2 ਵਿਭਾਗਾਂ ਦੇ ਅਧਿਕਾਰੀਆਂ ਦੇ ਜਾਗਰੂਕ ਹੋਣ ਨਾਲ ਪੰਜਾਬ ਵਿੱਚੋਂ ਖਤਮ ਹੋ ਸਕਦਾ ਹੈ ਪ੍ਰਦੂਸ਼ਣ

ਸੰਤ ਸੀਚੇਵਾਲ ਨੇ ਲੋਕਲ ਬਾਡੀ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਆ ਨਿਸ਼ਾਨੇ ‘ਤੇ
ਸੁਲਤਾਨਪੁਰ ਲੋਧੀ 15 ਦਸੰਬਰ (ਕੌੜਾ)-ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਿਜ਼ਨਲ ਵਾਤਾਵਰਣ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਤ ਹੋ ਰਹੇ ਦਰਿਆਵਾਂ ਅਤੇ ਸ਼ਹਿਰਾਂ ਨੂੰ ਸਾਫ਼ ਸੁਥਰਾ ਕਰਨ ਲਈ ਸੂਬੇ ਦੇ ਦੋ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਲੋਕਲ ਬਾਡੀ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਆਪਣੀਆਂ ਜੁੰਮੇਵਾਰੀਆਂ ਸਹੀ ਢੰਗ ਨਾਲ ਨਿਭਾਈਆਂ ਹੁੰਦੀਆਂ ਤਾਂ ਸੂਬੇ ਦੇ ਨਾ ਤਾਂ ਦਰਿਆ ਗੰਦੇ ਹੁੰਦੇ ਤੇ ਨਾ ਹੀ ਸ਼ਹਿਰਾਂ ਵਿੱਚ ਹਰ ਥਾਂ ਕੂੜਾ ਖਿੱਲਰਿਆ ਹੁੰਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਤੇ ਵੱਡੇ ਕਸਬਿਆਂ ਵਿੱਚ ਖਿੱਲਰਿਆ ਕੂੜਾ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਤੇ ਜ਼ਹਿਰੀਲਾ ਪਾਣੀ ਡਰੇਨਾਂ ਵਿੱਚ ਪਾਉਣ ਲਈ ਲੋਕਲ ਬਾਡੀ ਵਿਭਾਗ ਦੇ ਅਧਿਕਾਰੀ ਸਿੱਧੇ ਤੌਰ ‘ਤੇ ਜੁੰਮੇਵਾਰ ਹਨ ਜਿੰਨ੍ਹਾਂ ਨੇ ਆਪਣੀ ਸੰਵਿਧਾਨਕ ਜੁੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਸ਼ਹਿਰਾਂ ਵਿੱਚ ਅੱਤ ਦਰਜੇ ਦੀ ਗੰਦਗੀ ਫੈਲੀ ਹੋਈ ਹੈ।
ਚੰਡੀਗੜ੍ਹ ਵਿੱਚ ਹੋਈ ਇਸ ਕਾਨਫਰੰਸ ਨੂੰ ਜਦੋਂ ਸੰਬੋਧਨ ਕਰ ਰਹੇ ਸਨ ਤਾਂ ਉਦੋਂ ਉਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਅਦਰਸ਼ ਕੁਮਾਰ ਗੋਇਲ, ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਪ੍ਰੀਤਮਪਾਲ ਅਤੇ ਜਸਟਿਸ ਜਸਵੀਰ ਸਿੰਘ ਸਮੇਤ ਹੋਰ ਬਹੁਤ ਸਾਰੇ ਸੀਨੀਅਰ ਅਧਿਕਾਰੀ ਹਾਜ਼ਰ ਸਨ।ਇਸ ਕਾਨਫਰੰਸ ਵਿੱਚ ਰਾਜਸਥਾਨ,ਹਰਿਆਣਾ,ਪੰਜਾਬ ਤੇ ਚੰਡੀਗੜ੍ਹ ਦੇ ਅਧਿਕਾਰੀ ਤੇ ਮਾਹਿਰ ਹਾਜ਼ਰ ਸਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਪੱਸ਼ਟ ਕੀਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਨਹੀਂ। ਲੋਕ ਪੂਰੀ ਤਰ੍ਹਾਂ ਨਾਲ ਸੁਚੇਤ ਹਨ ।ਸੰਤ ਸੀਚੇਵਾਲ ਨੇ ਸਵਾਲ ਖੜਾ ਕੀਤਾ ਕਿ ਕੀ ਇੰਨ੍ਹਾਂ ਵਿਭਾਗਾਂ ਵਿੱਚ ਆਈਏਐਸ ਅਧਿਕਾਰੀ ਲੱਗਦੇ ਹਨ ਕੀ ਉਨ੍ਹਾਂ ਨੂੰ ਇਹ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਦਰਿਆਵਾਂ ਵਿੱਚ ਪਲੀਤ ਪਾਣੀ ਪਾਉਣਾ ਕਿੰਨ੍ਹਾ ਗੁਨਾਹ ਹੈ? ਲੋਕਲ ਬਾਡੀ ਵਿਭਾਗ ਗੰਦ ਪਾ ਰਹੀ ਹੈ ਤੇ ਪਰਦੂਸ਼ਣ ਕੰਟਰੋਲ ਬੋਰਡ ਨੇ ਰੋਕਣਾ ਸੀ ਪਰ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀ ਜੁੰਮੇਵਾਰੀਆਂ ਨਹੀਂ ਨਿਭਾਈਆਂ।ਉਨ੍ਹਾਂ ਦੀ ਇਸ ਲਾਪ੍ਰਵਾਹੀ ਕਾਰਨ ਹੀ ਲੋਕ ਭਿਆਨਕ ਬੀਮਾਰੀਆਂ ਨਾਲ ਮਰ ਰਹੇ ਹਨ।
ਸੰਤ ਸੀਚੇਵਾਲ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਤੀ ਵਿਆਕਤੀ ਪ੍ਰਤੀ ਦਿਨ ੧੩੫ ਲੀਟਰ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਲਈ ਸਪਲਾਈ ‘ਤੇ ਕੰਟਰੋਲ ਕਰਨਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਲੱਗੇ ਟਰੀਟਮੈਂਟ ਪਲਾਂਟ ਤਾਂ ਹੀ ਠੀਕ ਢੰਗ ਨਾਲ ਚੱਲਣਗੇ ਜਦੋਂ ਪਾਣੀ ਦੀ ਸਪਲਾਈ ਠੀਕ ਹੋਵੇਗੀ।
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਦੀ ੨੦ ਸਾਲਾਂ ਤੋਂ ਹੋਈ ਕਾਰ ਸੇਵਾ ਨਾਲ ਕਿਵੇਂ ਲੋਕਾਂ ਦੀ ਸ਼ਾਮੂਲੀਅਤ ਨਾਲ ਸਾਫ਼ ਕੀਤੀ ਗਈ ਹੈ।ਇਸ ਬਾਰੇ ਦਸਤਾਵੇਜ਼ੀ ਫਿਲਮ ਵੀ ਦਿਖਾਈ ਹੈ ਕਿ ਕਿਵੇਂ ਪਾਣੀ ਦੇ ਕੁਦਰਤੀ ਸਾਧਨਾਂ ਨੂੰ ਪਲੀਤ ਕੀਤਾ ਗਿਆ ਸੀ ਤੇ ਕਿਸੇ ਨੇ ਵੀ ਇਸ ਨੂੰ ਰੋਕਣ ਦਾ ਯਤਨ ਨਹੀਂ ਕੀਤਾ।ਸਾਲ ੨੦੦੦ ਵਿੱਚ ਕੀਤੀ ਗਈ ਕਾਰ ਸੇਵਾ ਨਾਲ ਬਾਬੇ ਨਾਨਕ ਦੀ ਵੇਈਂ ਮੁੜ ਨਿਰਮਲ ਧਾਰਾ ਵਿੱਚ ਵੱਗਣ ਲੱਗ ਪਈ ਹੈ।

Real Estate