ਪਲਾਂਟ ਵਿੱਚ ਭੇਜੀ।ਜਦ ਕਿ ਪਿਛਲੇ ਸਾਲ ੨੬੫ ਏਕੜ ਪਰਾਲੀ ਇੱਕਠੀ ਕੀਤੀ ਗਈ ਸੀ।ਪਰਾਲੀ ਮਸ਼ੀਨ ਇੱਕਠੀ ਕਰਨ ਵਾਲੀ ਮਸ਼ੀਨ ਜਿਹੜੀ ਕਿ ਦਾਨ ਵੱਜੋਂ ਮਿਲੀ ਸੀ ਉਸ ਮਸ਼ੀਨ ਨੂੰ ਸੰਤ ਸੀਚੇਵਾਲ ਜੀ ਨੇ ਕਿਸਾਨਾਂ ਦੀ ਕਮੇਟੀ ਬਣਾ ਕੇ ਇਹ ਮਸ਼ੀਨ ਕਿਸਾਨਾਂ ਦੇ ਹਵਾਲੇ ਕਰ ਦਿੱਤੀ ਸੀ।ਹਰ ਸਾਲ ਕਿਸਾਨਾਂ ਵੱਲੋਂ ਇਸ ਮਸ਼ੀਨ ਨਾਲ ਪਰਾਲੀ ਇੱਕਠੀ ਕਰਕੇ ਬਾਈਓਮਾਸ ਪਲਾਂਟ ਵਿੱਚ ਭੇਜੀ ਜਾਂਦੀ ਹੈ।
ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਸੌ ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਇੱਕਠੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਸੰਤ ਸੀਚੇਵਾਲ ਜੀ ਵੱਲੋਂ ਚਲਾਈ ਮੁਹਿੰਮ ਦੌਰਾਨ ਪਿਛਲੇ ਸਾਲ ਨਾਲੋਂ ਦੁੱਗਣਾ ਟੀਚਾ ਮਿੱਥਿਆ ਗਿਆ ਸੀ ਪਰ ਸੰਤ ਸੀਚੇਵਾਲ ਜੀ ਦੀ ਟੀਮ ਨੇ ਸੇਵਾਦਾਰ ਹਰਪਾਲ ਸਿੰਘ ਦੀ ਅਗਵਾਈ ਵਿੱਚ ਤਨਦੇਹੀ ਨਾਲ ਮਿਹਨਤ ਕਰਦਿਆਂ ਤਾਂ ਦੁੱਗਣੇ ਤੋਂ ਵੀ ਵੱਧ ਪਰਾਲੀ ਇੱਕਠੀ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਇਸ ਸਾਲ ੫੫੦ ਏਕੜ ਜ਼ਮੀਨ ਵਿੱਚੋਂ ਪਰਾਲੀ ਇਕੱਠੀ ਕੀਤੀ ਗਈ ।ਕਿਸਾਨ ਹਰਪਾਲ ਸਿੰਘ ਨੇ ਤਾਂ ਇਸ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਆਪਣੀ ਜ਼ਮੀਨ ਠੇਕੇ ਤੇ ਦੇ ਦਿੱਤੀ ਗਈ ਅਤੇ ਆਪ ਕਿਸਾਨਾਂ ਦੀ ਮਦਦ ਲਈ ਸੰਤ ਸੀਚੇਵਾਲ ਜੀ ਵੱਲੋਂ ਚਲਾਈ ਮੁਹਿੰਮ ਦੀ ਜਿੰਮੇਵਾਰੀ ਪੂਰੀ ਮਿਹਨਤ ਲਗਨ ਤੇ ਭਾਵਨਾ ਨਾਲ ਨਿਭਾਈ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਦੋ ਟਰੈਕਟਰ ਮਸ਼ੀਨਾਂ ਲਈ ਅਤੇ ਨੌ ਟਰੈਕਟਰ ਟਰਾਲੀਆਂ ਵਰਤੀਆਂ ਗਈਆਂ ਸਨ ਅਤੇ ਪੈਂਤੀ ਤੋਂ ਵੱਧ ਨੌਜਵਾਨ ਪਰਾਲੀ ਦੀਆਂ ਗੱਠਾਂ ਟਰਾਲੀ ਵਿੱਚ ਲੋਡ ਕਰਨ ਤੇ ਹੋਰ ਕੰਮਾਂ ਲਈ ਸਹਿਯੋਗ ਕਰਦੇ ਰਹੇ ਹਨ ।ਕਿਸਾਨਾਂ ਕੋਲੋਂ ਪ੍ਰਤੀ ਏਕੜ ਬਹੁਤ ਹੀ ਘੱਟ ਲਾਗਤ ਖਰਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕਿਸਾਨਾਂ ਵਿੱਚ ਵਾਤਾਵਰਨ ਸੰਭਾਲ ਲਈ ਬਹੁਤ ਹੀ ਚੇਤਨਾ ਆ ਰਹੀ ਹੈ। ਕਿਸਾਨਾਂ ਨੇ ਪਰਾਲੀ ਇੱਕਠੀ ਕਰਵਾਉਣ ਲਈ ਆਪਣੀ ਵਾਰੀ ਦੀ ਹਫਤੇ ਤੋਂ ਵੱਧ ਸਮੇਂ ਤੱਕ ਵੀ ਉਡੀਕ ਕੀਤੀ ਹੈ ਪਰ ਪਰਾਲੀ ਨੂੰ ਅੱਗ ਨਹੀਂ ਲਗਾਈ।
ਪਿਛਲੇ ੬ ਸਾਲ ਤੋਂ ਪਰਾਲੀ ਆਪਣੇ ਖੇਤਾਂ ਵਿੱਚ ਹੀ ਮਲਚ ਕਰ ਰਹੇ ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਦੀ ਪ੍ਰੇਰਨਾ ਨਾਲ ਦੋਨੇ ਇਲਾਕੇ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਸੰਭਾਲਣ ਲਈ ਪਹਿਲ ਕਦਮੀ ਕੀਤੀ ਹੈ।ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਨੂੰ ਖੇਤਾਂ ਵਿੱਚ ਵਾਹ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਅਗਲੀ ਫਸਲ ਲਈ ਖਾਦ ਘੱਟ ਪਾਉਣੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਡੇ ਕਿਸਾਨਾਂ ਨੇ ਆਪਣੀ ਮਸ਼ੀਨਰੀ ਲੈ ਆਂਦੀ ਹੈ ਜਦ ਕਿ ਛੋਟੇ ਕਿਸਾਨਾਂ ਦੀ ਸੰਤ ਸੀਚੇਵਾਲ ਜੀ ਨੇ ਬਾਂਹ ਫੜੀ ਹੈ।

Real Estate