ਮੁਜ਼ਾਹਰਿਆਂ ਤੋਂ ਦਬੀ ਦਿੱਲੀ ਪੁਲਿਸ ਨੇ ਰਿਹਾਅ ਕੀਤੇ ਸਾਰੇ ਵਿਦਿਆਰਥੀ

1042

ਮੋਦੀ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਦੇ ਜਿਹੜੇ ਵਿਦਿਆਰਥੀਆਂ ਨੂੰ ਕੱਲ੍ਹ ਐਤਵਾਰ ਨੂੰ ਪੁਲਿਸ ਨਾਲ ਤਿੱਖੀਆਂ ਝੜਪਾਂ ਤੋਂ ਬਾਅਦ ਹਿਰਾਸਤ ’ਚ ਲੈ ਲਿਆ ਗਿਆ ਸੀ, ਉਨ੍ਹਾਂ ਨੂੰ 6 ਘੰਟੇ ਹਿਰਾਸਤ ’ਚ ਰੱਖਣ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਮਵਾਰ ਤੜਕੇ ਰਿਹਾਅ ਕਰ ਦਿੱਤੇ ਜਾਣ ਦੀਆਂ ਖ਼ਬਰਾਂ ਹਨ । ਨਵੇਂ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਦੀ ਜਾਮੀਆ ਮਿਲੀਆ ਇਸਲਾਮੀਆ ਨੇੜੇ ਨਿਊ ਫ਼ਰੈਂਡਜ਼ ਕਾਲੋਨੀ ’ਚ ਪੁਲਿਸ ਨਾਲ ਝੜਪ ਹੋ ਗਈ ਸੀ ਤੇ ਪ੍ਰਦਰਸ਼ਨਕਾਰੀਆਂ ਨੇ ਡੀਟੀਸੀ ਦੀਆਂ ਚਾਰ ਬੱਸਾਂ ਤੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ। ਇਸ ਝੜਪ ’ਚ ਵਿਦਿਆਰਥੀਆਂ, ਪੁਲਿਸ ਅਧਿਕਾਰੀਆਂ ਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਣੇ 60 ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਇਹ ਹੰਗਾਮਾ ਹੋਇਆ। ਦਰਅਸਲ, ਪੁਲਿਸ ਕੱਲ੍ਹ ਯੂਨੀਵਰਸਿਟੀ ’ਚ ਦਾਖ਼ਲ ਹੋਈ ਤੇ ਉਸ ਤੋਂ ਬਾਅਦ ਕਥਿਤ ਤੌਰ ਉੱਤੇ ਹਿੰਸਾ ’ਚ ਸ਼ਾਮਲ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਵਿਦਿਆਰਥੀਆਂ ਨਾਲ ਝੜਪਾਂ ਤੋਂ ਬਾਅਦ ਪੁਲਿਸ ਨੇ ਯੂਨੀਵਰਸਿਟੀ ਕੈਂਪਸ ਅੰਦਰ ਦਾਖ਼ਲ ਹੋ ਕੇ ਕਈ ਵਿਦਿਆਰਥੀਆਂ ਨੂੰ ਹਿਰਾਸਤ ’ਚ ਲਿਆ।ਵਿਦਿਆਰਥੀਆਂ ’ਤੇ ਹੋਈ ਪੁਲਿਸ ਦੀ ਕਾਰਵਾਈ ਦੇ ਵਿਰੋਧ ’ਚ ਸੈਂਕੜੇ ਵਿਦਿਆਰਥੀ ਦਿੱਲੀ ਪੁਲਿਸ ਹੈੱਡਕੁਆਰਟਰਜ਼ ਦੇ ਸਾਹਮਣੇ ਪ੍ਰਦਰਸ਼ਨ ਲਈ ਇਕੱਠੇ ਹੋ ਗਏ ਸਨ। ਵਿਦਿਆਰਥੀਆਂ ਨੂੰ ਹਿਰਾਸਤ ’ਚ ਲਏ ਜਾਣ ਦੇ ਵਿਰੋਧ ’ਚ ਜਾਮੀਆ ਦੇ ਵਿਦਿਆਰਥੀਆਂ ਨੇ ਪੁਲਿਸ ਹੈੱਡਕੁਆਰਟਰਜ਼ ਦੇ ਸਾਹਮਣੇ ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ।

Real Estate