ਰਾਤ ਸਮੇਂ ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲੀਸ ਸਹਾਇਤਾ ਮਿਲੇਗੀ :- ਹਿਨਾ ਗੁਪਤਾ

956

ਸ੍ਰੀ ਮੁਕਤਸਰ ਸਾਹਿਬ, 11 ਦਸੰਬਰ ( ਕੁਲਦੀਪ ਸਿੰਘ ਘੁਮਾਣ )
ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲੀਸ ਸਹਾਇਤਾ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ਤੋਂ ਬਾਅਦ ਜ਼ਿਲਾ ਪੁਲਿਸ ਮੁੱਖੀ ਸ: ਰਾਜਬਚਨ ਸਿੰਘ ਸੰਧੂ ਦੀ ਅਗਵਾਈ ਵਿਚ ਜ਼ਿਲਾ ਪੁਲਿਸ ਨੇ ਤੁਰੰਤ ਇਹ ਸਹੁਲਤ ਸ਼ੁਰੂ ਕਰ ਦਿੱਤੀ ਹੈ।ਔਰਤਾਂ ਦੀ ਸੁਰੱਖਿਆ ਸਬੰਧੀ ਨੋਡਲ ਅਫ਼ਸਰ ਅਤੇ ਡੀਐਸਪੀ ਐਚ ਹਿਨਾ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਇਹ ਸਹੂਲਤ 112 ਅਤੇ 181 ਨੰਬਰ ’ਤੇ ਮੌਜੂਦ ਹੋਵੇਗੀ ਜਿਨਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲੀਸ ਕੰਟਰੋਲ ਰੂਮ (ਪੀ।ਸੀ।ਆਰ।) ਨਾਲ ਜੁੜ ਜਾਵੇਗੀ। ਉਨਾਂ ਦੱਸਿਆ ਕਿ ਘਰ ਤੱਕ ਛੱਡਣ ਦੀ ਸੁਵਿਧਾ ਉਨਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨਾਂ ਦੀ ਟੈਕਸੀ ਜਾਂ ਥ੍ਰੀ-ਵੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਉਨਾਂ ਨੇ ਕਿਹਾ ਕਿ ਔਰਤ ਵਿੱਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਸਨ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲੀਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ। ਡੀਐਸਪੀ ਐਚ ਹਿਨਾ ਗੁਪਤਾ ਨੇ ਕਿਹਾ ਕਿ ਔਰਤਾਂ ਜਾਂ ਲੜਕੀਆਂ ਕਿਸੇ ਵੀ ਮੁਸਕਿਲ ਸਮੇਂ ਬੇਝਿਜਕ ਪੁਲਿਸ ਸਹਾਇਤ ਲੈਣ ਲਈ ਸੰਪਰਕ ਕਰ ਸਕਦੀਆਂ ਹਨ। ਉਨਾਂ ਨੇ ਕਿਹਾ ਕਿ ਪੁਲਿਸ ਔਰਤਾਂ ਦੀ ਸੁਰੱਖਿਆ ਲਈ ਪ੍ਰਤੀਬੱਧ ਹੈ। ਨਾਲ ਹੀ ਉਨਾਂ ਨੇ ਲੜਕੀਆਂ ਨੂੰ ਆਪਣੇ ਮੋਬਾਇਲ ਫੋਨ ਤੇ ਸ਼ਕਤੀ ਮੋਬਾਇਲ ਐਪ ਡਾਉਨਲੋਡ ਕਰਨ ਦੀ ਸਲਾਹ ਵੀ ਦਿੱਤੀ ਕਿਉਂਕਿ ਇਸ ਐਪ ਰਾਹੀਂ ਕਿਸੇ ਵੀ ਮੁਸੀਬਤ ਸਮੇਂ ਬਹੁਤ ਹੀ ਅਸਾਨੀ ਨਾਲ ਉਹ ਪੁਲਿਸ ਸਹਾਇਤਾ ਲੈ ਸਕਦੀਆਂ ਹਨ ਅਤੇ ਉਨਾਂ ਦੇ ਮੋਬਾਇਲ ਦੀ ਲੋਕੇਸ਼ਨ ਤੇ ਪੁਲਿਸ ਤੁਰੰਤ ਸਹਾਇਤਾ ਲਈ ਪੁੱਜਦੀ ਹੈ।

Real Estate