ਨਾਗਰਿਕਤਾ ਸੋਧ ਬਿਲ ਦਾ ਵਿਰੋਧ ਜਾਰੀ

703

ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਾਗਰਿਕਤਾ ਸੋਧ ਬਿਲ ਦਾ ਉੱਤਰ–ਪੂਰਬੀ ਭਾਰਤ ਦੇ ਸੂਬਿਆਂ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਆਮ ਜਨਤਾ ’ਚ ਬਹੁਤ ਜ਼ਿਆਦਾ ਰੋਹ ਤੇ ਰੋਸ ਹੈ। ਲੋਕ ਸਭਾ ’ਚ ਬਿਲ ਪਾਸ ਹੋਣ ਤੋਂ ਨਾਰਾਜ਼ ਲੋਕ ਮੰਗਲਵਾਰ ਨੂੰ ਸੜਕਾਂ ਉੱਤੇ ਉੱਤਰੇ । ਆਸਾਮ ’ਚ 11 ਘੰਟੇ ਬੰਦ ਰਿਹਾ ਤੇ ਉਸ ਦੌਰਾਨ ਭਾਰੀ ਰੋਸ ਪ੍ਰਦਰਸ਼ਨ ਹੁੰਦੇ ਰਹੇ। ਕਈ ਥਾਈਂ ਅੱਗਾਂ ਲਾਈਆਂ ਗਈਆਂ। ਸੜਕਾਂ ਉੱਤੇ ਆਵਾਜਾਈ ਬਹੁਤ ਘੱਟ ਰਹੀ। ਦਿੱਲੀ ’ਚ ਵੀ ਜੰਤਰ–ਮੰਤਰ ਉੱਤੇ ਰੋਸ ਪ੍ਰਦਰਸ਼ਨ ਹੁੰਦੇ ਰਹੇ। ਉੱਧਰ ਮਨੀਪੁਰ ’ਚ ਵੀ 15 ਘੰਟਿਆਂ ਦਾ ਬੰਦ ਰਿਹਾ। ਵਿਦਿਆਰਥੀ ਯੂਨੀਅਨ ਨੇ ਇਸ ਬੰਦ ਦਾ ਸੱਦਾ ਦਿੱਤਾ ਸੀ। ਰਾਜ ਦੇ ਕਈ ਹਿੱਸਿਆਂ ’ਚ ਆਮ ਜਨਜੀਵਨ ਪ੍ਰਭਾਵਿਤ ਰਿਹਾ। ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਬਿਲ ਨਾਲ ਸਥਾਨਕ ਭਾਈਚਾਰਿਆਂ ਦੀ ਸ਼ਨਾਖ਼ਤ ਨੂੰ ਖ਼ਤਰਾ ਹੋਵੇਗਾ। ਮਿਜ਼ੋਰਮ ’ਚ 10 ਘੰਟਿਆਂ ਦੇ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਸਰਕਾਰੀ ਦਫ਼ਤਰ, ਬੈਂਕ, ਵਿਦਿਅਕ ਅਦਾਰੇ, ਦੁਕਾਨਾਂ ਤੇ ਬਾਜ਼ਾਰ ਬੰਦ ਰਹੇ। ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਛੱਡ ਕੇ ਹੋਰ ਕੋਈ ਵਾਹਨ ਸੜਕਾਂ ਉੱਤੇ ਵਿਖਾਈ ਨਹੀਂ ਦਿੱਤੇ।
ਨਾਗਰਿਕਤਾ ਸੋਧ ਬਿਲ ਵਿਰੁੱਧ ਕਾਂਗਰਸ ਨੇ ਅੱਜ ਦੇਸ਼–ਪੱਧਰੀ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਨਸ਼ਟ ਕਰਨ ਨਾਲ ਹਰੇਕ ਧਰਮ, ਜਾਤ ਤੇ ਸਭਿਆਚਾਰ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਸਾਡਾ ਫ਼ਰਜ਼ ਹੈ ਕਿ ਅਸੀਂ ਦੇਸ਼ ਦੇ ਸੰਵਿਧਾਨ ਨੂੰ ਨਸ਼ਟ ਕਰਨ ਵਾਲੇ ਰਾਸ਼ਟਰੀ ਸਵੈਮਸੇਵਕ ਸੰਘ ਦਾ ਵਿਧਾਨ ਲਾਗੂ ਨਾ ਕਰਨ ਦੇਈਏ। ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਕਾਂਗਰਸੀ ਕਾਰਕੁੰਨ ਦੇਸ਼ ਦੀ ਹਰੇਕ ਸੜਕ, ਸ਼ਹਿਰ, ਕਸਬੇ ਤੇ ਕਚਹਿਰੀ ਤੋਂ ਲੈ ਕੇ ਸੰਸਦ ਤੱਕ ਲੜਨ ਦਾ ਸੰਕਲਪ ਲੈਣ।

Real Estate