ਸ੍ਰੋਮਣੀ ਅਕਾਲੀ ਦਲ ਸੌਵੇਂ ਸਾਲ ਵਿੱਚ ਪ੍ਰਵੇਸ-ਸਥਿਤੀ ਦੁਵਿਧਾ ਵਾਲੀ

1164

ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਨੂੰ ਅਜ਼ਾਦ ਕਰਾਉਣ ਦਾ ਮੁੱਦਾ, ਵਿਰੋਧੀ ਹੋਏ ਇੱਕਮੁੱਠ

ਬਲਵਿੰਦਰ ਸਿੰਘ ਭੁੱਲਰ

ਸ੍ਰੋਮਣੀ ਅਕਾਲੀ ਦਾ ਦਾ ਇਤਿਹਾਸ ਸੌਵੇਂ ਸਾਲ ਵਿੱਚ ਪ੍ਰਵੇਸ ਹੋ ਗਿਆ ਹੈ, ਆਪਣੇ ਇਸ ਸਮੇਂ ਦੌਰਾਨ ਅਕਾਲੀ ਦਲ ਨੇ ਬਹੁਤ ਚੰਗੇ ਮਾੜੇ ਦਿਨ ਵੇਖੇ ਹਨ। ਅਕਾਲੀਆਂ ਨੂੰ ਸੰਘਰਸ ਕਰਨੇ ਪਏ, ਕੁਰਬਾਨੀਆਂ ਕਰਨੀਆਂ ਪਈਆਂ, ਜੇਲ੍ਹਾਂ ਕੱਟਣੀਆਂ ਪਈਆਂ, ਡਾਂਗਾਂ ਵੀ ਖਾਣੀਆਂ ਪਈਆਂ, ਪਰ ਉਸਨੇ ਪੰਜਾਬ ’ਚ ਰਾਜ ਸਤ੍ਹਾ ਵੀ ਭੋਗੀ। ਸੁਰੂ ’ਚ ਸ੍ਰੋਮਣੀ ਅਕਾਲੀ ਦਲ ਦੀ ਨੀਂਹ ਧਾਰਮਿਕ ਅਧਾਰਤ ਤੇ ਰੱਖੀ ਅਤੇ ਉਹਨਾਂ ਹਮੇਸਾਂ ਧਰਮ ਤੇ ਸਿਆਸਤ ਨੂੰ ਰਲਗੱਡ ਕਰਕੇ ਹੀਚਲਾਇਆ। ਅਕਾਲੀ ਦਲ ਨੇ ਹਮੇਸਾਂ ਗੁਰਦੁਆਰਾ ਸਾਹਿਬਾਨਾਂ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਬਣਾਈ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਤ੍ਹਾ ਹਾਸਲ ਕਰਨ ਲਈ ਵਰਤਿਆ। ਦੇਸ਼ ਦੀ ਆਜਾਦੀ ਤੋਂ ਪਹਿਲਾਂ ਸ੍ਰੋਮਣੀਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਤੱਕ ਹੀ ਸੀਮਤ ਰਹਿੰਦੀ ਸੀ, ਜਦ ਕਿ ਅਕਾਲੀ ਦਲ ਨੇ ਅੰਗਰੇਜਾਂ ਵਿਰੁੱਧ ਲੜਾਈਆਂ ਲੜ ਲੜ ਕੇ ਆਪਣੀ ਸਿਆਸੀ ਪੈਂਠ ਬਣਾਈ। ਅਜਾਦੀ ਉਪਰੰਤ ਵੀ ਜਦ ਤੱਕ ਜ: ਮੋਹਣ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਰਹੇ ਉਹਨਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਲਈ ਤਾਂ ਵਰਤਿਆ, ਪਰ ਉਸਨੂੰ ਸੱਤ੍ਹਾ ਹਾਸਲ ਕਰਨ ਲਈ ਮੁਕੰਮਲ ਮੋਹਰਾ ਨਾ ਬਣਾਇਆ।
ਜਦ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਹੱਥ ਆ ਗਈ ਤਾਂ ਉਹਨਾਂ ਸਭ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਹੱਥ ਵਿੱਚ ਕੀਤਾ, ਤਾਂ ਜੋ ਗੁਰਦੁਆਰਿਆਂ ਦੇ ਨਾਲ ਨਾਲ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਆਪਣੇ ਹਿਤਾਂ ਲਈ ਵਰਤਿਆ ਜਾ ਸਕੇ। ਸੱਤਾ ਹਾਸਲ ਕਰਨ ਲਈ ਜਰੂਰੀ ਹੁੰਦਾ ਹੈ ਕਿ ਆਪਣੇ ਵਿਰੋਧੀਆਂ ਨੂੰ ਲਾਂਭੇ ਕਰਨਾ, ਚਾਹੇ ਉਹ ਕਿਸੇ ਲਾਲਚ ਨਾਲ ਕੀਤਾ ਜਾਵੇ ਤਾਂ ਆਪਣੀ ਰਾਜਨੀਤਕ ਤਾਕਤ ਨਾਲ, ਇਹ ਤੌਰ ਤਰੀਕਾ ਮੁਗਲਾਂ ਦੇ।ਸਮੇਂ ਤੋਂ ਹੀ ਚਲਦਾ ਆ ਰਿਹਾ ਹੈ। ਇਸੇ ਨੂੰ ਅਪਣਾਉਂਦਿਆਂ ਸ੍ਰ: ਬਾਦਲ ਨੇ ਸਿਆਸੀ ਕੂਟਨੀਤੀ ਅਪਣਾ ਕੇ ਸਾਜਿਸਾਂ ਰਚੀਆਂ। ਜੇਕਰ ਉਹ ਕਿਸੇ ਤੋਂ ਸਿਆਸੀ ਖਤਰਾ ਮਹਿਸੂਸ ਕਰਦੇ ਸਨ ਤਾਂ ਉਹ ਜ: ਗੁਰਚਰਨ ਸਿੰਘ ਟੌਹੜਾ ਸਨ, ਪਰ ਸ੍ਰ: ਬਾਦਲ ਨੇ ਆਪਣੀ ਸੱਤ੍ਹਾ ਭੋਗਣ ਲਈ ਸ੍ਰ: ਟੌਹੜਾ ਨੂੰ ਢਾਈ ਦਹਾਕਿਆਂ ਤੋਂ ਵੱਧ ਸਮਾਂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਬਣਾਈ ਰੱਖਿਆ। ਇਸਤੋਂ ਇਲਾਵਾ ਉਹਨਾਂ ਜ: ਮੋਹਣ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਆਦਿ ਨੂੰ ਇੱਕ ਇੱਕ ਕਰਕੇ ਰਸਤੇ ਤੋਂ ਪਾਸੇ ਕੀਤਾ। ਇੱਥੇ ਹੀ ਬੱਸ ਨਹੀਂ ਜੇਕਰ ਜ: ਟੌਹੜਾ ਨੂੰ ਸ੍ਰੋਮਣੀ ਕਮੇਟੀ ਸੰਭਾਲ ਕੇ ਸੱਤ੍ਹਾ ਦੇ ਰਸਤੇ ਤੋਂ ਦੂਰ ਰੱਖਿਆ ਤਾਂ ਸ੍ਰ: ਸੁਖਦੇਵ ਸਿੰਘ ਢੀਂਡਸਾ ਨੂੰ ਲੋਕਾਂ ਦਾ ਆਗੂ ਬਣਨ ਤੋਂ ਰੋਕਣ ਲਈ ਰਾਜ ਸਭਾ ਵਿੱਚ ਹੀ ਭੇਜਿਆ ਜਾਂਦਾ ਰਿਹਾ। ਉਹਨਾਂ ਅਜਿਹੀਆਂ ਚਾਲਾਂ ਚੱਲੀਆਂ ਕਿ ਜ: ਟੌਹੜਾ ਦੇ ਖਾਸਮਖਾਸ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕੁਰਸੀ ਦੇ ਲਾਲਚ ਨਾਲ ਉਹਨਾਂ ਤੋਂ ਦੂਰ ਕਰ ਦਿੱਤਾ। ਇਹਨਾਂ ਦੀਆਂ ਅਜਿਹੀਆਂ ਸਾਜਿਸਾਂ ਸਦਕਾ ਜ: ਕੁਲਦੀਪ ਸਿੰਘ ਵਡਾਲਾ ਦਾ ਪਰਿਵਾਰ ਸਿਆਸਤ ਵਿੱਚ ਲੱਭਿਆਂ ਵੀ ਨਹੀਂ ਮਿਲਦਾ, ਲੋਹਪੁਰਸ਼ ਮੰਨੇ ਜਾਂਦੇ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਰਾਇਕੋਟ ਤੱਕ ਸੀਮਤ ਕਰ ਦਿੱਤਾ, ਮੋਹਨ ਸਿੰਘ ਤੁੜ ਵਰਗੇ ਦਲੇਰ ਆਗੂ ਦਾ ਪਰਿਵਾਰ ਫਰੰਟ ਤੋਂ ਬੈਕ ਤੇ ਭੇਜ ਦਿੱਤਾ, ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਨੂੰ ਵਿਧਾਇਕੀ ਤੱਕ ਸੀਮਤ ਕਰ ਦਿੱਤਾ, ਜ: ਰਣਜੀਤ ਸਿੰਘ ਬ੍ਰਹਮਪਰਾ ਤੇ ਰਤਨ ਸਿੰਘ ਅਜਨਾਲਾ ਵਰਗਿਆਂ ਨੂੰ ਹਰੀ ਕੇ ਪੱਤਣ ਤੋਂ ਪਾਰਲੇ ਪਾਸੇ ਹੀ ਰੁਕਣ ਲਈ ਮਜਬੂਰ ਕਰ ਦਿੱਤਾ।
ਜੇਕਰ ਮਾਲਵੇ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸ੍ਰ: ਬਾਦਲ ਨੇ ਜਾਂ ਤਾਂ ਆਗੂਆਂ ਨੂੰ ਆਪਣੇ ਥੱਲੇ ਲੱਗਣ ਲਈ ਮਜਬੂਰ ਕਰ ਦਿੱਤਾ ਜਾਂ ਫਿਰ ਪਾਰਟੀ ਤੋਂ ਬਾਹਰ ਦਾ ਰਸਤਾ ਅਖਤਿਆਰ ਕਰਵਾ ਦਿੱਤਾ। ਇਸਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਦੇ ਸਿਰਕੱਢ ਆਗੂ ਪੰਜਾਬ ਦੀ ਆਵਾਜ਼ ਵਜੋਂ ਜਾਣੇ ਜਾਂਦੇ ਸ੍ਰ: ਜਗਮੀਤ ਸਿੰਘ ਬਰਾੜ ਹਨ, ਜਿਹਨਾਂ ਆਪਣੇ ਪਿਤਾ ਸ੍ਰ: ਗੁਰਮੀਤ ਸਿੰਘ ਬਰਾੜ ਦੀ ਸਿਆਸੀ ਕਾਰਨਾਂ ਸਦਕਾ ਹੋਈ ਮੌਤ ਸਬੰਧੀ ਸ੍ਰ: ਬਾਦਲ ਨੂੰ ਜੁਮੇਵਾਰ ਠਹਿਰਾਉਂਦਿਆਂ ਦਹਾਕਿਆਂ ਤੱਕ ਸਿਆਸਤ ਕੀਤੀ, ਆਖ਼ਰ ਉਹ ਸ੍ਰ: ਬਾਦਲ ਦੀ ਅਗਵਾਈ ਕਬੂਲਣ ਲਈ ਮਜਬੂਰ ਹੋ ਗਿਆ। ਇਸਤੋਂ ਇਲਾਵਾ ਜ: ਗੁਰਮੀਤ ਸਿੰਘ ਖੁੱਡੀਆਂ, ਹਰਨਿਰਪਾਲ ਸਿੰਘ ਕੁੱਕੂ ਵਰਗੇ ਉ¤ਭਰਦੇ ਨੇਤਾਵਾਂ ਨੂੰ ਪਾਰਟੀ ਤੋਂ ਕਿਨਾਰਾ ਕਰਨਾ ਪਿਆ। ਹੁਣ ਸ੍ਰ: ਪ੍ਰਕਾਸ ਸਿੰਘ ਬਾਦਲ ਜਦ ਆਪਣੇ ਜੀਵਨ ਦੇ ਅਖ਼ੀਰ ਵਿੱਚ ਪਹੁੰਚ ਗਏ ਹਨ ਤਾਂ ਉਹਨਾਂ ਸਾਰੇ ਟਕਸਾਲੀ ਆਗੂਆਂ ਜਾਂ ਉਭਰਦੇ ਆਗੂਆਂ ਨੂੰ ਲਾਂਭੇ ਕਰਦਿਆਂ ਅਕਾਲੀ ਦਲ ਦੀ ਵਾਂਗਡੋਰ ਆਪਣੇ ਫਰਜੰਦ ਸੁਖਬੀਰ ਸਿੰਘ ਬਾਦਲ ਦੇ ਹਵਾਲੇ ਕਰ ਦਿੱਤੀ। ਇੱਥੇ ਹੀ ਬੱਸ ਨਹੀਂ ਉਹਨਾਂ ਨੂੰ ਆਪਣੇ ਰਾਜਕਾਲ ਦੌਰਾਨ ਉਪ ਮੁੱਖ ਮੰਤਰੀ ਬਣਾ ਕੇ ਜਿੱਥੇ ਸਰਕਾਰ ਚਲਾਉਣ ਦੀ ਟਰੇਨਿੰਗ ਦਿੱਤੀ, ਉ¤ਥੇ ਦੂਜੇ ਨੇਤਾਵਾਂ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਜਦ ਵੀ ਅਕਾਲੀ ਸਰਕਾਰ ਬਣੇਗੀ ਤਾਂ ਮੁੱਖ ਮੰਤਰੀ ਸੁਖਬੀਰ ਬਾਦਲ ਹੀ ਹੋਵੇਗਾ। ਇਸਤੋਂ ਇਲਾਵਾ ਪਰਿਵਾਰ ਨੂੰ ਸੱਤ੍ਹਾ ਦਾ ਕੇਂਦਰ ਬਣਾਉਣ ਲਈ ਉਹਨਾਂ ਆਪਣੀ ਨੂੰਹ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਮੰਤਰੀ ਬਣਵਾਇਆ ਅਤੇ ਨੂੰਹ ਦੇ ਭਰਾ ਨੂੰ ਪੰਜਾਬ ਕੈਬਨਿਟ ਵਿੱਚ ਮੰਤਰੀ ਬਣਾ ਕੇ ਮਾਝੇ ਦੇ ਟਕਸਾਲੀ ਅਕਾਲੀਆਂ ਦੇ ਮੁਕਾਬਲੇ ਨਵਾਂ ਕੇਂਦਰ ਸਥਾਪਤਕੀਤਾ।
ਸੁਖਬੀਰ ਬਾਦਲ ਨੇ ਪ੍ਰਧਾਨ ਬਣਨ ਉਪਰੰਤ ਆਪਣੇ ਸੀਨੀਅਰ ਅਕਾਲੀ ਆਗੂਆਂ ਦਾ ਖਤਰਾ ਘਟਾਉਣ ਲਈ ਉਹਨਾਂ ਨੂੰ ਅੱਖੋਂ ਪਰੋਖੇ ਕਰਦਿਆਂ ਨਵੇਂ ਆਗੂ ਪੈਦਾ ਕਰਨ ਦਾ ਰਾਹ ਅਪਣਾਇਆ, ਜਿਹਨਾਂ ਨੂੰ ਵਪਾਰਕ ਜਾਂ ਹੋਰ ਮਾਲੀ ਲਾਭ ਦੇ ਕੇ ਅਜਿਹੇ ਗੂੰਗੇ ਬੋਲੇ ਬਣਾ ਦਿੱਤਾ ਕਿ ਉਹ ਸਿਰਫ ਦੇਖਣ ਤੱਕ ਹੀ ਸੀਮਤ ਰਹਿ ਗਏ। ਇਸ ਸਦਕਾ ਅਕਾਲੀ ਦਲ ਦਾ ਜਮਹੂਰੀ ਢਾਂਚਾ ਤਹਿਸ ਨਹਿਸ ਕਰ ਦਿੱਤਾ ਗਿਆ, ਪ੍ਰਧਾਨ ਦੀ ਚੋਣ ਲਈ ਜੋ ਸਰਕਲਾਂ ਜਿਲ੍ਹਿਆਂ ਰਾਜ ਪੱਧਰ ਦੇ ਡੈਲੀਗੇਟ ਬਣਾ ਕੇ ਚੋਣ ਕੀਤੀ ਜਾਂਦੀ ਸੀ, ਉਸਦੀ ਬਜਾਏ ਘਰ ਬੈਠਿਆਂ ਹੀ ਆਪਣੇ ਕੌਲੀ ਚੱਟਾਂ ਨੂੰ ਡੈਲੀਗੇਟ ਬਣਨ ਦਾ ਐਲਾਨ ਕਰਕੇ ਆਪਣੀ ਪ੍ਰਧਾਨ ਵਜੋਂ ਨਿਯੁਕਤੀ ਦਾ ਰਾਹ ਪੱਧਰਾ ਕਰ ਲਿਆ ਗਿਆ।
ਅਕਾਲੀ ਦਲ ਵਿੱਚ ਆਈ ਇਸ ਗਿਰਾਵਟ ਨੂੰ ਬਰਦਾਸਤ ਨਾ ਕਰਦਿਆਂ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਝੇ ਦੇ ਜਰਨੈਲਾਂ ਵਜੋਂ ਜਾਣੇ ਜਾਂਦੇ ਟਕਸਾਲੀ ਅਕਾਲੀ ਨੇਤਾਵਾਂ ਜ: ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਆਦਿ ਨੇ ਵੱਖਰਾ ਟਕਸਾਲੀ ਅਕਾਲੀ ਦਲ ਕਾਇਮ ਕੀਤਾ। ਉਹਨਾਂ ਆਪਣੇ ਅਸਰ ਰਸੂਖ ਦਾ ਮਾਲਵੇ ਵਿੱਚ ਚੰਗਾ ਪ੍ਰਦਰਸਨ ਕੀਤਾ ਅਤੇ ਸਹੀ ਮੁੱਦਿਆਂ ਨੂੰ ਉਭਾਰਿਆ, ਪਰ ਉਹਨਾਂ ਨੂੰ ਬਹੁਤੀ ਸਫ਼ਲਤਾ ਨਾ ਮਿਲੀ, ਕਿਉਕਿ ਉਹ ਇੱਕ ਖਿੱਤੇ ਤੱਕ ਹੀ ਸਿਮਟ ਕੇ ਰਹਿ ਗਏ ਸਨ, ਦੁਆਬੇ ਅਤੇ ਮਾਲਵੇ ਵਿੱਚ ਉਹ ਆਪਣਾ ਬਹੁਤਾ ਅਸਰ ਨਾ ਦਿਖਾ ਸਕੇ।
ਬੀਤੇ 14 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਨੇ ਸੌਵੇਂ ਸਾਲ ਵਿੱਚ ਪ੍ਰਵੇਸ ਕਰਨਾ ਸੀ, ਇਸੇ ਦਿਨ ਹੀ ਅਕਾਲੀ ਦਲ ਨੇ ਆਪਣਾ ਪ੍ਰਧਾਨ ਚੁਣਨ ਲਈ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮ੍ਰਿਤਸਰ ਵਿੱਚ ਇਕੱਠ ਬੁਲਾ ਲਿਆ। ਪ੍ਰਧਾਨ ਚੁਣਨ ਲਈ ਡੈਲੀਗੇਟ ਬਣਾਉਣ ਲਈ ਜੋ ਦਹਾਕਿਆਂ ਪਹਿਲਾਂ ਜਮਹੂਰੀ ਤਰੀਕਾ ਅਪਣਾਇਆ ਜਾਂਦਾ ਸੀ, ਉਹ ਨਹੀਂ ਵਰਤਿਆ ਗਿਆ ਜਿਸਤੋਂ ਪਹਿਲਾਂ ਹੀ ਸਪਸਟ ਹੋ ਗਿਆ ਸੀ ਕਿ ਇਕੱਠ ਜਾਂ ਚੋਣ ਤਾਂ ਐਵੇਂ ਲੋਕਾਂ ਦੀਆਂ ਅੱਖਾ ਵਿੱਚ ਘੱਟਾ ਪਾਉਣ ਲਈ ਹੀ ਹੈ। ਉ¤ਥੇ ਸ੍ਰ: ਸੁਖਬੀਰ ਸਿੰਘ ਬਾਦਲ ਦਾ ਨਾਂ ਬੋਲ ਦੇਣਾ ਹੈ ਅਤੇ ਸਾਹਮਣੇ ਬੈਠਿਆਂ ਨੇ ਹੱਥ ਖੜੇ ਕਰ ਦੇਣੇ ਹਨ। ਹੋਇਆ ਵੀ ਇੰਜ ਹੀ ਸ੍ਰ: ਸੁਖਬੀਰ ਸਿੰਘ ਬਾਦਲ ਮੁੜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ।
ਦੂਜੇ ਪਾਸੇ ਬਾਦਲ ਦਲ ਦਾ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗਲਬਾ ਹਟਾ ਕੇ ਦੋਵਾਂ ਨੂੰ ਆਜ਼ਾਦ ਕਰਾਉਣ ਲਈ ਅਮ੍ਰਿਤਸਰ ਦੇ ਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ’ਚ ਇੱਕ ਇਕੱਠ ਕੀਤਾ ਗਿਆ, ਕਿਉਂਕਿ ਉਹ ਸਮਝ ਰਹੇ ਹਨ ਕਿ ਅਕਾਲੀ ਦਲ ਜੋ ਕਦੇ ਸੂਰਬੀਰਾਂ ਯੋਧਿਆਂ ਬੇਦਾਗ ਬੇਲਾਗ ਸੰਘਰਸਸ਼ੀਲ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਵਾਲਾ ਦਲ ਸੀ, ਹੁਣ ਉਸਤੇ ਉਂਗਲਾਂ ਉੱਠ ਰਹੀਆਂ ਹਨ, ਉਸ ਵਿੱਚ ਅਪਰਾਧੀ ਕਿਸਮ ਦੇ ਲੋਕ ਸਾਮਲ ਹੋ ਗਏ ਹਨ, ਜਿਹਨਾਂ ਤੇ ਸਮਗ¦ਿਗ, ਲੁੱਟਮਾਰ ਤੇ ਜਮੀਨਾਂ ਤੇ ਕਬਜੇ ਕਰਨ ਵਰਗੇ ਦੋਸ ਲੱਗੇ ਹੋਏ ਹਨ, ਉਹ ਇਸ ਪਾਰਟੀ ਵਿੱਚ ਸਮਾਲ ਹੋ ਚੁੱਕੇ ਹਨ, ਜੋ ਅਕਾਲੀ ਦਲ ਦੀਆਂ ਸਿਧਾਂਤਾਂ ਦੇ ਬਿਲਕੁਲ ਉਲਟ ਵਰਤਾਰਾ ਹੈ। ਭਾਵੇਂ ਕਿ ਇਸ ਇਕੱਠ ਕਰਨ ਦੀ ਸੁਰੂਆਤ ਟਕਸਾਲੀ ਅਕਾਲੀ ਦਲ ਨੇ ਕੀਤੀ ਸੀ, ਪਰ ਇਸਦੀ ਵਿਸ਼ੇਸਤਾ ਇਹ ਰਹੀ ਕਿ ਮਾਲਵੇ ਦੇ ਸਿਰਕੱਢ ਅਕਾਲੀ ਆਗੂ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਇਸ ਇਕੱਠ ਵਿੱਚ ਸਿਰਕਤ ਕੀਤੀ। ਇਸ ਨਾਲ ਮਾਝੇ ਦੇ ਆਗੂਆਂ ਨਾਲ ਮਾਲਵੇ ਦੇ ਟਕਸਾਲੀ ਤੇ ਉੱਘੇ ਨੇਤਾ ਦੇ ਸਾਮਲ ਹੋਣ ਸਦਕਾ ਵੱਡੀ ਸ਼ਕਤੀ ਬਣ ਗਈ। ਇੱਥੇ ਹੀ ਬੱਸ ਨਹੀਂ ਸ੍ਰ: ਰਵੀਇੰਦਰ ਸਿੰਘ, ਜਿਹਨਾਂ ਦੇ ਤਾਇਆ ਜੀ ਸ੍ਰ: ਬਲਦੇਵ ਸਿੰਘ ਭਾਰਤ ਦੇ ਪਹਿਲੇ ਖਜ਼ਾਨਾ ਮੰਤਰੀ ਦੀ ਸਿਫਾਰਸ ਤੇ ਹੀ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਸਿਆਸਤ ਵਿੱਚ ਪ੍ਰਵੇਸ ਕਰਵਾਇਆ ਸੀ ਅਤੇ ਸ੍ਰ: ਬਾਦਲ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾਉਣ ਵਿੱਚ ਉਹਨਾਂ ਦੀ ਵੱਡੀ ਦੇਣ ਸੀ, ਉਹ ਵੀ ਇਸ ਇਕੱਠ ਵਿੱਚ ਸਾਮਲ ਸਨ। ਇਸ ਤੋਂ ਇਲਾਵਾ ਦਿੱਲੀ ਦੇ ਉ¤ਚਕੋਟੀ ਦੇ ਸਿੱਖ ਨੇਤਾ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਤੋਂ ਇਲਾਵਾ ਬਲਵੰਤ ਸਿੰਘ ਰਾਮੂਵਾਲੀਆ, ਸੁਖਦੇਵ ਸਿੰਘ ਭੌਰ ਵਰਗਿਆ ਨੇ ਵੀ ਸਮੂਲੀਅਤ ਕਰਕੇ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ। ਇਸ ਇਕੱਠ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਪਣੀਆਂ ਰਿਵਾਇਤਾਂ ਤੋਂ ਦੂਰ ਚਲਾ ਗਿਆ ਹੈ ਅਤੇ ਇਸਤੇ ਇੱਕ ਪਰਿਵਾਰ ਦਾ ਮੁਕੰਮਲ ਕਬਜਾ ਹੋ ਚੁੱਕਾ ਹੈ। ਇਸੇ ਤਰ੍ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਉਸੇ ਪਰਿਵਾਰ ਦਾ ਕਬਜਾ ਹੈ ਅਤੇ ਭ੍ਰਿਸਟਾਚਾਰ ਦਾ ਬੋਲਬਾਲਾ ਹੋ ਚੁੱਕਾ ਹੈ। ਇਕੱਠ ਨੇ ਮੰਨਿਆ ਕਿ ਜਿਵੇ ਦਹਾਕਿਆਂ ਪਹਿਲਾਂ ਮਹੰਤਾਂ ਤੋਂ ਗੁਰੂਦੁਆਰਿਆਂ ਦਾ ਕਬਜਾ ਛੁਡਾ ਕੇ ਪ੍ਰਬੰਧ ਪੰਥ ਦੇ ਹਵਾਲੇ ਕੀਤਾ ਗਿਆ ਸੀ, ਹੁਣ ਵੀ ਉਸੇ ਤਰ੍ਹਾਂ ਕਬਜਾ ਛੁਡਵਾਉਣ ਦਾ ਸਮਾਂ ਆ ਗਿਆ ਹੈ। ਇਕੱਠ ਨੇ ਸ੍ਰੋਮਣੀ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਲਈ ਇੱਕ ਸਾਲ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਥੇਬੰਦ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਪੰਥਕ ਸੋਚ ਵਾਲੇ ਲੋਕਾਂ ਨੂੰ ਇਸ ਜੱਦੋਜਹਿਦ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਹੈ। ਪਿਛਲੀ ਸ੍ਰ: ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੌਰਾਨ ਬਹਿਬਲ ਤੇ ਬਰਗਾੜੀ ਕਾਂਡ ਵਾਪਰਨ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਟਾਲਾ ਵੱਟਣ, ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਿਨ੍ਹਾਂ ਮੰਗਿਆਂ ਮਾਫੀ ਦੇਣ, ਗੁਰਦੁਆਰਿਆਂ ਦੇ ਧਨ ਦੀ ਦੁਰਵਰਤੋਂ ਕਰਨ ਆਦਿ ਦੇ ਮੁੱਦੇ ਇਸ ਇਕੱਠ ਵਿੱਚ ਛਾਏ ਰਹੇ। ਇੱਥੇ ਹੀ ਬੱਸ ਨਹੀਂ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਵੱਖਰੀ ਪੰਥਕ ਲਹਿਰ ਵੀ ਸੁਰੂ ਕੀਤੀ ਹੋਈ ਹੈ। ਬੀਤੇ ਦਿਨੀਂ ਹੋਏ ਇਸ ਇਕੱਠ ਨੂੰ ਜੇਕਰ ਅਕਾਲੀ ਰਾਜਨੀਤੀ ਦੇ ਤੌਰ ਤੇ ਦੇਖਿਆ ਜਾਵੇ ਤਾਂ ਜਿੱਥੇ ਇਹ ਆਪਣੇ ਆਪ ਵਿੱਚ ਸਫ਼ਲ ਹੈ, ਉ¤ਥੇ ਸੁਖਬੀਰ ਬਾਦਲ ਦੇ ਭਵਿੱਖ ਤੇ ਸਵਾਲੀਆ ਨਿਸਾਨ ਲਾਉਂਦਾ ਹੈ। ਕਿਉਂਕਿ ਸ੍ਰ: ਸੁਖਬੀਰ ਸਿੰਘ ਆਪਣੇ ਪਿਤਾ ਵਰਗੀ ਰਾਜਨੀਤਕ ਸਮਝ ਅਤੇ ਸਿਆਸੀ ਕੂਟਨੀਤੀਆਂ ਵੱਲੋਂ ਕੋਰਾ ਹੀ ਦਿਖਾਈ ਦਿੰਦਾ ਹੈ, ਕੇਵਲ ਸਿਆਸੀ ਧੱਕੇਸ਼ਾਹੀਆਂ ਬਹੁਤ ਚਿਰ ਨਹੀਂ ਚੱਲ ਸਕਦੀਆਂ। ਆਉਣ ਵਾਲੇ ਸਮੇਂ ਅਕਾਲੀ ਦਲ ਦੀ ਸਥਿਤੀ ਕੀ ਹੋਵੇਗੀ ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਪਰ ਸੁਖਬੀਰ ਬਾਦਲ ਲਈ ਅਗਲਾ ਸਮਾਂ ਸੌਖ ਵਾਲਾ ਦਿਖਾਈ ਨਹੀਂ ਦਿੰਦਾ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate